ਯਾਤਰਾ ਕਰਨ ’ਤੇ ਲਾਈ ਪਾਬੰਦੀ; ਹਥਿਆਰ ਖਰੀਦਣ ਤੇ ਵੇਚਣ ’ਤੇ ਵੀ ਰੋਕ
ਸੰਯੁਕਤ ਰਾਸ਼ਟਰ ਵੱਲੋਂ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਨੂੰ ‘ਆਲਮੀ ਦਹਿਸ਼ਤਗਰਦ’ ਐਲਾਨੇ ਜਾਣ ਮਗਰੋਂ ਪਾਕਿਸਤਾਨ ਨੇ ਉਸ ਦੇ ਅਸਾਸੇ ਜ਼ਬਤ ਕਰਨ ਅਤੇ ਯਾਤਰਾ ’ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਪਾਕਿਸਤਾਨ ਆਧਾਰਿਤ ਅਜ਼ਹਰ ’ਤੇ ਹਥਿਆਰ ਤੇ ਗੋਲੀ-ਸਿੱਕਾ ਖ਼ਰੀਦਣ ਅਤੇ ਵੇਚਣ ’ਤੇ ਵੀ ਪਾਬੰਦੀ ਲਾਗੂ ਹੈ।
ਪਾਕਿਸਤਾਨ ਦੇ ਸੁਰੱਖਿਆ ਅਤੇ ਐਕਸਚੇਂਜ ਕਮਿਸ਼ਨ ਨੇ ਸਾਰੇ ਗ਼ੈਰ ਬੈਂਕਿੰਗ ਵਿੱਤੀ ਅਦਾਰਿਆਂ ਅਤੇ ਨਿਯੰਤਰਣ ਰੱਖਣ ਵਾਲੀਆਂ ਅਥਾਰਟੀਆਂ ਨੂੰ ਹੁਕਮ ਦਿੱਤੇ ਹਨ ਕਿ ਅਜ਼ਹਰ ਦੇ ਸਾਰੇ ਨਿਵੇਸ਼ ਖ਼ਾਤਿਆਂ ਨੂੰ ਬਲਾਕ ਕਰ ਦਿੱਤਾ ਜਾਵੇ। ਕਮਿਸ਼ਨ ਨੇ ਸਾਰੀਆਂ ਕੰਪਨੀਆਂ ਨੂੰ ਆਪਣੇ ਡੇਟਾ ਸਕੈਨ ਕਰਕੇ ਤਿੰਨ ਦਿਨਾਂ ਦੇ ਅੰਦਰ ਅਜ਼ਹਰ ਦੇ ਖ਼ਾਤਿਆਂ ਖ਼ਿਲਾਫ਼ ਉਠਾਏ ਗਏ ਲੋੜੀਂਦੇ ਕਦਮਾਂ ਬਾਰੇ ਜਾਣਕਾਰੀ ਦੇਣ ਦੇ ਹੁਕਮ ਵੀ ਦਿੱਤੇ ਹਨ। ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਅਜ਼ਹਰ ਨੂੰ ਪਹਿਲਾਂ ਹੀ ਅਤਿਵਾਦ ਵਿਰੋਧੀ ਐਕਟ ਦੀ ਚੌਥੀ ਸੂਚੀ ’ਚ ਰੱਖਿਆ ਹੋਇਆ ਹੈ ਜਿਸ ਕਾਰਨ ਉਹ ਪੁਲੀਸ ਦੀ ਇਜਾਜ਼ਤ ਦੇ ਬਿਨਾਂ ਸਫ਼ਰ ਨਹੀਂ ਕਰ ਸਕਦਾ ਹੈ। ਐਕਟ ਕਾਰਨ ਉਹ ਉਹ ਕੋਈ ਹਥਿਆਰ ਵੀ ਆਪਣੇ ਕੋਲ ਨਹੀਂ ਰੱਖ ਸਕਦਾ ਹੈ। ਵਿਦੇਸ਼ ਦਫ਼ਤਰ ਦੇ ਤਰਜਮਾਨ ਮੁਹੰਮਦ ਫ਼ੈਸਲ ਮੁਤਾਬਕ ਪਾਕਿਸਤਾਨ ਇਸ ਮਾਮਲੇ ’ਚ ਕੌਮਾਂਤਰੀ ਭਾਈਚਾਰੇ ਨਾਲ ਪੂਰੀ ਤਰ੍ਹਾਂ ਨਾਲ ਸਹਿਯੋਗ ਕਰੇਗਾ।