ਉਰਮਿਲਾ ਨੂੰ ਮੁੰਬਈ ਉੱਤਰੀ ਤੇ ਮੀਰਾ ਕੁਮਾਰ ਨੂੰ ਸਸਾਰਾਮ ਤੋਂ ਟਿਕਟ

ਕਾਂਗਰਸ ਨੇ ਅੱਜ ਫਿਲਮ ਅਦਾਕਾਰਾ ਉਰਮਿਲਾ ਮਾਤੋਂਡਕਰ ਨੂੰ ਮੁੰਬਈ ਉੱਤਰੀ ਅਤੇ ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਨੂੰ ਬਿਹਾਰ ਦੇ ਸਸਾਰਾਮ ਤੋਂ ਉਮੀਦਵਾਰ ਐਲਾਨਿਆ ਹੈ। ਕਾਂਗਰਸ ਨੇ ਅੱਜ ਆਪਣੇ 12 ਉਮੀਦਵਾਰਾਂ ਦੀ ਜਾਰੀ ਕੀਤੀ ਸੂਚੀ ਵਿੱਚ ਬਿਹਾਰ ਦੇ ਸੁਪੌਲ ਤੋਂ ਮੌਜੂਦਾ ਸੰਸਦ ਮੈਂਬਰ ਰਣਜੀਤ ਰੰਜਨ ਨੂੰ ਮੁੜ ਉਮੀਦਵਾਰ ਐਲਾਨਿਆ ਹੈ। ਪਾਰਟੀ ਨੇ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਤੋਂ ਉਮੀਦਵਾਰ ਬਦਲ ਦਿੱਤਾ ਹੈ ਤੇ ਜੇਲ੍ਹ ’ਚ ਸਜ਼ਾ ਭੁਗਤ ਰਹੇ ਅਮਰਮਨੀ ਤ੍ਰਿਪਾਠੀ ਦੀ ਧੀ ਤਨੂਸ਼੍ਰੀ ਤ੍ਰਿਪਾਠੀ ਦੀ ਥਾਂ ਸੁਪ੍ਰਿਆ ਸ੍ਰੀਨਾਥ ਨੂੰ ਮੈਦਾਨ ’ਚ ਉਤਾਰਿਆ ਹੈ। ਪਾਰਟੀ ਨੇ ਆਪਣੇ ਬਿਆਨ ’ਚ ਕਿਹਾ, ‘ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ ਉਰਮਿਲਾ ਮਾਤੋਂਡਕਰ ਨੂੰ ਮਹਾਰਾਸ਼ਟਰ ਦੇ ਮੁੰਬਈ (ਉੱਤਰੀ) ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਵਜੋਂ ਉਤਾਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।’ ਇਸੇ ਦੌਰਾਨ ਕਾਂਗਰਸ ਪਾਰਟੀ ਨੇ ਰਾਜਸਥਾਨ ਦੀਆਂ 25 ’ਚੋਂ 19 ਲੋਕ ਸਭਾ ਸੀਟਾਂ ਲਈ ਜਾਰੀ ਆਪਣੀ ਪਹਿਲੀ ਸੂਚੀ ’ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਪੁੱਤਰ ਵੈਭਵ ਗਹਿਲੋਤ ਦੇ ਨਾਲ ਨਾਲ ਭਾਜਪਾ ਦੇ ਦਿੱਗਜ਼ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਜਸਵੰਤ ਸਿੰਘ ਦੇ ਪੁੱਤਰ ਮਾਨਵਿੰਦਰ ਸਿੰਘ ਜਸੋਲ ਦਾ ਨਾਂ ਵੀ ਸ਼ਾਮਲ ਕੀਤਾ ਹੈ। ਵੈਭਵ ਗਹਿਲੋਤ ਨੂੰ ਜੋਧਪੁਰ ਤੋਂ ਟਿਕਟ ਦਿੱਤੀ ਗਈ ਹੈ। ਪਾਰਟੀ ਨੇ ਕੁੱਲ ਮਿਲਾ ਕੇ ਪੰਜ ਅਜਿਹੇ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ ਜੋ ਵਿਧਾਨ ਸਭਾ ਚੋਣਾਂ ਹਾਰ ਗਏ ਸੀ। ਵਿਧਾਇਕ ਰਾਮ ਨਾਰਾਇਣ ਮੀਣਾ ਨੂੰ ਕੋਟਾ ਬੂੰਦੀ ਤੋਂ ਉਮੀਦਵਾਰ ਬਣਾਇਆ ਗਿਆ ਹੈ।

Previous articleਦਸਵੀਂ ਦਾ ਪੇਪਰ ਦੇਣ ਆਈਆਂ ਵਿਦਿਆਰਥਣਾਂ ਦੀ ਗੱਡੀ ’ਤੇ ਹਮਲਾ
Next articleਭਾਜਪਾ ਟਿਕਟ ਦੇ ਦਾਅਵੇਦਾਰ ਬਣੇ ‘ਚੌਕੀਦਾਰ’