ਚੰਡੀਗੜ੍ਹ ਪੁਲੀਸ ਵੱਲੋਂ ਮਹਿਲਾ ਚੋਰ ਗਰੋਹ ਦੀਆਂ ਦੋ ਮੈਂਬਰ ਗ੍ਰਿਫ਼ਤਾਰ

ਚੰਡੀਗੜ੍ਹ ਪੁਲੀਸ ਨੇ ਮਹਿਲਾ ਚੋਰ ਗਰੋਹ ਦੀਆਂ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੇ ਖੁਲਾਸੇ ਕੀਤੇ ਹਨ। ਪੁਲੀਸ ਅਨੁਸਾਰ ਸੈਕਟਰ-19 ਸਥਿਤ ਮਨਚੰਦਾ ਚੌਕ ਨੇੜੇ ਦੋ ਮਹਿਲਾਵਾਂ ਵੱਡੇ ਬੈਗਾਂ ਸਣੇ ਉਥੋਂ ਜਾ ਰਹੀਆਂ ਸਨ। ਪੁਲੀਸ ਨੇ ਸ਼ੱਕ ਪੈਣ ’ਤੇ ਉਨ੍ਹਾਂ ਦੀ ਤਲਾਸ਼ੀ ਲਈ, ਜਿਸ ਦੌਰਾਨ ਵੱਡੇ ਖੁਲਾਸੇ ਹੋਏ।
ਪੁਲੀਸ ਅਨੁਸਾਰ ਮਹਿਲਾਵਾਂ ਦੀ ਪਛਾਣ ਡੱਡੂਮਾਜਰਾ ਕਲੋਨੀ ਦੀਆਂ 34 ਸਾਲਾ ਨੀਟਾ ਤੇ 30 ਸਾਲਾ ਊਸ਼ਾ ਵਜੋਂ ਹੋਈ ਹੈ। ਉਨ੍ਹਾਂ ਦੇ ਬੈਗਾਂ ਵਿੱਚੋਂ ਡਰਿੱਲ ਮਸ਼ੀਨ, ਹਥੌੜੇ, ਮਾਰਬਲ ਕੱਟਣ ਵਾਲੀ ਮਸ਼ੀਨ ਤੇ ਵੁੱਡ ਕਟਰ ਬਰਾਮਦ ਹੋਏ ਹਨ। ਇਨ੍ਹਾਂ ਕੋਲੋਂ 18 ਪਾਣੀ ਦੀਆਂ ਟੂਟੀਆਂ ਵੀ ਬਰਾਮਦ ਹੋਈਆਂ ਹਨ। ਪੁਲੀਸ ਵੱਲੋਂ ਕੀਤੀ ਪੁੱਛ-ਪੜਤਾਲ ਦੌਰਾਨ ਮਹਿਲਾਵਾਂ ਨੇ ਮੰਨਿਆ ਕਿ ਉਨ੍ਹਾਂ ਇਹ ਸਾਮਾਨ ਸੈਕਟਰ-21 ਦੇ ਇਕ ਉਸਾਰੀ ਅਧੀਨ ਘਰ ’ਚੋਂ ਚੋਰੀ ਕੀਤਾ ਸੀ। ਪੁਲੀਸ ਅਨੁਸਾਰ ਦਰਅਸਲ ਇਕ ਅਪਰੈਲ ਨੂੰ ਸ਼ਿਕਾਇਤ ਮਿਲੀ ਸੀ ਕਿ ਕਿਸੇ ਨੇ ਸੈਕਟਰ-21 ’ਚੋਂ 18 ਹਜ਼ਾਰ ਰੁਪਏ, ਚਾਂਦੀ ਦੇ ਗਲਾਸ, ਕੰਪਿਊਟਰ ਸਕਰੀਨ, ਕੀਬੋਰਡ, ਯੂਪੀਐਸ ਤੇ ਹੋਰ ਸਮਾਨ ਚੋਰੀ ਕਰ ਲਿਆ ਹੈ। ਪੁਲੀਸ ਚੋਰਾਂ ਦੀ ਭਾਲ ਵਿਚ ਸੀ, ਜਿਸ ਦੌਰਾਨ ਇਹ ਮਹਿਲਾਵਾਂ ਕਾਬੂ ਆ ਗਈਆਂ। ਪੁਲੀਸ ਨੇ ਦੋਵਾਂ ਮਹਿਲਾਵਾਂ ਨੂੰ ਅਦਾਲਤ ’ਚ ਪੇਸ਼ ਕਰਕੇ ਦੋ ਰੋਜ਼ਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ ਤੇ ਪੁੱਛ-ਪੜਤਾਲ ਦੌਰਾਨ ਹੋਰ ਖੁਲਾਸਾ ਹੋਇਆ ਹੈ ਕਿ ਇਸ ਗਰੋਹ ਨੇ 12 ਮਾਰਚ ਨੂੰ ਸੈਕਟਰ-20 ਸੀ ਦੇ ਵੀ ਇਕ ਘਰ ’ਚ ਚੋਰੀ ਕੀਤੀ ਹੈ। ਇਸ ਮਗਰੋਂ ਮੁਲਜ਼ਮ ਮਹਿਲਾਵਾਂ ਨੇ ਹੋਰ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ 7 ਅਪਰੈਲ ਨੂੰ ਸੈਕਟਰ-7 ਦੇ ਇਕ ਮਕਾਨ ’ਚੋਂ ਵੀ ਸਾਮਾਨ ਚੋਰੀ ਕੀਤਾ ਸੀ। ਜਿਸ ਸਬੰਧੀ ਪਹਿਲਾਂ ਹੀ ਸੈਕਟਰ-26 ਥਾਣੇ ’ਚ ਕੇਸ ਦਰਜ ਹੈ। ਪੁਲੀਸ ਅਨੁਸਾਰ ਦੋਵਾਂ ਮਹਿਲਾਵਾਂ ਦਾ ਪਿਛੋਕੜ ਅਪਰਾਧਿਕ ਨਿਕਲਿਆ ਹੈ। ਪਹਿਲਾਂ ਹੀ ਉਨ੍ਹਾਂ ਵਿਰੁੱਧ ਚੰਡੀਗੜ੍ਹ ਤੇ ਮੁਹਾਲੀ ’ਚ ਚੋਰੀਆਂ ਦੇ ਕਈ ਕੇਸ ਦਰਜ ਹਨ।
ਇਸੇ ਦੌਰਾਨ ਪੁਲੀਸ ਨੇ 8 ਤੇ 9 ਅਪਰੈਲ ਦੀ ਰਾਤ ਨੂੰ ਇਕ ਵਿਅਕਤੀ ਨੂੰ ਲੁੱਟਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਪਿੰਡ ਕਿਸ਼ਨਗੜ੍ਹ ਦੇ ਵਸਨੀਕ ਸੁਰੇਸ਼ ਥਾਪਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਲੰਘੀ ਰਾਤ ਨੂੰ ਜਦੋਂ ਗੌਲਫ ਅਰਨ ਕੋਲ ਪਹੁੰਚਿਆ ਸੀ ਤਾਂ ਇਕ ਥ੍ਰੀਵ੍ਹੀਲਰ ਚਾਲਕ ਨੇ ਇਕਦਮ ਉਸ ਦੇ ਮੂਹਰੇ ਲਿਆ ਕੇ ਵਾਹਨ ਰੋਕ ਦਿੱਤਾ ਸੀ। ਇਸ ਮਗਰੋਂ ਥ੍ਰੀਵ੍ਹੀਲਰ ਦੇ ਸਵਾਰਾਂ ਨੇ ਬਾਹਰ ਨਿਕਲ ਕੇ ਉਸ ਦਾ ਪਰਸ ਤੇ ਹੋਰ ਸਾਮਾਨ ਖੋਹ ਲਿਆ। ਜਿਸ ਦੀ ਸੂਚਨਾ ਮਿਲਣ ’ਤੇ ਪੁਲੀਸ ਦੀ ਪੀਸੀਆਰ ਨੇ ਦੋ ਮੁਲਜ਼ਮਾਂ ਪਿੰਟੂੁ ਤੇ ਅਮਿਤ ਗੌਤਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਮੁਲਜ਼ਮਾਂ ਤੋਂ ਪੜਤਾਲ ਕਰ ਰਹੀ ਹੈ।

Previous articleਮੀਰਵਾਇਜ਼ ਤੋਂ ਲਗਾਤਾਰ ਦੂਜੇ ਦਿਨ ਪੁੱਛਗਿੱਛ
Next articleਕਾਮਰੇਡ ਘੁਮਾਣ ’ਤੇ ਕਾਤਲਾਨਾ ਹਮਲਾ