ਨਵੀਂ ਦਿੱਲੀ- ਇੱਥੋਂ ਦੀ ਅਦਾਲਤ ਨੇ ਸਾਬਕਾ ਕੇਂਦਰੀ ਮੰਤਰੀ ਐਮ.ਜੇ ਅਕਬਰ ਦੁਆਰਾ ਦਾਇਰ ਮੁਕੱਦਮੇ ਵਿਚ ਪੱਤਰਕਾਰ ਪ੍ਰਿਯਾ ਰਮਾਨੀ ਖ਼ਿਲਾਫ਼ ਮਾਣਹਾਨੀ ਦਾ ਦੋਸ਼ ਤੈਅ ਕੀਤਾ ਹੈ। ਰਮਾਨੀ ਨੇ ਅਕਬਰ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ। ਇਸ ਤੋਂ ਬਾਅਦ ਅਕਬਰ ਨੇ ਪੱਤਰਕਾਰ ਖ਼ਿਲਾਫ਼ ਕੇਸ ਦਾਇਰ ਕੀਤਾ ਸੀ। ਹਾਲਾਂਕਿ ਅਦਾਲਤ ਵਿਚ ਪੇਸ਼ ਹੋਈ ਰਮਾਨੀ ਨੇ ਖ਼ੁਦ ਨੂੰ ਬੇਗੁਨਾਹ ਦੱਸਿਆ ਤੇ ਕਿਹਾ ਕਿ ਉਹ ਮੁਕੱਦਮੇ ਦਾ ਸਾਹਮਣਾ ਕਰੇਗੀ। ਰਮਾਨੀ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਕ ਛੋਟੇ ਬੱਚੇ ਦੀ ਦੇਖਭਾਲ ਕਰਨੀ ਪੈ ਰਹੀ ਹੈ। ਇਸ ਤੋਂ ਬਾਅਦ ਅਦਾਲਤ ਨੇ ਰਮਾਨੀ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਤੋਂ ਛੋਟ ਦੇ ਦਿੱਤੀ। ਅਕਬਰ ਦੇ ਵਕੀਲ ਨੇ ਰਮਾਨੀ ਲਈ ਇਸ ਛੋਟ ਦਾ ਵਿਰੋਧ ਨਹੀਂ ਕੀਤਾ। ਅਦਾਲਤ ਹੁਣ ਇਸ ਮਾਮਲੇ ’ਤੇ 4 ਮਈ ਨੂੰ ਸੁਣਵਾਈ ਕਰੇਗੀ। ਪਿਛਲੇ ਸਾਲ 17 ਅਕਤੂਬਰ ਨੂੰ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਅਕਬਰ ਨੇ ਭਾਰਤ ਵਿਚ ‘ਮੀ ਟੂ’ ਮੁਹਿੰਮ ਦੌਰਾਨ ਸੋਸ਼ਲ ਮੀਡੀਆ ’ਤੇ ਆਪਣਾ ਨਾਂ ਉਭਾਰੇ ਜਾਣ ਤੋਂ ਬਾਅਦ ਰਮਾਨੀ ਦੇ ਖ਼ਿਲਾਫ਼ ਅਪਰਾਧਕ ਮਾਣਹਾਨੀ ਦਾ ਕੇਸ ਦਰਜ ਕੀਤਾ ਸੀ। ਜਦਕਿ ਅਕਬਰ ਨੇ ਦੋਸ਼ਾਂ ਦਾ ਖੰਡਨ ਕੀਤਾ ਸੀ। ਇਸ ਤੋਂ ਬਾਅਦ ਕਈ ਹੋਰ ਔਰਤਾਂ ਨੇ ਵੀ ਅਕਬਰ ’ਤੇ ਦੋਸ਼ ਲਾਏ ਸਨ।
INDIA ਮਾਣਹਾਨੀ ਕੇਸ: ਪ੍ਰਿਯਾ ਰਮਾਨੀ ਖ਼ਿਲਾਫ਼ ਦੋਸ਼ ਤੈਅ