ਪੰਜਾਬ ‘ਚ ਕਣਕ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਆੜ੍ਹਤੀਆਂ ਨੇ ਸੂਬਾ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਐਲਾਨ ਕੀਤਾ ਹੈ ਕਿ ਜੇਕਰ ਇਸ ਵਾਰ ਉਨ੍ਹਾਂ ਨੂੰ ਕਿਸਾਨ ਦੀ ਫ਼ਸਲ ਦੇ ਭੁਗਤਾਨ ਦੇ ਨਾਲ ਨਾਲ ਬਣਦੀ ਲੇਬਰ ਤੇ ਆੜ੍ਹਤ ਦੇ ਪੈਸੇ ਨਾ ਭੇਜੇ ਗਏ ਤਾਂ ਉਹ ਬਿਨਾਂ ਕਿਸੇ ਦੇਰੀ ਤੋਂ ਸੰਘਰਸ਼ ਕਰਨਗੇ। ਲੋੜ ਪੈਣ ‘ਤੇ ਸੂਬੇ ਦੀਆਂ ਮੰਡੀਆਂ ਵੀ ਬੰਦ ਕਰ ਦਿੱਤੀਆਂ ਜਾਣਗੀਆਂ। ਇਹ ਫੈਸਲਾ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੇ ਸਮੂਹ ਆੜ੍ਹਤੀਆਂ ਨੇ ਸ਼ੁੱਕਰਵਾਰ ਨੂੰ ਮਾਰਕੀਟ ਕਮੇਟੀ ਹਾਲ ‘ਚ ਸੱਦੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਲਿਆ। ਮੀਟਿੰਗ ਦੀ ਪ੍ਰਧਾਨਗੀ ਆੜ੍ਹਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕੀਤੀ। ਮੀਟਿੰਗ ‘ਚ ਖੰਨਾ ਤੋਂ ਇਲਾਵਾ ਸਮਰਾਲਾ, ਮਾਛੀਵਾੜਾ ਸਾਹਿਬ, ਦੋਰਾਹਾ, ਪਾਇਲ, ਸਾਹਨੇਵਾਲ, ਅਮਲੋਹ, ਮੰਡੀ ਗੋਬਿੰਦਗੜ੍ਹ ਦੇ ਆੜ੍ਹਤੀ ਵੀ ਪਹੁੰਚੇ ਸਨ, ਜਿਨ੍ਹਾਂ ਨੇ ਇਸ ਫੈਸਲੇ ਨਾਲ ਸਹਿਮਤੀ ਪ੍ਰਗਟ ਕੀਤੀ। ਪ੍ਰਧਾਨ ਰੋਸ਼ਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਕਾਫੀ ਲੰਮੇ ਸਮੇਂ ਤੋਂ ਹੋ ਰਿਹਾ ਹੈ ਕਿ ਪਹਿਲਾਂ ਤਾਂ ਸਰਕਾਰ ਕਿਸਾਨਾਂ ਦੀ ਫਸਲ ਦਾ ਭੁਗਤਾਨ ਸਮੇਂ ਸਿਰ ਨਹੀਂ ਕਰਦੀ ਜਦਕਿ, ਇਹ ਭੁਗਤਾਨ ਫਸਲ ਵਿਕਣ ਦੇ 48 ਘੰਟਿਆਂ ਅੰਦਰ ਹੋ ਜਾਣਾ ਚਾਹੀਦਾ ਹੈ। ਫਿਰ ਸਰਕਾਰ ਵੱਲੋਂ ਫਸਲ ‘ਤੇ ਖ਼ਰਚ ਹੋਈ ਲੇਬਰ ਤੇ ਆੜ੍ਹਤ ਦੇ ਪੈਸੇ ਨਹੀਂ ਭੇਜੇ ਜਾਂਦੇ। ਇਸ ਕਾਰਨ ਆੜ੍ਹਤੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਾਰ ਜੇਕਰ ਫਸਲ ਦੇ ਭੁਗਤਾਨ ਨਾਲ ਹੀ ਲੇਬਰ ਤੇ ਆੜ੍ਹਤ ਦੇ ਪੈਸੇ ਨਾ ਭੇਜੇ ਗਏ ਤਾਂ ਆੜ੍ਹਤੀ ਚੁੱਪ ਨਹੀਂ ਬੈਠਣਗੇ। ਕੇਂਦਰ ਸਰਕਾਰ ਵੱਲੋਂ ਫਸਲ ਦੀ ਆਨਲਾਈਨ ਅਦਾਇਗੀ ਦਾ ਵਿਰੋਧ ਕਰਦਿਆਂ ਰੋਸ਼ਾ ਨੇ ਦੱਸਿਆ ਕਿ ਸਰਕਾਰ ਨੇ ਉਨ੍ਹਾਂ ਦੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਵਿਜੈ ਕਾਲੜਾ ਨਾਲ ਮੀਟਿੰਗ ਕਰ ਕੇ ਭਰੋਸਾ ਦਿੱਤਾ ਸੀ ਕਿ ਫਸਲ ਦੀ ਅਦਾਇਗੀ ਆੜ੍ਹਤੀ ਦੇ ਖਾਤੇ ’ਚ ਹੀ ਹੋਵੇਗੀ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਵੀ ਉਨ੍ਹਾਂ ਵੱਲੋਂ ਸੂਬਾ ਪੱਧਰ ’ਤੇ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਯਾਦਵਿੰਦਰ ਸਿੰਘ ਲਿਬੜਾ, ਅਜਮੇਰ ਸਿੰਘ ਪੂਰਬਾ, ਸੁਖਵਿੰਦਰ ਸਿੰਘ ਸੁੱਖੀ, ਰਾਮ ਚੰਦ ਤੇ ਹੁਕਮ ਚੰਦ ਸ਼ਰਮਾ ਆਦਿ ਹਾਜ਼ਰ ਸਨ।
INDIA ਆੜ੍ਹਤੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