ਮੁੰਬਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ ਉੱਤੇ ਅਧਾਰਿਤ ਫ਼ਿਲਮ ‘ਪੀਐੱਮ ਨਰਿੰਦਰ ਮੋਦੀ’ ਦੀ ਰਿਲੀਜ਼ ਹਾਲ ਦੀ ਘੜੀ ਅੱਗੇ ਪਾ ਦਿੱਤੀ ਗਈ ਹੈ। ਇਹ ਜਾਣਕਾਰੀ ਫ਼ਿਲਮ ਦੇ ਪ੍ਰੋਡਿਊਸਰ ਸੰਦੀਪ ਸਿੰਘ ਨੇ ਦਿੱਤੀ। ਦੱਸਣਯੋਗ ਹੈ ਕਿ ਇਹ ਫ਼ਿਲਮ ਭਲਕੇ ਸਿਨਮਾ ਘਰਾਂ ਵਿਚ ਰਿਲੀਜ਼ ਹੋਣੀ ਸੀ। ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ ਦੇ ਸੂਤਰਾਂ ਮੁਤਾਬਕ ਫ਼ਿਲਮ ਨੂੰ ਅਜੇ ਕਲੀਅਰੈਂਸ ਮਿਲਣੀ ਹੈ। ਇਹ ਫ਼ਿਲਮ ਪਹਿਲਾਂ 12 ਅਪਰੈਲ ਨੂੰ ਰਿਲੀਜ਼ ਹੋਣੀ ਸੀ ਪਰ ਇਸ ਦੇ ਪ੍ਰੋਡਿਊਸਰਾਂ ਨੇ ਲੋਕਾਂ ਵਲੋਂ ਫ਼ਿਲਮ ਰਿਲੀਜ਼ ਕਰਨ ਦੀ ਮੰਗ ਦਾ ਦਾਅਵਾ ਕਰਦਿਆਂ ਇਸ ਨੂੰ ਇੱਕ ਹਫ਼ਤਾ ਪਹਿਲਾਂ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਸੀ। ਸੰਦੀਪ ਸਿੰਘ ਨੇ ਟਵੀਟ ਕੀਤਾ,‘ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਸਾਡੀ ਫ਼ਿਲਮ ‘ਪੀਐੱਮ ਨਰਿੰਦਰ ਮੋਦੀ’ 5 ਅਪਰੈਲ ਨੂੁੰ ਰਿਲੀਜ਼ ਨਹੀਂ ਹੋ ਰਹੀ।’ ਭਾਵੇਂ ਉਨ੍ਹਾਂ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦੇ ਚੇਅਰਪਰਸਨ ਪ੍ਰਸੂਨ ਜੋਸ਼ੀ ਨੇ ਕਿਹਾ ਕਿ ਫ਼ਿਲਮ ਦੀ ਜਾਂਚ ਤੇ ਸਰਟੀਫਿਕੇਸ਼ਨ ਸਬੰਧੀ ਪ੍ਰਕਿਰਿਆ ਚੱਲ ਰਹੀ ਹੈ।