ਪੱਕੀ ਨੌਕਰੀ

(ਸਮਾਜ ਵੀਕਲੀ)

ਜੀਤੋ ਦਰਵਾਜ਼ੇ ਚ ਬੈਠੀ ਪੋਤੇ ਨੂੰ ਲੋਰੀਆਂ ਸੁਣਾ ਰਹੀ ਸੀ । ਲਾਈਟ ਨਾ ਹੋਣ ਕਰਕੇ ਉਹ ਦਰਵਾਜ਼ੇ ਚ ਆ ਬੈਠੀ । ਕੋਲੋਂ ਲੰਘਦੀ ਬੰਤੋ ਨੇ ਜੀਤੋ ਨੂੰ ਵੇਖ ਟਿੱਚਰ ਕਰਦਿਆਂ ਕਿਹਾ ” ਕਰੀਂ ਜਾਂਦੀ ਐ ਭੈਣੇ ਪੱਕੀ ਨੋਕਰੀ ”

” ਹਾਂ , ਭੈਣੇ ਜੇ ਨੌਕਰੀ ਕਰਾਂਗੇ ਤਾਂ ਹੀ ਰੋਟੀ ਮਿਲੂ, ਵਿਹਲਿਆਂ ਨੂੰ ਕੌਣ ਦਿੰਦਾ।” ਜੀਤੋ ਨੇ ਜਵਾਬ ਦਿੱਤਾ।

” ਭੈਣੇ ਔਰਤ ਦੀ ਵੀ ਕੀ ਜੂਨ ਹੁੰਦੀ ਐ , ਪਹਿਲਾਂ ਪੇਕੇ ਘਰ , ਫਿਰ ਸਹੁਰੇ ਘਰ , ਫਿਰ ਬੱਚੇ ,ਤੇ ਫਿਰ ਪੋਤੇ ਦੋਹਤੇ ਨੂੰ ਪਾਲਣ ਪੋਸ਼ਣ ਚ ਹੀ ਲੰਘ ਜਾਂਦਾ ਐ। ਨੇ ਮੰਜੇ ਤੇ ਬੈਠਦਿਆਂ ਕਿਹਾ।

” ਗੱਲ ਤਾਂ ਤੇਰੀ ਪੱਕੀ ਐ ਭੈਣੇ , ਪੇਕੇ ਘਰ ਤਾਂ ਕੁਆਰੇ ਹੁੰਦੇ ਬਹੁਤ ਕੰਮ ਕੀਤਾ , ਮਾਪਿਆਂ ਨੇ ਨੌਕਰੀ ਵਾਲਾ ਮੁੰਡਾ ਲੱਭਿਆ , ਸੋਚਿਆ ਹੁਣ ਵਿਹਲੇ ਬੈਠ ਖਾਇਆ ਕਰੇਗੀ ਸਾਡੀ ਧੀ, ਪਰ ਕਰਮਾਂ ਚ ਵਿਹਲ ਕਿੱਥੇ” ਜੀਤੋ ਨੇ ਔਖਾ ਜਿਹਾ ਸ਼ਾਹ ਲਿਆ।

” ਤਿੰਨ ਤੇਰੇ ਪੁੱਤ ਨੇ ਸੁੱਖ ਨਾਲ ਅਫਸਰ ਲੱਗੇ ਨੇ , ਨੂੰਹਾਂ ਤੇ -ਧੀ ਜਵਾਈ ਵੀ ਤੇਰੇ ਨੌਕਰੀ ਕਰਦੇ ਨੇ। ਕਿਉਂ ਐਵੇਂ ਦੁੱਖੀ ਜੀ ਹੋਈ ਜਾਂਦੀ ਐਂ।” ਬੰਤੋ ਨੇ ਜੀਤੋ ਦਾ ਮਨ ਹੌਲਾ ਕਰਨ ਲਈ ਹੋਂਸਲਾ ਜਿਹਾ ਦਿੱਤਾ।

