(ਸਮਾਜ ਵੀਕਲੀ)
ਗੁਰਮਨ ਤੇ ਸੁਖਮਨ ਬੜੇ ਪੱਕੇ ਦੋਸਤ ਸਨ। ਜੋ ਪੰਜਵੀਂ ਜਮਾਤ ਵਿੱਚ ਪੜ੍ਹਦੇ ਸਨ।ਅੱਜ ਜਿਉਂ ਹੀ ਸੁਖਮਨ ਵੈਨ ਵਿੱਚੋਂ ਉਤਰ ਕੇ ਕਲਾਸ ਰੂਮ ਵੱਲ ਨੂੰ ਆਇਆ ਤਾਂ ਉਹ ਗੁਰਮਨ ਨੂੰ ਉਦਾਸ ਤੇ ਚੁੱਪ ਦੇਖ ਸੁੰਨ੍ਹ ਜਿਹਾ ਹੋ ਗਿਆ। ਅੱਗੇ ਗੁਰਮਨ ਭੱਜ ਕੇ ਜੱਫ਼ੀ ਪਾ ਲੈਂਦਾ ਸੀ ਪਰ ਅੱਜ ਤਾਂ ਉਸ ਨੇ ਦੁਆ ਸਲਾਮ ਵੀ ਨਾ ਕੀਤੀ ਸੁਖਮਨ ਬੈਂਚ ਤੇ ਬੈਗ ਰੱਖਦਿਆਂ ਬੋਲਿਆ ਕਿ ਗੁਰਮਨ ਯਾਰ ਨਰਾਜ਼ਗੀ ਹੈ ਕੋਈ ਪਰ ਉਹ ਚੁੱਪ ਰਿਹਾ।ਸੁਖਮਨ ਜਦੋਂ ਮੋਢੇ ਤੇ ਹੱਥ ਧਰ ਹਲੂਣਿਆ ਤਾਂ ਗੁਰਮਨ ਫਿਸ ਪਿਆ ਤੇ ਉਸ ਦੇ ਗਲ ਲੱਗ ਉਂਚੀ ਧਾਹ ਮਾਰੀ ।ਸੁਖਮਨ ਨੇ ਦਿਲਾਸਾ ਦਿੰਦੇ ਕਿਹਾ ਕਿ ਵੀਰੇ ਗੱਲ ਤਾਂ ਦੱਸ ਕੀ ਹੋਇਆ ?
ਗੁਰਮਨ ਨੇ ਦੱਸਿਆ ਕਿ ਵੀਰੇ ਦਾਦੀ ਬਿਮਾਰ ਹੋਣ ਕਰਕੇ ਮੰਮੀ ਡੈਡੀ ਉਸ ਨੂੰ ਲੈ ਕੇ ਹਸਪਤਾਲ ਗਏ ਹਨ ਅਤੇ ਮੈਂ ਕਾਹਲੀ ਵਿੱਚ ਤਿਆਰ ਹੋਣ ਕਰਕੇ ਟਾਈ ਬੈੱਲਟ ਲਗਾਉਣਾ ਭੁੱਲ ਗਿਆ। ਜਿਸ ਕਰਕੇ ਅੱਜ ਡਿਫਾਲਟਰ ਕੱਢ ਦੇਣਾ। ਮੈਂ ਤਾਂ ਖਾਣਾ ਵੀ ਨਹੀਂ ਖਾਧਾ ਤੇ ਭੁੱਖੇ ਪੇਟ 400 ਮੀਟਰ ਰਾਊਂਡ ਲਾਉਣਾ ਪਵੇਗਾ।ਸੁਖਮਨ ਕਹਿੰਦਾ ਕਿ ਬੱਸ ਇੰਨੀ ਕਿ ਗੱਲ ਪਿੱਛੇ ਰੋ ਰਿਹਾ ਸੀ।