ਫਗਵਾੜਾ- ਇਥੋਂ ਦੇ ਮੁਹੱਲਾ ਸਤਨਾਮਪੁਰਾ ’ਚ ਪੈਂਦੇ ਆਦਰਸ਼ ਨਗਰ ਵਿੱਚ ਔਰਤ ਦੇ ਕਤਲ ਕੇਸ ਦੀ ਪੁਲੀਸ ਨੇ ਗੁੱਥਲੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਔਰਤ ਦੇ ਕਤਲ ਵਿੱਚ ਉਸ ਦੀ ਨੂੰਹ ਅਤੇ ਜ਼ਮੀਨ ਵਾਹੁਣ ਵਾਲੇ ਦੀ ਸ਼ਮੂਲੀਅਤ ਸਾਹਮਣੇ ਆਉਣ ਬਾਅਦ ਪੁਲੀਸ ਨੇ ਦੋਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ 302 ਦਾ ਪਰਚਾ ਦਰਜ ਕੀਤਾ ਜਾ ਚੁੱਕਿਆ ਹੈ। ਐਸਪੀ ਮਨਦੀਪ ਸਿੰਘ ਅਤੇ ਐਸਐਚਓ ਸਤਨਾਮਪੁਰਾ ਉਂਕਾਰ ਸਿੰਘ ਨੇ ਦੱਸਿਆ ਕਿ ਸਤਨਾਮ ਕੌਰ (57) ਦੇ ਪਤੀ ਦੀ 1997-98 ’ਚ ਮੌਤ ਹੋ ਗਈ ਸੀ। ਉਸ ਦੇ ਦੋ ਪੁੱਤਰ ਮਨਮੋਹਨ ਸਿੰਘ ਅਤੇ ਜਗਮੋਹਨ ਸਿੰਘ ਸਨ। ਜਗਮੋਹਨ ਸਿੰਘ ਵੱਡਾ ਪੁੱਤਰ ਸੀ। ਉਸ ਦੀ 2017 ’ਚ ਮੌਤ ਹੋ ਗਈ ਸੀ, ਜਦਕਿ ਛੋਟਾ ਪੁੱਤਰ ਮਨਮੋਹਨ ਸਿੰਘ ਕੈਨੇਡਾ ’ਚ ਰਹਿੰਦਾ ਹੈ। ਸਤਨਾਮ ਕੌਰ ਦਾ ਆਪਣੇ ਛੋਟੇ ਪੁੱਤਰ ਕੋਲ ਕੈਨੇਡਾ ਆਣਾ-ਜਾਣ ਸੀ ਅਤੇ ਹੁਣ ਵੀ 5 ਮਹੀਨੇ ਪਹਿਲਾ ਕੈਨੇਡਾ ਤੋਂ ਆਈ ਸੀ।ਜਗਮੋਹਨ ਸਿੰਘ ਦੀ ਪਤਨੀ ਹਰਜੋਤ ਕੌਰ ਦੀ ਆਪਣੀ ਸੱਸ ਦੇ ਨਾਲ ਬਹੁਤੇ ਸਬੰਧ ਠੀਕ ਨਾ ਹੋਣ ਕਾਰਨ ਉਹ ਆਪਣੇ ਪੇਕੇ ਪਿੰਡ ਦਾਦੂਵਾਲ ਲੰਬੇਂ ਸਮੇਂ ਤੋਂ ਰਹਿ ਰਹੀ ਹੈ। ਉਸ ਨੇ ਜ਼ਮੀਨ ਵਾਹੁਣ ਵਾਲੇ ਵਿਕਰਮ ਸਿੰਘ ਉਰਫ਼ ਵਿੱਕੀ ਵਾਸੀ ਪਿੰਡ ਸਮਰਾਵਾਂ (ਜਲੰਧਰ) ਨੂੰ ਪੈਸਿਆਂ ਦਾ ਲਾਲਚ ਦੇ ਦਿੱਤਾ। ਉਹ ਦੋਵੇਂ 29 ਮਾਰਚ ਨੂੰ ਸਤਨਾਮ ਕੌਰ ਕੋਲ ਆਏ। ਸਤਨਾਮ ਕੌਰ ਘਰ ’ਚ ਇਕੱਲੀ ਸੀ। ਉਨ੍ਹਾਂ ਉਸ ਦਾ ਗੱਲਾ ਘੁੱਟ ਦਿੱਤਾ ਤੇ ਉਥੋਂ ਫ਼ਰਾਰ ਹੋ ਗਏ। ਉਸ ਦੇ ਘਰ ਦੇ ਆਲੇ ਦੁਆਲੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਪੁਲੀਸ ਨੇ ਕੀਤੀ ਜਾਂਚ ਤੋਂ ਸ਼ੱਕ ਦੀ ਸੂਈ ਉਸ ਦੀ ਨੂੰਹ ਵੱਲ ਗਈ, ਜਿਸ ਨੂੰ ਕਾਬੂ ਕਰਕੇ ਪੁੱਛ-ਪੜਤਾਲ ਕੀਤੀ ਤਾਂ ਸੱਚਾਈ ਸਾਹਮਣੇ ਆਈ। ਹਰਜੋਤ ਕੌਰ ਨੇ ਮੰਨਿਆ ਕਿ ਉਸ ਦੇ ਸਿਰ ਕਰਜ਼ਾ ਸੀ ਉਸ ਨੇ ਸੋਚਿਆ ਕਿ ਸੱਸ ਨੂੰ ਮੌਤ ਦੇ ਘਾਟ ਉਤਾਰਨ ਉਪਰੰਤ ਹੀ ਉਸ ਨੂੰ ਜਾਇਦਾਦ ਦਾ ਹਿੱਸਾ ਮਿਲ ਸਕਦਾ ਹੈ, ਜਿਸ ਸਬੰਧੀ ਉਸ ਨੇ ਜ਼ਮੀਨ ਵਾਹੁਣ ਵਾਲੇ ਨਾਲ ਸਾਜ਼ਿਸ਼ ਰਚ ਲਈ। ਦੋਵਾਂ ਨੂੰ ਹੁਣ ਕੱਲ੍ਹ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
INDIA ਕਰਜ਼ਾ ਲਾਹੁਣ ਲਈ ਸੱਸ ਦਾ ਕਤਲ ਕੀਤਾ