” ਭੈਣੇ ਮਾਪਿਆਂ ਨੇ ਤਾਂ ਨੌਕਰੀ ਵਾਲਾ ਮੁੰਡਾ ਹੀ ਲੱਭਿਆ ਸੀ , ਪਰ ਸਰਕਾਰ ਤਿੰਨ ਤਿੰਨ ਮਹੀਨੇ ਤਨਖਾਹਾਂ ਨਹੀਂ ਦਿੰਦੀ , ਘਰ ਦਾ ਖਰਚਾ ਚਲਾਉਣ ਲਈ ਮੱਝਾਂ ਰੱਖੀਆਂ, ਦੁੱਧ ਘਿਓ ਵੇਚ ਵੇਚ ਬੱਚਿਆਂ ਦੀਆਂ ਫੀਸਾਂ ਭਰਨੀਆਂ, ਪੁੱਛ ਨਾ ਘਰਵਾਲੇ ਦੀ ਪੱਕੀ ਨੌਕਰੀ ਕਾਹਦੀ , ਪੱਕੀ ਨੌਕਰੀ ਤਾਂ ਮੇਰੀ ਸੀ ਜੋ ਸੇਵੇਰੇ ਹੀ ਗੁਰਦੁਆਰੇ ਦੇ ਭਾਈ ਜੀ ਦੇ ਬੋਲ ਸੁਣ ਉਠ ਪੈਣਾ ਤੇ ਰਾਤ ਤੱਕ ਗੋਹੇ ਕੂੜੇ ਚ ਲੱਗੇ ਰਹਿਣਾ। ”

” ਭੈਣੇ ਛੱਡ ਪਿਛਲੇ ਦੁੱਖ , ਖੁਸ਼ ਰਿਹਾ ਕਰ ਹੁਣ ਤਾਂ ਤੇਰੇ ਵੀ ਪੁੱਤ ਪੈਸਿਆਂ ਵਾਲੇ ਹੋ ਗਏ ਨੇ”।

” ਬੰਤੋ ਕੀ ਦੱਸਾਂ ਤੈਨੂੰ ? ਹੋ ਤਾਂ ਕੰਮਾਂ ਕਾਰਾਂ, ਕੋਠੀਆਂ ਵਾਲੇ ਗਏ ਨੇ ਪਰ ਆਪਣੇ ਸਮਿਆਂ ਵਾਲਾ ਪਿਆਰ ਖ਼ਤਮ ਹੋ ਗਿਆ, ਇਕ ਘਰ ਚ ਹੀ ਕਈ ਪਰਿਵਾਰਾਂ ਨੇ ਨਿਭਾ ਕਰ ਲੈਣਾ। ” ਜੀਤੋ ਨੇ ਕਿਹਾ।

” ਛੱਡ ਭੈਣੇ ਹੁਣ ਨੀ ਇੱਕਠੇ ਰਹਿੰਦੇ, ਚਾਹੇ ਇੱਕ ਐ, ਚਾਹੇ ਦੋ ਆ, ਘਰ ਘਰ ਏਹੋ ਰੀਤ ਚੱਲ ਪਈ ਐ” ਬੰਤੋ ਨੇ ਜੀਤੀ ਦਾ ਮਨ ਹੌਲਾ ਕਰਨਾ ਚਾਹਿਆ।

” ਪਹਿਲਾਂ ਤਾਂ ਸਰਦਾਰ ਜੀ ਕਈ ਸਾਲ ਬਿਮਾਰੀ ਨਾਲ ਲੜਦੇ ਰਹੇ, ਫਿਰ ਉਹਨਾਂ ਦੇ ਜਾਣ ਮਗਰੋਂ ਤਿੰਨੋਂ ਪੁੱਤ ਅੱਡ ਅੱਡ ਹੋ ਗਏ, ਧੀਆਂ-ਪੁੱਤਰਾਂ ਵਾਲੇ ਹੋ ਗਏ ਪਰ ਇਹਨਾਂ ਦੇ ਆਪਸੀ ਕਲੇਸ਼ ਤੇ ਪੈਸੇ ਦੇ ਮੋਹ ਨੇ ਮੈਨੂੰ ਹੋਰ ਔਖਾ ਕਰ ਦਿੱਤਾ। ਜੇ ਕਿਸੇ ਇੱਕ ਦੇ ਘਰ ਕੁੱਝ ਟਾਈਮ ਵੱਧ ਰੁੱਕ ਜਾਵਾਂ ਤਾਂ ਜਿਵੇਂ ਅਫਸਰ ਆਪਣੇ ਮੁਲਜ਼ਮਾਂ ਨੂੰ ਲੇਟ ਆਏ ਤੋਂ ਝਿੜਕਦਾ ਇੰਝ ਝਿੜਕਦੇ ਨੇ।” ਜੀਤੋ ਦੀਆਂ ਵਿੱਚ ਹੰਝੂ ਆ ਗਏ।

