ਲੰਡਨ ਭਾਰਤੀ ਅੰਬੈਸੀ ਸਾਹਮਣੇ 3 ਸਿੱਖ ਨੌਜਵਾਨਾਂ ਦੀ ਨਜਾਇਜ਼ ਗ੍ਰਿਫਤਾਰੀ  ਖਿਲਾਫ ਭਾਰੀ ਰੋਸ ਮੁਜ਼ਾਹਰਾ

ਸਿੱਖਾਂ ਦੇ ਧਾਰਮਿਕ ਚਿੰਨਾ ਦਾ ਨਿਰਾਦਰ ਕਰਨ ਤੇ ਅੰਬੈਸੀ ਬਾਹਰ ਸਿੱਖਾਂ ਦਾ  ਵਿਰੋਧ ਕਰ ਰਹੇ ਭਾਰਤੀ ਸਮਰਥਕਾਂ ਨੂੰ ਸਿੱਖਾਂ ਦੇ ਜੋਸ਼ ਅੱਗੇ ਤਿਰੰਗਾ ਛੱਡ ਭੱਜਣਾ ਪਿਆਂ 

ਪੁਲਸ ਨੇ ਇਕ ਸਿੱਖ ਗਿ੍ਰਫਤਾਰ, ਤਿਰੰਗਾ, ਬੈਨਰ ਕੀਤੇ ਲੀਰੋ ਲੀਰ

ਲੰਡਨ – (ਰਾਜਵੀਰ ਸਮਰਾ) ਪੰਜਾਬ ਅੰਦਰ 3 ਨੌਜਵਾਨਾਂ ਅਰਵਿੰਦਰ ਸਿੰਘ, ਰਣਜੀਤ ਸਿੰਘ ਅਤੇ ਸੁਰਜੀਤ ਸਿੰਘ ਦੀ ਨਜਾਇਜ਼ ਗ੍ਰਿਫਤਾਰੀ ਖਿਲਾਫ ਅਤੇ ਦੱਖਣੀ ਏਸ਼ੀਆ ਵਿੱਚ ਭਾਰਤ ਵੱਲੋਂ ਜੰਗ ਲਈ ਕੀਤੀ ਲਾਮਬੰਦੀ ਦੇ ਵਿਰੋਧ ਵਿੱਚ ਅੱਜ ਸੈਂਕੜੇ ਸਿੱਖਾਂ ਅਤੇ ਕਸ਼ਮੀਰੀਆਂ ਵੱਲੋਂ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਜ਼ੋਰਦਾਰ ਮੁਜ਼ਾਹਰਾ ਕੀਤਾ । ਮੁਜ਼ਾਹਰੇ ਦੌਰਾਨ ਖਾਲਿਸਤਾਨ ਅਤੇ ਕਸ਼ਮੀਰ ਦੇ ਹੱਕ ਵਿੱਚ ਅਤੇ ਭਾਰਤ ਖਿਲਾਫ ਲਾਏ ਨਾਅਰਿਆਂ ਨਾਲ ਲੰਡਨ ਦੀਆਂ ਗਲੀਆਂ ਗੂੰਜ ਉੱਠੀਆਂ।

