ਮਿਲਾਨ ਇਟਲੀ -(ਹਰਜਿੰਦਰ ਛਾਬੜਾ) ਇਟਲੀ ਪੁਲਿਸ ਨੇ ਇਕ ਅਮ੍ਰਿਤਧਾਰੀ ਸਿੱਖ ਜੋੜੇ ਦੇ ਪਾਏ ਹੋਏ ਸ੍ਰੀ ਸਾਹਿਬ ਨੂੰ ਜਾਨ ਲੈਵਾ ਹਥਿਆਰ ਦੱਸਕੇ ਤੇ ਕੇਸ ਦਰਜ ਕਰ ਦਿੱਤਾ ਹੈ। ਇਹ ਅਮ੍ਰਿਤਧਾਰੀ ਸਿੱਖ ਜੋੜਾ ਪਿਛਲੇ ਕੁੱਝ ਸਾਲਾਂ ਤੋਂ ਹਮੇਸ਼ਾ ਕਿਰਪਾਨ ਪਹਿਨ ਕੇ ਰੱਖਦਾ ਸੀ। ਮਿਲੀ ਜਾਣਕਾਰੀ ਅਨੁਸਾਰ ਵਿਚੈਂਸਾ ਜਿਲ੍ਹੇ ਦੇ ਮਤੋਰਸੋ ਵਿਚਨਤੇਨਾ ਕਸਬੇ ਦੇ ਵਸਨੀਕ ਸ:ਸਤਨਾਮ ਸਿੰਘ ਮੁਲਤਾਨੀ ਜਦੋਂ ਆਪਣੀ ਪਤਨੀ ਸਿਮਰਜੀਤ ਕੌਰ ਨੂੰ ਇਲਾਜ ਲਈ ਵਿਚੈਂਸਾ ਸਥਿੱਤ ਹਸਪਤਾਲ ਦੇ ਐਮਰਜੇਸੀ ਵਿਭਾਗ ਚ ਲੈ ਕੇ ਗਏ ਤਾਂ ਡਾਕਟਰਾਂ ਨੇ ਇਲਾਜ ਦੌਰਾਨ ਸਿਮਰਜੀਤ ਕੌਰ ਦੇ ਕਿਰਪਾਨ ਪਾਈ ਦੇਖ ਕੇ ਪੁਲਿਸ ਨੂੰ ਫੋਨ ਕਰ ਦਿੱਤਾ ,ਪੁਲਿਸ ਨੇ ਹਸਪਤਾਲ ਪਹੁੰਚ ਕੇ ਉਕਤ ਅਮ੍ਰਿਤਧਾਰੀ ਜੋੜੇ ਨੂੰ ਕਿਰਪਾਨਾਂ ਉਤਾਰਨ ਲਈ ਕਿਹਾ ਅਤੇ ਕਿਹਾ ਕਿ ਇਟਾਲੀਅਨ ਕਾਨੂੰਨ ਦੇ ਮੁਤਾਬਿਕ ਤੁਸੀ ਜਨਤਕ ਥਾਂਵਾ ਤੇ ਕਿਰਪਾਨ ਪਾ ਕੇ ਨਹੀ ਜਾ ਸਕਦੇ।ਇਸੇ ਦੌਰਾਨ ਪੁਲਿਸ ਨੇ ਉਕਤ ਜੋੜੇ ਖਿਲਾਫ ਕੇਸ ਵੀ ਦਰਜ ਕਰ ਦਿੱਤਾ।ਪੁਲਿਸ ਦੀ ਰਿਪੋਰਟ ਅਨੁਸਾਰ ਸਿਮਰਜੀਤ ਕੌਰ ਨੇ ਕਿਰਪਾਨ ਦੇ ਬਲੇਡ ਤੇ ਹੱਥੇ ਸਮੇਤ 13,5 ਸੈਟੀਮੀਟਰ ਦੀ ਲੰਬਾਈ ਵਾਲੀ ਕਿਰਪਾਨ ਜਦੋਂ ਕਿ ਸਤਨਾਮ ਸਿੰਘ ਨੇ ਹੱਥੇ ਸਮੇਤ ਕੁੱਲ 12 ਸੈਟੀਮੀਟਰ ਦੀ ਲੰਬਾਈ ਵਾਲੀ ਕਿਰਪਾਨ ਪਹਿਨ ਰੱਖੀ ਸੀ।ਭਾਵੇਂ ਕਿ ਸ:ਸਤਨਾਮ ਸਿੰਘ ਨੇ ਇਟਾਲੀਅਨ ਪੁਲਿਸ ਨੂੰ ਸਿੱਖ ਧਰਮ ਵਿੱਚ ਕਿਰਪਾਨ ਦੀ ਮਹੱਤਤਾ ਬਾਰੇ ਸਮਝਾਉਣ ਦੀ ਕੋਸਿਸ਼ ਕੀਤੀ ਅਤੇ ਕਿਹਾ ਕਿ ਇਕ ਅਮ੍ਰਿਤਧਾਰੀ ਸਿੱਖ ਕਿਰਪਾਨ ਨੂੰ ਆਪਣੇ ਸਰੀਰ ਤੋਂ ਵੱਖ ਨਹੀ ਕਰ ਸਕਦਾ ਪ੍ਰੰਤੂ ਪੁਲਿਸ ਨੇ ਕਿਹਾ ਕਿ ਜਨਤਕ ਸੁਰੱਖਿਆ ਦੇ ਮੱਦੇਨਜਰ ਕੋਈ ਵੀ ਵਿਅਕਤੀ ਹਥਿਆਰ ਜਾਂ ਤੇਜਧਾਰ ਚਾਕੂ ਜਾ ਕਿਰਪਾਨ ਲੈ ਕੇ ਨਹੀ ਚਲ ਸਕਦਾ ,ਭਾਵੇਂ ਉਹ ਧਾਰਮਿਕ ਚਿੰਨ੍ਹ ਹੀ ਕਿਉ ਨਾ ਹੋਵੇ।