ਸਕਾਚ ਸਿੱਖਿਆ ਕਲਾਸ ਅਤੇ ਖੂਬਸੂਰਤ ਸੈਰ ਸਪਾਟਾ !

(ਸਮਾਜ ਵੀਕਲੀ)

ਨਾਟਕ ਦੀਆਂ ਪੇਸ਼ਕਾਰੀਆਂ ਦਾ ਦੌਰ ਮੁਕੰਮਲ ਹੋ ਚੁੱਕਾ ਹੈ..ਤੇ ਤੁਸੀਂ ਸਕਾਟਲੈਂਡ ਆਏ ਹੋਵੋੰ ਤੇ ਸਕਾਚ ਬਾਰੇ ਜਾਣਕਾਰੀ ਹਾਸਲ ਨਾ ਕਰੋ, ਤਾਂ ਇਹ ਵਧੀਆ ਗੱਲ ਨਹੀਂ ! ਪਰਮਜੀਤ ਬਾਸੀ ਦੇ ਯਤਨਾਂ ਨਾਲ ਅਸੀਂ ਸਕਾਟਲੈਂਡ ਵਿਖੇ ਮੌਜੂਦ ਇਕ ਡਿਸਟਿਲਰੀ ‘ਚ ਗਏ.. ਗਲੇਨਗੋਇਨ ਡਿਸਟਿਲਰੀ ..ਜੌਆਂ ਤੋਂ ਸ਼ਰਾਬ ਕਿਵੇਂ ਤਿਆਰ ਹੁੰਦੀ ਹੈ.. ਸਾਰੀ ਜਾਣਕਾਰੀ ਹਾਸਲ ਕੀਤੀ .. ਏਦਾਂ ਲਗਾ ਜਿਵੇਂ ਇਕ ਅਧਿਆਪਕ ਸ਼ਰਾਬ ਦੀ ਸਿੱਖਿਆ ਦੇ ਰਿਹਾ ਹੈ..ਅਸੀਂ ਪੰਜਾਬੀ ਸ਼ਰਾਬ ਦੇ ਰੰਗ ਅਤੇ ਸੁਗੰਧ ਬਾਰੇ ਕਾਫ਼ੀ ਅਲੱਗ ਤਰ੍ਹਾਂ ਦਾ ਤਜਰਬਾ ਰੱਖਦੇ ਹਾਂ..ਰੰਗ ਵਾਸਤੇ ਕਈ ਕੁਝ ਵਿਚ ਪਾ ਦਿੰਦੇ ਹਾਂ ਤੇ ਸੁਗੰਧ ਵਾਸਤੇ ਲੌਂਗ, ਲੈਚੀਆਂ, ਸੌਂਫ ਤੇ ਪਤਾ ਨਹੀਂ ਕੀ ਕੁਝ..ਇੱਥੇ ਇਹ ਜਾਣਕਾਰੀ ਮਿਲੀ ਕਿ ਸੁਗੰਧ ਸਿਰਫ਼ ਉਨ੍ਹਾਂ ਪਿੱਤਲ ਦੇ ਭਾਂਡਿਆਂ ਕਰਕੇ ਹੈ, ਜਿਨ੍ਹਾਂ ਵਿੱਚ ਤਿਆਰ ਹੁੰਦੀ ਹੈ.. ਤੇ ਰੰਗ ਲੱਕੜ ਦੇ ਉਸ ਬੈਰਲ ਕਰਕੇ ਹੈ ਜਿਸ ਵਿੱਚ ਉਸ ਨੂੰ ਦਸ ਬਾਰਾਂ ਅਠਾਰਾਂ ਸਾਲ ਲਈ ਰੱਖਿਆ ਜਾਂਦਾ ਹੈ..ਬੈਰਲ ਵਿੱਚ ਇਕੱਤਰ ਕੀਤੀ ਪੰਜ ਸੌ ਲੀਟਰ ਸ਼ਰਾਬ ਜਦੋਂ ਦਸ ਸਾਲ ਲਈ ਰੱਖ ਦਿੱਤੀ ਜਾਂਦੀ ਹੈ ਤਾਂ ਜ਼ਰੂਰੀ ਨਹੀਂ ਪੰਜ ਸੌ ਲੀਟਰ ਹੀ ਨਿਕਲੇ, ਚਾਰ ਸੌ ਸਾਢੇ ਚਾਰ ਸੌ, ਸਾਢੇ ਤਿੰਨ ਸੌ ਲੀਟਰ ਵੀ ਨਿਕਲ ਸਕਦੀ ਹੈ,ਕਿਉਂਕਿ ਵਾਸ਼ਪ ਬਣ ਕੇ ਥੋੜ੍ਹੀ ਥੋੜ੍ਹੀ ਉੱਡਦੀ ਰਹਿੰਦੀ ਹੈ.. ਪਰ ਸਕਾਟਿਸ਼ ਲੋਕ ਕਹਿੰਦੇ ਨੇ ਕਿ ਇਹ ਦੇਵਤਿਆਂ ਦਾ ਹਿੱਸਾ ਹੈ..ਤੇ ਕਈ ਵਾਰ ਦੇਵਤੇ ਬਹੁਤਾ ਲਾਲਚ ਵੀ ਕਰ ਜਾਂਦੇ ਨੇ.. ਇਸ ਕਰਕੇ ਕਾਫ਼ੀ ਘਟ ਜਾਂਦੀ ਹੈ!


ਜਾਣਕਾਰੀ ਦੇਣ ਵਾਲੇ ਸਕਾਟਿਸ਼ ਸੱਜਣ ਨੇ ਦੱਸਿਆ ਕਿ ਸੰਨ 1833 ‘ਚ ਉਸ ਦੀ ਜੀਵਨ ਸਾਥਣ ਦੇ ਦਾਦੇ ਨੇ ਪਹਿਲੀ ਵਾਰ ਝਰਨੇ ਚੋਂ ਨਿਕਲਦੇ ਪਾਣੀ ਨਾਲ ਸਕਾਚ ਬਣਾਉਣੀ ਸ਼ੁਰੂ ਕੀਤੀ ਸੀ..ਇਹ ਸ਼ਰਾਬ ਜ਼ਨਾਨੀਆਂ ਦੀਆਂ ਲੰਬੀਆਂ ਸਕਰਟਾਂ ਦੇ ਹੇਠਾਂ ਮਸ਼ਕਾਂ ਵਿੱਚ ਛੁਪਾ ਕੇ ਇੱਧਰ ਉੱਧਰ ਵੇਚੀ ਜਾਂਦੀ ਸੀ..ਫਿਰ ਕੁਝ ਸਾਲਾਂ ਬਾਅਦ ਉਸ ਨੇ ਦਸ ਪੌਂਡ ਵਿਚ ਸ਼ਰਾਬ ਬਣਾਉਣ ਦਾ ਲਾਇਸੈਂਸ ਲਿਆ..ਤੇ ਹੁਣ ਇਹ ਇਕ ਸਥਾਪਤ ਡਿਸਟਿਲਰੀ ਹੈ. ਕਿਸੇ ਪੰਜਾਬੀ ਬੰਦੇ ਲਈ ਸ਼ਰਾਬ ਬਣਾਉਣ ਦੇ ਤਰੀਕੇ ਨੂੰ ਇਸ ਤਰ੍ਹਾਂ ਸਮਝਣਾ, ਜਿੱਥੇ ਹਰ ਚੀਜ਼ ਦਾ ਖਿਆਲ ਰੱਖਿਆ ਜਾਂਦਾ ਹੋਵੇ, ਅਲੌਕਿਕ ਹੈ..ਡਿਸਟਿਲਰੀ ਚ ਬਣਨ ਵਾਲੀ ਸ਼ਰਾਬ ਤੋਂ ਬਾਅਦ ਜੋ ਫਾਲਤੂ ਪਦਾਰਥ ਬਾਹਰ ਨਿਕਲਦਾ ਹੈ, ਜਿਸ ਨੂੰ ਲਾਹਣ ਵੀ ਕਹਿ ਸਕਦੇ ਹਾਂ, ਉਸ ਦਾ ਪ੍ਰਬੰਧ ਵੀ ਸੁਨਿਸਚਿਤ ਕੀਤਾ ਗਿਆ ਹੈ.. ਸ਼ਹਿਦ ਦੀਆਂ ਮੱਖੀਆਂ ਪਾਲੀਆਂ ਗਈਆਂ ਨੇ, ਜਿਹੜੀਆਂ ਉਸ ਪਾਣੀ ‘ਤੇ ਜਿਊਂਦੀਆਂ ਨੇ..ਉਹਨਾਂ ਮੱਖੀਆਂ ਰਾਹੀਂ ਇਹ ਟੈਸਟ ਹੁੰਦਾ ਹੈ ਕਿ ਜੇ ਉਹ ਮੱਖੀਆਂ ਸਹੀ ਸ਼ਹਿਦ ਪੈਦਾ ਕਰ ਰਹੀਆਂ ਹਨ ਤਾਂ ਇਸਦਾ ਮਤਲਬ ਕਿ ਡਿਸਟੀਲਰੀ ਵਾਤਾਵਰਣ ਨੂੰ ਖ਼ਰਾਬ ਨਹੀਂ ਕਰ ਰਹੀ..ਮੈਨੂੰ ਆਪਣਾ ਮੁਲਕ ਯਾਦ ਆਇਆ ਜਿੱਥੇ ਵੱਡੇ ਵੱਡੇ ਧਨਾਢ ਸ਼ਰਾਬ ਦੀਆਂ ਡਿਸਟਿਲਰੀਆਂ ਚੋਂ ਵਾਧੂ ਨਿਕਲਦਾ ਮਲ ਪਦਾਰਥ ਨਹਿਰਾਂ ਅਤੇ ਦਰਿਆਵਾਂ ਵਿੱਚ ਸੁੱਟ ਦਿੰਦੇ ਨੇ.. ਤੇ ਅਨੇਕਾਂ ਮੱਛੀਆਂ ਮਰ ਜਾਂਦੀਆਂ ਨੇ!