ਮੁਜ਼ਾਹਰੇ ਦੌਰਾਨ ਉਸ ਵੇਲੇ ਤਣਾਅ ਪੈਦਾ ਹੋ ਗਿਆ ਜਦੋਂ ਕੁਝ ਭਾਰਤ ਪੱਖੀ ਲੋਕਾਂ ਨੇ ਇਹੋ ਜਿਹੇ ਬੈਨਰ ਦਿਖਾਉਣੇ ਸ਼ੁਰੂ ਕੀਤੇ ਜਿਸ ਨਾਲ ਸਿੱਖਾਂ ਦੇ ਧਾਰਮਿੱਕ ਚਿੰਨਾਂ ਦਾ ਨਿਰਾਦਰ ਹੁੰਦਾ ਸੀ । ਸਿੱਖਾਂ ਵੱਲੋਂ ਦਿੱਤੇ ਗਏ ਭਰਪੂਰ ਜਵਾਬ ਨੇ ਭਾਰਤ ਪੱਖੀ ਲੋਕਾਂ ਨੂੰ ਆਪਣਾ ਸਭ ਕੁਝ ਉੱਥੇ ਛੱਡ ਕੇ ਹੀ ਭੱਜਣ ਲਈ ਮਜਬੂਰ ਹੋਣਾ ਪਿਆ । ਸਿੱਖਾਂ ਵੱਲੋਂ ਭਾਰਤੀ ਝੰਡਿਆਂ ਨੂੰ ਪਾੜ ਕੇ ਸੁੱਟ ਦਿੱਤਾ ਗਿਆ ਤੇ ਪੁਲਿਸ ਨੂੰ ਇਸ ਦੌਰਾਨ ਦਖਲ ਦੇਣਾ ਪਿਆ ।

ਨਵਾਂਸ਼ਹਿਰ ਦੀ ਅਦਾਲਤ ਵੱਲੋਂ ਤਿੰਨ ਨੌਜਵਾਨਾਂ ਨੂੰ ਸਿਰਫ ਲਿਟਰੇਚਰ ਰੱਖਣ ਦੇ ਦੋਸ਼ ਅਧੀਨ ਦਿੱਤੀ ਉਮਰ ਕੈਦ ਦੀ ਸਜ਼ਾ ਕਾਰਨ ਸਿੱਖਾਂ ਵੱਲੋਂ ਆਪਣੇ ਰੋਹ ਦਾ ਇਜ਼ਹਾਰ ਕੀਤਾ ਗਿਆ ।ਭਾਰਤ ਵੱਲੋਂ ਪਾਕਿਸਤਾਨ ਖਿਲਾਫ ਕੀਤੀ ਜਾ ਰਹੀ ਲਾਮਬੰਦੀ ਦੌਰਾਨ ਪੰਜਾਬ ਅੰਦਰ ਜੰਗ ਦੇ ਬਣ ਰਹੇ ਹਾਲਾਤਾਂ ਕਾਰਨ ਸਿੱਖਾਂ ਵੱਲੋਂ ਅੰਤਰਰਾਸ਼ਟਰੀ ਤਾਕਤਾਂ ਨੂੰ ਦਖਲ ਦੇ ਕੇ ਅਜਿਹਾ ਹੋਣ ਤੋਂ ਰੋਕਣ ਲਈ ਕਿਹਾ ਗਿਆ । ਸਿੱਖਾਂ ਵੱਲੋਂ ਸੰਯੁਕਤ ਰਾਸ਼ਟਰ ਤੋਂ ਵੀ ਇਹ ਮੰਗ ਕੀਤੀ ਗਈ ਕਿ ਕਸ਼ਮੀਰ ਅਤੇ ਪੰਜਾਬ ਦੇ ਲੰਮੇਂ ਸਮੇਂ ਤੋਂ ਚੱਲੇ ਆ ਰਹੇ ਮਸਲੇ ਨੂੰ ਹੱਲ ਕਰਨ ਲਈ ਸਵੈ ਨਿਰਣੈ ਦਾ ਹੱਕ ਦਿੱਤਾ ਜਾਵੇ ।