“ਭੈਣੇ ਜਿੰਨਾ ਦੇ ਧੀ ਪੁੱਤ ਨਹੀਂ ਉਹ ਵੀ ਪੁੱਤ ਬਿਨਾਂ ਦੁੱਖੀ ਨੇ ਤੇ ਜਿੰਨਾ ਦੇ ਹਨ ਉਹ ਉਹਨਾਂ ਦੇ ਕਲੇਸ਼ ਤੋਂ ਦੁਖੀ ਨੇ।

” ਨਾਨਕ ਦੁਖੀਆ ਸਭ ਸੰਸਾਰ” ਇਹ ਪੱਕੀ ਨੌਕਰੀ ਤਾਂ ਹੂਣ ਸਿਵਿਆਂ ਤੱਕ ਹੀ ਕਰਨੀ ਪਵੇਗੀ “। ਜੀਤੋ ਦੀਆਂ ਅੱਖਾਂ ਵਿਚ ਪਾਣੀ ਭਰਿਆ ਵੇਖ ਬੰਤੀ ਨੇ ਕਿਹਾ।

” ਗੱਲ ਤਾਂ ਤੇਰੀ ਠੀਕ ਐ ਭੈਣੇ , ਕਰਨੀ ਹੀ ਪੈਣੀ ਐ , ਚਾਹੇ ਕੱਚੀ ਹੋਵੇ ਚਾਹੇ ਪੱਕੀ ਐ ਇਹ ਤਾਂ ਸਿਵਿਆਂ ਤੱਕ ਹੀ ਕਰਨੀ ਪੈਣੀ ਹੈ।” ਜੀਤੋ ਇਨ੍ਹਾਂ ਕਹਿੰਦੀ ਹੋਈ ਅੱਖਾਂ ਚੋ ਹੰਝੂ ਪੁੰਝਦੀ ਹੋਈ ਸੋਚਾਂ ਚ ਗਵਾਚ ਗਈ।

ਐਨੇ ਨੂੰ ਉਸ ਦੀ ਨੂੰਹ ਘਰ ਆ ਜਾਂਦੀ ਹੈ ਤੇ ਜੀਤੋ ਪੋਤੇ ਨੂੰ ਫੜਾ ਦੂਜੇ ਮੁੰਡੇ ਦੇ ਘਰ ਵੱਲ ਤੁਰ ਪੈਂਦੀ ਹੈ।ਅੱਜ ਇਹੋ ਹਾਲ ਕੱਲੇ ਜੀਤੋ ਤੇ ਬੰਤੋ ਦੇ ਨਹੀਂ,ਪੂਰੀ ਦੁਨੀਆਂ ਜੀਤੋ ਤੇ ਬੰਤੋ ਵਾਲੇ ਦੁੱਖ ਸਹਿ ਰਹੀ ਹੈ।ਇਸ ਮੋਹ ਮਾਇਆ ਨੇ ਦੁਨੀਆ ਦੀ ਸਾਂਝ ਨੂੰ ਖ਼ਤਮ ਕਰ ਦਿੱਤਾ ਹੈ।

ਅਸਿ. ਪ੍ਰੋਫੈਸਰ ਗੁਰਮੀਤ ਸਿੰਘ
ਸਰਕਾਰੀ ਕਾਲਜ ਮਾਲੇਰਕੋਟਲਾ
94175-45100

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਖ਼ਮ….
Next articleਰਜਿੰਦਰ ਸਿੰਘ ਰਾਜਨ ਦੀ ਕਾਵਿ-ਪ੍ਰਤਿਭਾ ਬਾਰੇ ਸਮਾਗਮ 25 ਸਤੰਬਰ ਨੂੰ