ਆਹ ਚੁੱਕ ਮੇਰੀ ਟਾਈ ਬੈੱਲਟ ਅਤੇ ਖਾਣਾ ਤੇਰੀ ਥਾਂ ਮੈਂ ਡਿਫਾਲਟਰ ਬਣਾਂਗਾ। ਸੁਖਮਨ ਹੱਸਦਿਆਂ ਬੋਲਿਆ। ਸਵੇਰ ਦੀ ਸਭਾ ਦੀ ਪਹਿਲੀ ਬੈੱਲ ਹੋਈ ਤੇ ਬੱਚੇ ਕਤਾਰਾਂ ਵਿੱਚ ਖੜ੍ਹੇ ਹੋ ਗਏ। ਡਿਫ਼ਾਲਟਰ ਬੱਚੇ ਅਲੱਗ ਕੱਢ ਕੇ ਰਾਊਂਡ ਲਗਵਾਇਆ ਗਿਆ। ਤਾਂ ਸਾਰੇ ਬੱਚੇ ਦੌੜ ਰਹੇ ਸਨ ਤੇ ਅਚਾਨਕ ਡੀ.ਪੀ.ਈ.ਦੀ ਨਜ਼ਰ ਤੇਜ਼ ਰਫ਼ਤਾਰ ਨਾਲ਼ ਦੌੜ ਰਹੇ ਸੁਖਮਨ ਵੱਲ ਗਈ। ਜਿਸ ਨੇ ਬੜੇ ਘੱਟ ਸਮੇਂ ਵਿੱਚ ਚੱਕਰ ਪੂਰਾ ਕੀਤਾ।ਗੁਰਮਨ ਨੇ ਸੁਖਮਨ ਤੋਂ ਮੁਆਫ਼ੀ ਮੰਗੀ ਤਾਂ ਸੁਖਮਨ ਕਿਹਾ ਕਿ ਕੋਈ ਗੱਲ ਨਹੀਂ ਯਾਰ ਯਾਰੀ ਵਿੱਚ ਨੋ ਸੌਰੀ ਨੋ ਥੈਂਕਸ। ਦੋਵੇਂ ਉੱਚੀ ਉੱਚੀ ਹੱਸ ਪਏ।
ਛੁੱਟੀ ਤੋਂ ਬਾਅਦ ਗੁਰਮਨ ਨੂੰ ਨਾਨਕਿਆਂ ਵਾਲ਼ੀ ਬੱਸ ਵਿੱਚ ਚੜ੍ਹਨ ਦਾ ਸੁਨੇਹਾ ਮਿਲ਼ਿਆ। ਉਹ ਸੁਖਮਨ ਦੀ ਟਾਈ ਬੈੱਲਟ ਫੜਾ ਕੇ ਸਕੂਲ ਬੱਸ ਵਿੱਚ ਬਹਿ ਗਿਆ। ਅਗਲੇ ਦਿਨ ਵੀ ਉਹ ਟਾਈ ਬੈੱਲਟ ਨਾ ਲੱਗਾ ਕੇ ਆਇਆ। ਕਿਉਂਕਿ ਦਾਦੀ ਸਿਹਤ ਠੀਕ ਨਾ ਹੋਣ ਕਰਕੇ ਉਹ ਨਾਨਕੇ ਘਰ ਤੋਂ ਆਇਆ ਸੀ।ਪਰ ਸੁਖਮਨ ਨੇ ਫਿਰ ਦੋਸਤੀ ਦਾ ਫਰਜ਼ ਸਮਝਦਿਆਂ ਉਸ ਨੂੰ ਬਚਾ ਲਿਆ। ਆਪ ਡਿਫ਼ਾਲਟਰ ਬਣ ਗਿਆ ਡੀ.ਪੀ.ਈ. ਸਰ ਦੀ ਪਾਰਖੂ ਨਜ਼ਰ ਅੱਜ ਵੀ ਉਸ ਬੱਚੇ ਨੂੰ ਲੱਭ ਰਹੀ ਸੀ ਤਾਂ ਅਚਾਨਕ ਉਹ ਫੇਰ ਕਤਾਰ ਵਿੱਚ ਸ਼ਾਮਲ ਸੀ। ਅੱਜ ਵੀ ਉਹੀ ਰਫ਼ਤਾਰ ਵੇਖ ਕੇ ਉਸ ਨੇ ਉਸ ਦਾ ਨਾਮ ਤੇ ਸੈਕਸ਼ਨ ਨੋਟ ਕਰ ਲਿਆ। ਉਸ ਦਾ ਨਾਂ ਹੋਣ ਵਾਲ਼ੀ ਦੌੜ ਵਿੱਚ ਸ਼ਾਮਲ ਕਰ ਲਿਆ।
