ਸੁਪਰੀਮ ਕੋਰਟ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਉਨ੍ਹਾਂ ਦੀ ਕਥਿਤ ‘ਚੌਕੀਦਾਰ ਚੋਰ ਹੈ’ ਟਿੱਪਣੀ ਨੂੰ ਸਿਖ਼ਰਲੀ ਅਦਾਲਤ ਦੇ ਹਵਾਲੇ ਨਾਲ ਗਲਤ ਢੰਗ ਨਾਲ ਪੇਸ਼ ਕਰਨ ਦੇ ਮਾਮਲੇ ਵਿਚ ਇਕ ਹੋਰ ਹਲਫ਼ਨਾਮਾ ਦਾਖ਼ਲ ਕਰਨ ਦਾ ਮੌਕਾ ਦਿੱਤਾ ਹੈ। ਚੀਫ਼ ਜਸਟਿਸ ਰੰਜਨ ਗੋਗੋਈ, ਜਸਟਿਸ ਸੰਜੈ ਕਿਸ਼ਨ ਕੌਲ ਤੇ ਕੇ.ਐੱਮ. ਜੋਸਫ਼ ’ਤੇ ਅਧਾਰਿਤ ਬੈਂਚ ਅੱਗੇ ਰਾਹੁਲ ਗਾਂਧੀ ਨੇ ਆਪਣੇ ਵਕੀਲ ਰਾਹੀਂ ਸਵੀਕਾਰ ਕੀਤਾ ਕਿ ਇਸ ਟਿੱਪਣੀ ਨੂੰ ਸਿਖ਼ਰਲੀ ਅਦਾਲਤ ਦੇ ਹਵਾਲੇ ਨਾਲ ਦੱਸ ਕੇ ਉਨ੍ਹਾਂ ਗਲਤੀ ਕੀਤੀ ਹੈ। ਚੀਫ਼ ਜਸਟਿਸ ਨੇ ਟਿੱਪਣੀ ਕੀਤੀ ਕਿ ਹਲਫ਼ਨਾਮੇ ਵਿਚ ਇਕ ਜਗ੍ਹਾ ਕਾਂਗਰਸੀ ਆਗੂ ਨੇ ਆਪਣੀ ਗਲਤੀ ਸਵੀਕਾਰ ਕੀਤੀ ਹੈ ਪਰ ਇਕ ਹੋਰ ਥਾਂ ਕੋਈ ਵੀ ਨਿਰਾਦਰ ਕਰਨ ਵਾਲੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ। ਬੈਂਚ ਨੇ ਕਿਹਾ ਕਿ ਇਹ ਸਮਝਣ ਵਿਚ ਬਹੁਤ ਮੁਸ਼ਕਲ ਆ ਰਹੀ ਹੈ ਕਾਂਗਰਸ ਪ੍ਰਧਾਨ ਕਹਿਣਾ ਕੀ ਚਾਹੁੰਦੇ ਹਨ। ਅਦਾਲਤ ਨੇ ਗਾਂਧੀ ਦੇ ਵਕੀਲ ਨੂੰ ਕਿਹਾ ਕਿ ਹਲਫ਼ਨਾਮੇ ਵਿਚ ਦੱਸੇ ਗਏ ਸਿਆਸੀ ਰੁਖ਼ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਰਾਹੁਲ ਨੇ ਕਿਹਾ ਕਿ ਹਲਫ਼ਨਾਮੇ ਵਿਚ ਵਰਤਿਆ ਅਫ਼ਸੋਸ ਸ਼ਬਦ ਉਨ੍ਹਾਂ ਟਿੱਪਣੀਆਂ ਲਈ ਮੁਆਫ਼ੀਨਾਮੇ ਵਰਗਾ ਹੈ ਜੋ ਗਲਤ ਤਰੀਕੇ ਨਾਲ ਸੁਪਰੀਮ ਕੋਰਟ ਦੇ ਹਵਾਲੇ ਨਾਲ ਕੀਤੀਆਂ ਗਈਆਂ ਸਨ ਜਦਕਿ ਉਨ੍ਹਾਂ ਅਜਿਹਾ ਕਦੇ ਕਿਹਾ ਵੀ ਨਹੀਂ ਸੀ। ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਰਾਹੁਲ ਗਾਂਧੀ ਖ਼ਿਲਾਫ਼ ਅਦਾਲਤ ਦਾ ਨਿਰਾਦਰ ਕਰਨ ਦੇ ਦੋਸ਼ ਹੇਠ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਪਟੀਸ਼ਨ ’ਤੇ ਅਗਲੀ ਸੁਣਵਾਈ ਹੁਣ ਛੇ ਮਈ ਨੂੰ ਹੋਵੇਗੀ।
HOME ਮਾਣਹਾਨੀ: ਰਾਹੁਲ ਨੂੰ ਇਕ ਹੋਰ ਹਲਫ਼ਨਾਮਾ ਦਾਖ਼ਲ ਕਰਨ ਦਾ ਮੌਕਾ