ਰਾਸ਼ਟਰਪਤੀ ਨੇ ਸੁਰੱਖਿਆ ਕਰਮੀਆਂ ਨੂੰ ਬਹਾਦਰੀ ਪੁਰਸਕਾਰ ਵੰਡੇ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੰਗਲਵਾਰ ਨੂੰ ਜੰਮੂ ਕਸ਼ਮੀਰ ਅਤੇ ਉੱਤਰ ਪੂਰਬ ਵਿਚ ਫ਼ੌਜੀ ਅਪਰੇਸ਼ਨਾਂ ਦੌਰਾਨ ਜਾਨਾਂ ਕੁਰਬਾਨ ਕਰਨ ਵਾਲੇ ਦੋ ਫ਼ੌਜੀਆਂ ਨੂੰ ਕੀਰਤੀ ਚੱਕਰ ਤੇ ਦੋ ਨੂੰ ਸ਼ੌਰਿਆ ਚੱਕਰ ਪ੍ਰਦਾਨ ਕੀਤੇ ਹਨ। ਕੀਰਤੀ ਚੱਕਰ ਆਰਮਰਡ ਕੋਰ ਦੇ ਸੋਵਾਰ ਵਿਜੈ ਕੁਮਾਰ ਅਤੇ ਸੀਆਰਪੀਐਫ ਦੇ ਸਿਪਾਹੀ ਪ੍ਰਦੀਪ ਕੁਮਾਰ ਪਾਂਡਾ ਨੂੰ ਦਿੱਤੇ ਗਏ। ਦੋਵੇਂ ਜੰਮੂ ਕਸ਼ਮੀਰ ਵਿਚ ਵੱਖੋ ਵੱਖਰੇ ਥਾਈਂ ਹੋਏ ਮੁਕਾਬਲਿਆਂ ਵਿਚ ਸ਼ਹੀਦ ਹੋ ਗਏ ਸਨ। ਰਾਈਫਲਮੈਨ ਜੈਪ੍ਰਕਾਸ਼ ਓਰਾਓਂ ਅਤੇ ਸਿਪਾਹੀ ਅਜੈ ਕੁਮਾਰ ਨੂੰ ਕ੍ਰਮਵਾਰ ਮਣੀਪੁਰ ਅਤੇ ਜੰਮੂ ਕਸ਼ਮੀਰ ਵਿਚ ਦਹਿਸ਼ਤਪਸੰਦੀ ਖਿਲਾਫ਼ ਅਪਰੇਸ਼ਨਾਂ ਦੌਰਾਨ ਆਪਣੀ ਜਾਨ ਨਿਛਾਵਰ ਕਰਨ ਬਦਲੇ ਸ਼ੌਰੀਆ ਚੱਕਰ ਪ੍ਰਦਾਨ ਕੀਤੇ ਹਨ। ਇਨ੍ਹਾਂ ਤੋਂ ਇਲਾਵਾ ਸੀਆਰਪੀਐਫ ਦੇ ਡਿਪਟੀ ਕਮਾਂਡੈਂਟ ਕੁਲਦੀਪ ਸਿੰਘ ਚਾਹੜ, ਮੇਜਰ ਪਵਨ ਕੁਮਾਰ, ਰਾਈਫਲਮੈਨ ਰਥਵਾ ਲਿਲੇਸ਼ ਭਾਈ, ਨਾਇਬ ਸੂਬੇਦਾਰ ਅਨਿਲ ਕੁਮਾਰ ਦਹੀਆ, ਸੀਆਰਪੀਐਫ ਅਸਿਸਟੈਂਟ ਕਮਾਂਡੈਂਟ ਜ਼ਿਲੇ ਸਿੰਘ, ਹਵਾਲਦਾਰ ਜਾਵੀਦ ਅਹਿਮਦ ਭੱਟ, ਹਵਾਲਦਾਰ ਕੁਲ ਬਹਾਦਰ ਥਾਪਾ, ਲੈਫਟੀਨੈਂਟ ਕਰਨਲ ਅਰਜਨ ਸ਼ਰਮਾ, ਕੈਪਟਨ ਅਭੈ ਸ਼ਰਮਾ, ਮੇਜਰ ਇਮਲਿਆਕੁਮ ਕੀਤਜ਼ਰ, ਮੇਜਰ ਰੋਹਿਤ ਲਿੰਗਵਾਲ ਅਤੇ ਲੈਫਟੀਨੈਂਟ ਕਰਨਲ ਵਿਕਰਾਂਤ ਪ੍ਰਾਸ਼ਰ ਨੂੰ ਉੱਤਰਪੂਰਬ ਅਤੇ ਜੰਮੂ ਕਸ਼ਮੀਰ ਵਿਚ ਫ਼ੌਜੀ ਅਪਰੇਸ਼ਨਾਂ ਦੌਰਾਨ ਬਹਾਦਰੀ ਦਿਖਾਉਣ ਬਦਲੇ ਸ਼ੌਰੀਆ ਚੱਕਰ ਦਿੱਤੇ ਗਏ ਹਨ। ਇਨ੍ਹਾਂ ਤੋਂ ਇਲਾਵਾ ਤਿੰਨ ਹਥਿਆਰਬੰਦ ਦਸਤਿਆਂਂ ਦੇ 13 ਸੀਨੀਅਰ ਅਫ਼ਸਰਾਂ ਨੂੰ ਪਰਮ ਵਸ਼ਿਸ਼ਟ ਸੇਵਾ ਮੈਡਲ, ਦੋ ਫ਼ੌਜੀ ਅਫ਼ਸਰਾਂ ਨੂੰ ਉੱਤਮ ਯੁੱਧ ਸੇਵਾ ਮੈਡਲ, ਤਿੰਨੋ ਸੈਨਾਵਾਂ ਦੇ 26 ਅਫ਼ਸਰਾਂ ਨੂੰ ਅਤਿ ਵਸ਼ਿਸ਼ਟ ਸੇਵਾ ਮੈਡਲ ਦਿੱਤੇ ਗਏ ਹਨ।

Previous articleਨਿਊਜ਼ੀਲੈਂਡ ਹਮਲਾ: ਛੇ ਮ੍ਰਿਤਕਾਂ ਦੀਆਂ ਦੇਹਾਂ ਪਰਿਵਾਰਾਂ ਨੂੰ ਸੌਂਪੀਆਂ
Next articleਏਐੱਸਆਈ ਨੇ ਪਤਨੀ ਨੂੰ ਗੋਲੀਆਂ ਮਾਰਨ ਮਗਰੋਂ ਖੁਦਕੁਸ਼ੀ ਕੀਤੀ