ਉੱਧਰ ਇਸ ਘਟਨਾ ਨੂੰ ਲੈ ਕੇ ਸਮੁੱਚੇ ਸਿੱਖ ਭਾਈਚਾਰੇ ਚ ਰੋਸ ਦੀ ਲਹਿਰ ਦੌੜ ਗਈ ਹੈ ਅਤੇ ਇਸ ਸਬੰਧ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ (ਵਿਚੈਂਸਾ) ਦੇ ਮੁੱਖ ਪ੍ਰਬੰਧਕ ਭਾਈ ਅਵਤਾਰ ਸਿੰਘ ਮਿਆਣੀ ਅਤੇ ਜਨਰਲ ਸਕੱਤਰ ਭਾਈ ਬਲਜੀਤ ਸਿੰਘ ਨੇ ਵਿਚੈਸਾ ਦੇ ਮੁੱਖ ਪੁਲਿਸ ਅਧਿਕਾਰੀ ਨਾਲ਼ ਮੁਲਾਕਾਤ ਕਰਕੇ ਇਸ ਕੇਸ ਦੇ ਵਿੱਚ ਰਾਹਤ ਦੇਣ ਲਈ ਅਪੀਲ ਵੀ ਕੀਤੀ ਅਤੇ ਪੰਜ ਕਕਾਰਾਂ ਦੀ ਮਹੱਤਤਾ ਤੋਂ ਜਾਣੂ ਵੀ ਕਰਵਾਇਆ ਜਿਸ ਤੇ ਪਲਿਸ ਅਧਿਕਾਰੀਆਂ ਨੇ ਕਿਹਾ ਕਿ ਉਹ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕਰਦੇ ਹਨ,ਪ੍ਰੰਤੂ ਇਟਲੀ ਚ ਅਮਨ ਤੇ ਸ਼ਾਂਤੀ ਦੇ ਮੱਦੇਨਜਰ ਅਤੇ ਨਾਗਰਿਕਾਂ ਦੀ ਰਾਖੀ ਹਿੱਤ ਕਿਸੇ ਵੀ ਧਰਮ ਨਾਲ਼ ਸਬੰਧਿਤ ਜਾਂ ਵਿਅਕਤੀ ਵਿਸ਼ੇਸ਼ ਨੂੰ ਹਥਿਆਰ ਰੂਪੀ ਜਾਂ ਤੇਜਧਾਰ ਵਸਤੂ ਨਾਲ ਲੈ ਕੇ ਚੱਲਣ ਦੀ ਇਜਾਜਤ ਨਹੀ ਹੈ।ਇੱਥੇ ਇਹ ਵੀ ਦੱਸਣਯੋਗ ਹੈ ਕਿ ਇਟਲੀ ਚ ਸਿੱਖ ਧਰਮ ਨੂੰ ਰਜਿਸਟਰ ਕਰਵਾਉਣ ਲਈ ਇਕ ਲੰਬੇ ਅਰਸੇਂ ਤੋਂ ਕੋਸ਼ਿਸਾਂ ਚੱਲ ਰਹੀਆਂ ਹਨ।ਇਟਲੀ ਚ ਤਕਰੀਬਨ 50 ਦੇ ਕਰੀਬ ਗੁਰਦੁਆਰਾ ਸਾਹਿਬ ਹਨ ਅਤੇ ਸਿੱਖ ਧਰਮ ਨੂੰ ਰਜਿਸਟਰ ਕਰਵਾਉਣ ਲਈ ਇੱਥੇ ਸਿੱਖਾਂ ਦੀਆਂ ਦੋ ਜਥੇਬੰਦੀਆਂ ਵੀ ਬਣੀਆਂ ਹੋਈਆਂ ਹਨ ਪ੍ਰੰਤੂ ਇਸ ਦਿਸ਼ਾ ਚ ਹਾਲੇ ਸਫਲਤਾ ਨਹੀ ਮਿਲ ਸਕੀ ਹੈ।
World ਇਟਲੀ ਪੁਲਿਸ ਨੇ ਅਮ੍ਰਿਤਧਾਰੀ ਸਿੱਖ ਜੋੜੇ ਦੇ ਸ੍ਰੀ ਸਾਹਿਬ ਨੂੰ ਜਾਨ ਲੈਵਾ...