ਦਸਵੀਂ ਦਾ ਪੇਪਰ ਦੇਣ ਆਈਆਂ ਵਿਦਿਆਰਥਣਾਂ ਦੀ ਗੱਡੀ ’ਤੇ ਹਮਲਾ

ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਭੱਟੀਆਂ ਦੇ ਸੀਨੀਅਰ ਸੈਕੰਡਰੀ ਸਕੂਲ ਅੱਗੇ ਅੱਜ ਹਾਲਾਤ ਉਸ ਵੇਲੇ ਤਣਾਅਪੂਰਨ ਬਣ ਗਏ ਜਦੋਂ ਦਸਵੀਂ ਦੀ ਪ੍ਰੀਖਿਆ ਦੇਣ ਜਾ ਰਹੀਆਂ ਲੜਕੀਆਂ ਦੀ ਗੱਡੀ ਨੂੰ ਗੁੰਡਾ ਅਨਸਰਾਂ ਨੇ ਰੋਕ ਲਿਆ ਅਤੇ ਗੱਡੀ ਦੀ ਭੰਨ੍ਹਤੋੜ ਕੀਤੀ। ਉਨ੍ਹਾਂ ਗੱਡੀ ਦੇ ਡਰਾਈਵਰ ਨੂੰ ਵੀ ਗੰਭੀਰ ਸੱਟਾਂ ਮਾਰੀਆਂ।
ਪੀੜਤ ਵਿਦਿਆਰਥਣਾਂ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਲੜਕੀਆਂ ਸਰਕਾਰੀ ਹਾਈ ਸਕੂਲ ਕੋਟ ਟੋਡਰ ਮੱਲ ਵਿੱਚ ਪੜ੍ਹਦੀਆਂ ਹਨ। ਉਹ ਭੱਟੀਆਂ ਸੀਨੀਅਰ ਸੈਕੰਡਰੀ ਸਕੂਲ ’ਚ ਬਣੇ ਪ੍ਰੀਖਿਆ ਕੇਂਦਰ ਵਿੱਚ ਦਸਵੀਂ ਦਾ ਇਮਤਿਹਾਨ ਦੇਣ ਲਈ ਇੱਕ ਗੱਡੀ ਰਾਹੀਂ ਆਉਂਦੀਆਂ ਹਨ। ਗੱਡੀ ਦੇ ਡਰਾਈਵਰ ਗੁਰਪ੍ਰੀਤ ਸਿੰਘ ਪੁੱਤਰ ਸੰਤੋਖ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਕੁੱਝ ਵਿਦਿਆਰਥੀਆਂ ਵੱਲੋਂ ਉਨ੍ਹਾਂ ਦੀ ਗੱਡੀ ਦਾ ਪਿੱਛਾ ਪਿੰਡ ਕੋਟ ਟੋਡਰ ਮੱਲ ਤੱਕ ਕੀਤਾ ਜਾ ਰਿਹਾ ਸੀ। ਬੀਤੇ ਦਿਨ ਵੀ ਇਨ੍ਹਾਂ ਵਿਦਿਆਰਥੀਆਂ ਨੇ ਗੱਡੀ ਦਾ ਮੋਟਰਸਾਈਕਲ ’ਤੇ ਪਿੱਛਾ ਕੀਤਾ ਅਤੇ ਵਿਦਿਆਰਥਣਾਂ ਨੂੰ ਅਸ਼ਲੀਲ ਇਸ਼ਾਰੇ ਕੀਤੇ। ਜਦੋਂ ਉਸ ਨੇ ਇਸ ਹਰਕਤ ’ਤੇ ਇਤਰਾਜ਼ ਕੀਤਾ ਤਾਂ ਇਨ੍ਹਾਂ ਗੁੰਡਾ ਅਨਸਰਾਂ ਨੇ ਸਾਥੀਆਂ ਸਮੇਤ ਮਿਲ ਕੇ ਉਸ ਨਾਲ ਤਕਰਾਰ ਕੀਤੀ। ਇਹ ਵਿਗੜੇ ਹੋਏ ਨੌਜਵਾਨ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਉਨ੍ਹਾਂ ਦੇ ਪਿੰਡ ਕੋਟ ਟੋਡਰ ਮੱਲ ਤੱਕ ਪਹੁੰਚ ਗਏ ਜਿੱਥੇ ਪਿੰਡ ਵਾਸੀਆਂ ਨੇ ਇਨ੍ਹਾਂ ਨੌਜਵਾਨਾਂ ਨੂੰ ਸਮਝਾ ਕੇ ਉੱਥੋਂ ਵਾਪਸ ਭੇਜ ਦਿੱਤਾ।ਅੱਜ ਮੁੜ ਤੋਂ ਉਨ੍ਹਾਂ ਨੌਜਵਾਨਾਂ ਨੇ ਸਕੂਲ ਗੱਡੀ ਨੂੰ ਪਹਿਲਾਂ ਅੱਪਰਬਾਰੀ ਦੁਆਬ ਨਹਿਰ ਦੇ ਪੁਲ ’ਤੇ ਘੇਰ ਲਿਆ ਜਿੱਥੋਂ ਡਰਾਈਵਰ ਗੁਰਪ੍ਰੀਤ ਸਿੰਘ ਕਿਸੇ ਢੰਗ ਨਾਲ ਗੱਡੀ ਨੂੰ ਬਚਾਅ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਟੀਆਂ ਦੇ ਸਾਹਮਣੇ ਲੈ ਆਇਆ। ਇਸ ਦੌਰਾਨ ਵਿਦਿਆਰਥੀਆਂ ਨੇ ਗੱਡੀ ਉੱਪਰ ਮੁੜ ਹਮਲਾ ਕਰ ਦਿੱਤਾ। ਹਮਲਾਵਰ ਵਿਦਿਆਰਥੀਆਂ ਕੋਲ ਲੋਹੇ ਦੀਆਂ ਰਾਡਾਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਵੀ ਸਨ। ਉਨ੍ਹਾਂ ਗੱਡੀ ਦੀ ਭੰਨ੍ਹਤੋੜ ਕਰਨ ਤੋਂ ਇਲਾਵਾ ਚਾਲਕ ਗੁਰਪ੍ਰੀਤ ਸਿੰਘ ਨੂੰ ਗੰਭੀਰ ਸੱਟਾਂ ਵੀ ਮਾਰੀਆਂ ਜਿਸ ਕਾਰਨ ਉਸ ਦੀ ਸੱਜੀ ਬਾਂਹ ਟੁੱਟ ਗਈ ਅਤੇ ਧੌਣ ਉੱਤੇ ਵੀ ਗੰਭੀਰ ਜ਼ਖ਼ਮ ਹਨ। ਸਰਪੰਚ ਜਸਬੀਰ ਸਿੰਘ ਕੋਟ ਟੋਡਰ ਮੱਲ ਅਤੇ ਪਿੰਡ ਵਾਸੀ ਸੁਲੱਖਣ ਸਿੰਘ ਤੇ ਸੰਤੋਖ ਸਿੰਘ ਆਦਿ ਨੇ ਦੱਸਿਆ ਕਿ ਸਕੂਲ ਦੇ ਸਟਾਫ਼ ਅਤੇ ਕੁੱਝ ਲੋਕਾਂ ਨੇ ਡਰਾਈਵਰ ਨੂੰ ਬੜੀ ਮੁਸ਼ਕਿਲ ਨਾਲ ਇਨ੍ਹਾਂ ਗੁੰਡਿਆਂ ਤੋਂ ਛੁਡਵਾਇਆ। ਇਸ ਦੌਰਾਨ ਕੁੱਝ ਹਮਲਾਵਰ ਤਾਂ ਦੌੜ ਗਏ ਜਦੋਂਕਿ ਕੁੱਝ ਪ੍ਰੀਖਿਆ ਦੇਣ ਲਈ ਕੇਂਦਰ ਵਿੱਚ ਬੈਠ ਗਏ। ਸਕੂਲ ਪ੍ਰਸ਼ਾਸਨ ਨੇ ਘਟਨਾ ਦੀ ਸੂਚਨਾ ਕਾਹਨੂੰਵਾਨ ਪੁਲੀਸ ਨੂੰ ਦਿੱਤੀ। ਇਸ ਦੌਰਾਨ ਲੜਕੀਆਂ ਦੇ ਮਾਪੇ ਸਕੂਲ ਦੇ ਗੇਟ ਸਾਹਮਣੇ ਇਕੱਠੇ ਹੋ ਗਏ ਅਤੇ ਪੁਲੀਸ ਦੀ ਹਾਜ਼ਰੀ ਵਿੱਚ ਗੁੰਡਾ ਅਨਸਰਾਂ ਵਿਰੁੱਧ ਰੋਸ ਪ੍ਰਦਰਸ਼ਨ ਵੀ ਕੀਤਾ। ਸਥਿਤੀ ਗੰਭੀਰ ਹੁੰਦੀ ਦੇਖ ਮੌਕੇ ’ਤੇ ਥਾਣਾ ਕਾਹਨੂੰਵਾਨ ਅਤੇ ਥਾਣਾ ਭੈਣੀ ਮੀਆਂ ਖਾਂ ਦੀ ਪੁਲੀਸ ਵੱਡੀ ਗਿਣਤੀ ਵਿੱਚ ਪਹੁੰਚ ਗਈ। ਇਸ ਮੌਕੇ ਪੁਲੀਸ ਨੇ ਹਲਕੇ ਬਲ ਦਾ ਪ੍ਰਯੋਗ ਕਰਦਿਆਂ ਪ੍ਰਦਰਸ਼ਨਕਾਰੀਆਂ ਅਤੇ ਭੜਕੇ ਹੋਏ ਲੋਕਾਂ ਨੂੰ ਦੌੜਾ ਦਿੱਤਾ। ਪੁਲੀਸ ਨੇ ਪ੍ਰੀਖਿਆ ਤੋਂ ਬਾਅਦ ਚਾਰ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਪੜਤਾਲ ਕਰਨ ਮਗਰੋਂ ਛੱਡ ਦਿੱਤਾ। ਪੜਤਾਲੀਆ ਅਫ਼ਸਰ ਏਐੱਸਆਈ ਤਰਲੋਕ ਚੰਦ ਨੇ ਕਿਹਾ ਕਿ ਉਹ ਜ਼ਖ਼ਮੀ ਗੱਡੀ ਚਾਲਕ ਗੁਰਪ੍ਰੀਤ ਸਿੰਘ ਦੇ ਬਿਆਨ ਲੈ ਕੇ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨਗੇ। ਉੱਧਰ, ਭੱਟੀਆਂ ਸਕੂਲ ਦੇ ਅਧਿਆਪਕ ਚਰਨਜੀਤ ਸਿੰਘ ਸੈਣੀ ਨੇ ਕਿਹਾ ਕਿ ਅੱਜ ਦਸਵੀਂ ਦੇ ਵਿਦਿਆਰਥੀਆਂ ਦਾ ਇਮਤਿਹਾਨ ਸ਼ੁਰੂ ਹੋਣ ਤੋਂ ਪਹਿਲਾਂ ਗੇਟ ’ਤੇ ਬੱਚਿਆਂ ਦਾ ਚੀਕ-ਚਿਹਾੜਾ ਸੁਣ ਕੇ ਉਹ ਸਾਥੀ ਅਧਿਆਪਕਾਂ ਸਮੇਤ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਪੁਲੀਸ ਨੂੰ ਮੌਕੇ ’ਤੇ ਸੱਦਿਆ।

Previous articleਬਠਿੰਡਾ ਏਮਜ਼: ਬ੍ਰਹਮ ਮਹਿੰਦਰਾ ਨੇ ਹਰਸਿਮਰਤ ਨੂੰ ਘੇਰਿਆ
Next articleਉਰਮਿਲਾ ਨੂੰ ਮੁੰਬਈ ਉੱਤਰੀ ਤੇ ਮੀਰਾ ਕੁਮਾਰ ਨੂੰ ਸਸਾਰਾਮ ਤੋਂ ਟਿਕਟ