ਕਾਮਰੇਡ ਘੁਮਾਣ ’ਤੇ ਕਾਤਲਾਨਾ ਹਮਲਾ

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀ ਆਈ) ਦੇ ਸੀਨੀਅਰ ਆਗੂ ਗੁਰਦਿਆਲ ਸਿੰਘ ਘੁਮਾਣ ’ਤੇ ਲੰਘੀ ਰਾਤ ਪਿੰਡ ਪੱਡਾ ਦੇ ਭੱਠੇ ਲਾਗੇ ਤਿੰਨ ਹਮਲਾਵਰਾਂ ਵੱਲੋਂ ਕਾਤਲਾਨਾ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਗਿਆ।
ਇਸ ਘਟਨਾ ’ਚ ਕਾਮਰੇਡ ਘੁਮਾਣ ਦੀ ਸੱਜੀ ਲੱਤ ਟੁੱਟ ਗਈ ਹੈ ਅਤੇ ਸਰੀਰ ’ਤੇ ਹੋਰ ਜ਼ਖ਼ਮਾਂ ਦੇ ਨਿਸ਼ਾਨ ਹਨ। ਕਾਮਰੇਡ ਘੁਮਾਣ ਬਟਾਲਾ ਤੋਂ ਪੀਡੀਏ (ਪੰਜਾਬ ਡੈਮੋਕਰੇਟਿਕ ਅਲਾਇਸ) ਦੇ ਉਮੀਦਵਾਰ ਲਾਲਚੰਦ ਕਟਾਰੂਚੱਕ ਦੀ ਬਟਾਲਾ ’ਚ ਹੋਈ ਮੀਟਿੰਗ ਤੋਂ ਬਾਅਦ ਆਪਣੇ ਘਰ ਪਰਤ ਰਹੇ ਸਨ। ਸਿਵਲ ਹਸਪਤਾਲ ’ਚ ਜ਼ਖ਼ਮੀ ਗੁਰਦਿਆਲ ਸਿੰਘ ਘੁਮਾਣ ਨੇ ਗੱਲ ਕਰਦਿਆਂ ਕਿਹਾ ਕਿ, ਉਹ ਜਦੋਂ ਮੋਟਰਸਾਈਕਲ ’ਤੇ ਪਿੰਡ ਪੱਡੇ ਕੋਲ ਇੱਟਾਂ ਦੇ ਭੱਠੇ ’ਤੇ ਪੁੱਜੇ ਤਾਂ ਪਹਿਲਾ ਤੋਂ ਉਡੀਕ ਕਰ ਰਹੇ ਤਿੰਨ ਗੁੰਡਿਆਂ ਨੇ ਉਸ ਦੇ ਚੱਲਦੇ ਮੋਟਰਸਾਈਕਲ ਦੀ ਚਾਬੀ ਕੱਢਣ ਦਾ ਯਤਨ ਕੀਤਾ ਪਰ ਉਹ ਕਿਸੇ ਤਰ੍ਹਾਂ ਬਚ ਨਿਕਲਿਆਂ। ਇਸੇ ਦੌਰਾਨ ਇੱਕ ਹਮਲਾਵਰ ਨੇ ਉਸ ਦੇ ਪਿੱਛੋਂ ਦਾਤਰ ਮਾਰਿਆ ਤੇ ਵਾਹਨ ਦਾ ਸੰਤੁਲਨ ਵਿਗੜ ਕਾਰਨ ਉਹ ਡਿੱਗ ਪਿਆ ਅਤੇ ਖੇਤਾਂ ਵਿੱਚੋਂ ਦੀ ਜ਼ਖ਼ਮੀ ਹਾਲਤ ਵਿੱਚ ਭੱਜ ਨਿਕਲਿਆ। ਪੀੜਤ ਨੇ ਦੱਸਿਆ ਕਿ ਹਮਲਾਵਰ ਉਸ ਦਾ ਨਾਮ ਲੈ ਕੇ ਸਬਕ ਸਿਖਾਉਣ ਦੀ ਧਮਕੀ ਦਿੰਦੇ ਰਹੇ।
ਅੱਜ ਪੀਡੀਏ ਦਾ ਇੱਕ ਵਫ਼ਦ ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਨੂੰ ਮਿਲਿਆ ਜਿਸ ਵਿੱਚ ਆਰਐਮਪੀਆਈ ਦੇ ਕਾਮਰੇਡ ਰਘਬੀਰ ਸਿੰਘ ਪਕੀਵਾਂ, ਸਮਸ਼ੇਰ ਸਿੰਘ ਨਵਾਂਪਿੰਡ, ਅਜੀਤ ਸਿੰਘ ਠੱਕਰਸੰਧੂ, ਲੋਕ ਇਨਸਾਫ਼ ਪਾਰਟੀ ਦੇ ਵਿਜੇ ਤ੍ਰੇਹਨ, ਬਸਪਾ ਦੇ ਬਿਕਰਮ ਸਿੰਘ ਬਿੱਕਾ ਅਤੇ ਥੋੜੂ ਰਾਮ, ਪੰਜਾਬ ਏਕਤਾ ਪਾਰਟੀ ਦੇ ਮੈਨੇਜਰ ਅਤਰ ਸਿੰਘ ਸਮੇਤ ਹੋਰਾਂ ਨੇ ਜ਼ਿਲ੍ਹਾ ਪੁਲੀਸ ਮੁਖੀ ਤੋਂ ਮੰਗ ਕੀਤੀ ਕਿ ਘਟਨਾ ਲਈ ਜ਼ਿੰਮੇਵਾਰ ਤਿੰਨ ਮੁਲਜ਼ਮਾਂ ਦੀ ਪਛਾਣ ਕਰ ਕੇ ਤਰੁੰਤ ਕਾਬੂ ਕੀਤਾ ਜਾਵੇ। ਵਫ਼ਦ ਨੇ ਦੱਸਿਆ ਕਿ ਐਸਐਸਪੀ ਨੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੰਦਿਆਂ ਮੌਕੇ ’ਤੇ ਐਸਐਚਉ ਘੁਮਾਣ ਨੂੰ ਫੋਨ ਕੀਤਾ।

Previous articleਚੰਡੀਗੜ੍ਹ ਪੁਲੀਸ ਵੱਲੋਂ ਮਹਿਲਾ ਚੋਰ ਗਰੋਹ ਦੀਆਂ ਦੋ ਮੈਂਬਰ ਗ੍ਰਿਫ਼ਤਾਰ
Next articleਵੋਟਾਂ ਦੀ ਰੰਜਿਸ਼ ਕਾਰਨ ਕਾਂਗਰਸੀ ਤੇ ਅਕਾਲੀ ਭਿੜੇ, ਦੋ ਜ਼ਖ਼ਮੀ