ਓਧਰ ਗੁਰਮਨ ਦੋ ਦਿਨ ਸਕੂਲ ਨਾ ਆਇਆ ਟਾਈ ਬੈੱਲਟ ਵੀ ਨਾਲ਼ ਹੀ ਲੈ ਗਿਆ। ਸਰ ਨੇ ਅੱਜ ਸੁਖਮਨ ਨੂੰ ਸਜ਼ਾ ਦੀ ਦੌੜਾਂ ਵਿੱਚ ਭਾਗ ਲੈਣ ਲਈ ਕਿਹਾ। ਸਰ ਦੇ ਕਹਿਣ ਤੇ ਸੁਖਮਨ ਨੇ 100 ਮੀਟਰ ਅਤੇ 200 ਮੀਟਰ ਵਿੱਚ ਗੋਲਡ ਮੈਡਲ ਜਿੱਤੇ। ਅਗਲੇ ਦਿਨ ਉਸ ਨੂੰ ਸਵੇਰ ਦੀ ਸਭਾ ਵਿੱਚ ਸਨਮਾਨਿਤ ਕਰਨ ਲਈ ਸਟੇਜ ਤੇ ਖੜ੍ਹਾ ਕਰ ਲਿਆ। ਜਦੋਂ ਗੁਰਮਨ ਨੇ ਇਹ ਦੇਖਿਆ ਤਾਂ ਉਹ ਭੱਜ ਕੇ ਸਟੇਜ ਤੇ ਮੈੱਕ ਅੱਗੇ ਆ ਗਿਆ ਤੇ ਉਸ ਨੇ ਸਾਰੀ ਗੱਲ ਦੱਸੀ ਕਿ ਇਹ ਮੇਰੇ ਕਰਕੇ ਡਿਫਾਲਟਰ ਬਣਿਆ ਹੈ ਜੀ ਇਸ ਨੂੰ ਸਜ਼ਾ ਨਾ ਦਿਓ ਮੈਨੂੰ ਦਿਓ ਇਸ ਦੀ ਟਾਈ ਬੈੱਲਟ ਮੇਰੇ ਕੋਲ਼ ਹੈ। ਉਸ ਦੀ ਗੱਲ ਸੁਣ ਕੇ ਸਾਰਿਆਂ ਨੇ ਹਾਸੜ ਚੁੱਕ ਲਿਆ ਅਤੇ ਟਾਈ ਬੈੱਲਟ ਫ਼ੜ ਸੁਖਮਨ ਦੇ ਲਾਉਂਦਿਆਂ ਸਰ ਨੇ ਕਿਹਾ ਕਿ ਇਸ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਸਜ਼ਾ ਨਹੀਂ।ਇਹ ਸੁਣ ਕੇ ਦੋਹਾਂ ਨੇ ਇੱਕ ਦੂਜੇ ਨੂੰ ਗਲਵੱਕੜੀ ਵਿੱਚ ਲੈ ਲਿਆ ਅਤੇ ਸਾਰਾ ਸਟਾਫ਼ ਅਤੇ ਵਿਦਿਆਰਥੀ ਉਨ੍ਹਾਂ ਦੀ ਦੋਸਤੀ ਦੀਆਂ ਸਿਫਤਾਂ ਕਰ ਰਹੇ ਸਨ।
ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ
ਸੰਗਰੂਰ 9872299613
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly