ਏਐੱਸਆਈ ਨੇ ਪਤਨੀ ਨੂੰ ਗੋਲੀਆਂ ਮਾਰਨ ਮਗਰੋਂ ਖੁਦਕੁਸ਼ੀ ਕੀਤੀ

ਪੰਜਾਬ ਪੁਲੀਸ ਦੇ ਇੱਕ ਏਐੱਸਆਈ ਨੇ ਘਰੇਲੂ ਝਗੜੇ ਤੋਂ ਬਾਅਦ ਆਪਣੇ ਸਰਵਿਸ ਰਿਵਾਲਵਰ ਨਾਲ ਆਪਣੀ ਪਤਨੀ ਤੇ ਖੁਦ ਨੂੰ ਗੋਲੀ ਮਾਰ ਲਈ। ਰਾਮਾ ਮੰਡੀ ਇਲਾਕੇ ਦੇ ਦਸਮੇਸ਼ ਨਗਰ ’ਚ ਰਹਿਣ ਵਾਲੇ ਏਐੱਸਆਈ ਗੁਰਬਖਸ਼ ਸਿੰਘ (45) ਨੇ ਆਪਣੀ ਪਤਨੀ ਵੰਦਨਾ ਭਾਰਦਵਾਜ (41) ਨੂੰ ਸਵੇਰੇ ਹੋਏ ਮਾਮੂਲੀ ਝਗੜੇ ਦੌਰਾਨ ਗੋਲੀ ਮਾਰ ਦਿੱਤੀ ਸੀ। ਬਾਅਦ ’ਚ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖਤਮ ਕਰ ਲਿਆ। ਜਦੋਂ ਇਹ ਘਟਨਾ ਵਾਪਰੀ ਉਦੋਂ ਉਨ੍ਹਾਂ ਦੇ ਦੋਵੇਂ ਬੱਚੇ ਘਰ ਵਿੱਚ ਹੀ ਸਨ। ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਗੁਰਬਖਸ਼ ਸਿੰਘ ਪੀਏਪੀ ’ਚ ਤਾਇਨਾਤ ਸੀ। ਉਸ ਨੇ ਪਹਿਲਾਂ ਆਪਣੀ ਪਤਨੀ ਨੂੰ ਦੋ ਗੋਲੀਆਂ ਮਾਰੀਆਂ, ਫਿਰ ਖੁਦ ਨੂੰ ਗੋਲੀ ਮਾਰ ਲਈ। ਪਰਿਵਾਰਕ ਮੈਂਬਰਾਂ ਤੇ ਗੁਆਂਢੀਆਂ ਅਨੁਸਾਰ ਘਰੇਲੂ ਝਗੜਾ ਹੀ ਉਨ੍ਹਾਂ ਦੋਵਾਂ ਦੀ ਮੌਤ ਦਾ ਕਾਰਨ ਬਣਿਆ। ਮੌਕੇ ਤੋਂ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ। ਪੁਲੀਸ ਨੇ 174 ਦੀ ਕਾਰਵਾਈ ਕਰਕੇ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀਆਂ ਹਨ। ਇਸ ਘਟਨਾ ਕਾਰਨ ਮ੍ਰਿਤਕਾਂ ਦੇ ਬੱਚੇ ਧੀ ਰੁਪਿੰਦਰ ਕੌਰ (19) ਤੇ ਪੁੱਤਰ ਪ੍ਰਭਜੋਤ ਸਿੰਘ (17) ਇੰਨੇ ਸਦਮੇ ’ਚ ਹਨ ਕਿ ਉਹ ਕੋਈ ਵੀ ਗੱਲ ਨਹੀਂ ਕਰ ਰਹੇ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪਿਛਲੇ ਇਕ ਹਫਤੇ ਤੋਂ ਪਤੀ-ਪਤਨੀ ਵਿੱਚ ਝਗੜਾ ਚੱਲ ਰਿਹਾ ਸੀ।। ਲੰਘੀ ਰਾਤ ਖਾਣਾ ਖਾਣ ਤੋਂ ਬਾਅਦ ਦੋਵੇਂ ਸੌਂ ਗਏ ਸਨ ਤੇ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਇਹ ਘਟਨਾ ਵਾਪਰੀ।

Previous articleਰਾਸ਼ਟਰਪਤੀ ਨੇ ਸੁਰੱਖਿਆ ਕਰਮੀਆਂ ਨੂੰ ਬਹਾਦਰੀ ਪੁਰਸਕਾਰ ਵੰਡੇ
Next articleਪੌਂਟਿੰਗ ਨੇ ਚੌਥੇ ਨੰਬਰ ਉੱਤੇ ਰਿਸ਼ਭ ਪੰਤ ਨੂੰ ਉਤਾਰਨ ਦੀ ਕੀਤੀ ਪੈਰਵੀ