ਜਦੋਂ ਅਖੀਰ ਵਿਚ ਉਸ ਨੇ ਕਿਹਾ ਕਿ ਤੁਹਾਨੂੰ ਸਾਰਾ ਕੁਝ ਸਮਝਾ ਦਿੱਤਾ, ਹੁਣ ਸੇਵਨ ਕਰਨ ਦਾ ਸਮਾਂ ਹੈ.. ਤਾਂ ਉਸ ਨੇ ਇਕ ਮਹੱਤਵਪੂਰਨ ਤੇ ਪਿਆਰੀ ਗੱਲ ਕਹੀ,” ਤੁਹਾਡੇ ਹੱਥਾਂ ਵਿੱਚ ਫੜੇ ਗਲਾਸ ਵਿਚ ਇਕ ਲਗਜ਼ਰੀ ਤੈਰ ਰਹੀ ਹੈ.. ਇਸ ਨੂੰ ਲਗਜ਼ਰੀ ਦੀ ਤਰ੍ਹਾਂ ਹੀ ਵਰਤੋ.. ਵਿਹਲੇ ਸਮੇਂ ਵਿੱਚ.. ਬਿਨਾਂ ਕਿਸੇ ਕਾਹਲ ਤੋਂ.. ਨਾ ਬਰਫ ਪਾਓ.. ਨਾ ਪਾਣੀ ਪਾਓ.. ਪਰ ਖੁੱਲ੍ਹਾ ਸਮਾਂ ਲਓ.. ਤੇ ਜ਼ਿਆਦਾ ਨਾ ਪੀਓ.!.ਸ਼ਰਾਬ ਹੋਵੇ ਜੋ ਡਬਲ ਰੋਟੀ. ਖਾਣੀ ਪੀਣੀ ਇਨਸਾਨਾਂ ਨੇ ਹੈ.. ਤੇ ਇਹ ਇਨਸਾਨ ਦੀ ਜ਼ਿੰਦਗੀ ਦੀ ਕਦਰ ਕਰਦੇ ਹਨ.. ਅਸੀਂ ਨਹੀਂ ਕਰਦੇ!
ਇਸ ਗਿਆਨਵਰਧਕ ਟੂਰ ਲਈ ਪਰਮਜੀਤ ਪਾਸੀ ਦਾ ਧੰਨਵਾਦ.. ਮੇਰੇ ਵੱਲੋਂ.. ਤੇ ਪਿਆਰੇ ਭਰਾ ਹਰਸੇਵ ਬੈਂਸ ਵੱਲੋਂ!..ਅਗਲੇ ਦਿਨ ਅਸੀਂ ਉਸ ਦੇ ਕਹੇ ਅਨੁਸਾਰ ਹੀ ਲਗਜ਼ਰੀ ਸੇਵਨ ਕੀਤਾ!😀😀
ਫੁਰਸਤ ਦੇ ਪਲ ਮਾਣਦਾ

ਸਾਹਿਬ ਸਿੰਘ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟੂਟਿ ਪਰੀਤਿ ਗਈ ਬੁਰ ਬੋਲਿ
Next articleਗ਼ਜ਼ਲ