ਮੁਜ਼ਾਹਰੇ ਦੌਰਾਨ ਵਰਲਡ ਸਿੱਖ ਪਾਰਲੀਮੈਂਟ ਦੇ ਨੁੰਮਾਇੰਦੇ ਭਾਈ ਜੋਗਾ ਸਿੰਘ ਨੇ ਭਾਰਤ ਸਰਕਾਰ ਨੂੰ 3 ਬੇਗੁਨਾਹ ਸਿੱਖਾਂ ਨੂੰ ਰਿਹਾਅ ਕਰਨ ਲਈ ਕਿਹਾ ਅਤੇ ਪੂਰੀ ਦੁਨੀਆਂ ਦੇ ਮੀਡੀਆ ਸਾਹਮਣੇ ਅਪੀਲ ਕੀਤੀ ਕਿ ਅੰਤਰਰਾਸ਼ਟਰੀ ਤਾਕਤਾਂ ਦੱਖਣੀ ਏਸ਼ੀਆ ਖਿੱਤੇ ਵਿੱਚ ਹੋਣ ਜਾ ਰਹੀ ਜੰਗ ਨੂੰ ਰੁਕਵਾਉਣ । ਉਨ੍ਹਾਂ ਕਿਹਾ ਕਿ ਐਸਾ ਨਾ ਹੋਣ ਦੀ ਸੂਰਤ ਵਿੱਚ ਪੰਜਾਬ ਜੰਗ ਦਾ ਅਖਾੜਾ ਬਣ ਜਾਵੇਗਾ ਜਦਕਿ ਸਿੱਖ ਇਸ ਲੜਾਈ ਵਿੱਚ ਕੋਈ ਧਿਰ ਨਹੀਂ ਹਨ ।

ਕੌਂਸਲ ਆਫ ਖਾਲਿਸਤਾਨ ਦੇ ਭਾਈ ਅਮਰੀਕ ਸਿੰਘ ਸਹੋਤਾ ਅਤੇ ਰਣਜੀਤ ਸਿੰਘ ਸਰਾਏ ਨੇ ਕਸ਼ਮੀਰੀਆਂ ਅਤੇ ਸਿੱਖਾਂ ਨੂੰ ਬੇਨਤੀ ਕੀਤੀ ਕਿ ਉਹ ਹਰ ਹੀਲੇ ਨਾਲ ਇਸ ਜੰਗ ਦਾ ਵਿਰੋਧ ਕਰਨ । ਉਹਨਾਂ ਭਾਰਤੀ ਫੌਜ ਵਿੱਚ ਭਰਤੀ ਸਿੱਖ ਫੌਜੀਆਂ ਨੂੰ ਵੀ ਬੇਨਤੀ ਕੀਤੀ ਕਿ ਜੰਗ ਦੀ ਸੂਰਤ ਵਿੱਚ ਉਹ ਭਾਰਤ ਦਾ ਸਾਥ ਨਾ ਦੇ ਕੇ ਆਪਣੇ ਵਤਨ ਪੰਜਾਬ ਦੀ ਰਾਖੀ ਕਰਨ ।

ਸਿੱਖਸ ਫਾਰ ਜਸਟਿਸ ਦੇ ਪਰਮਜੀਤ ਸਿੰਘ ਪੰਮਾ ਅਤੇ ਦੁਪਿੰਦਰਜੀਤ ਸਿੰਘ ਨੇ ਮੰਗ ਕੀਤੀ ਕਿ ਭਾਰਤੀ ਕਬਜ਼ੇ ਹੇਠਲੇ ਪੰਜਾਬ ਅਤੇ ਕਸ਼ਮੀਰ ਵਿੱਚ ਸਵੈ ਨਿਰਣੇ ਦਾ ਹੱਕ ਅਨੁਸਾਰ ਰਿਫਰੈਂਡਮ ਕਰਵਾਇਆ ਜਾਵੇ ਤਾਂ ਕਿ ਜਮਹੂਰੀ ਤਰੀਕੇ ਨਾਲ ਪੰਜਾਬ ਅਤੇ ਕਸ਼ਮੀਰ ਦੇ ਮਸਲਿਆਂ ਦਾ ਹੱਲ ਹੋ ਸਕੇ ਅਤੇ ਪੰਜਾਬ ਅਤੇ ਕਸ਼ਮੀਰ ਦੇ ਨੌਜਵਾਨਾਂ ਨੂੰ ਭਾਰਤੀ ਪੁਲਿਸ ਦੇ ਤਸ਼ੱਦਦ ਅਤੇ ਝੂਠੇ ਕੇਸਾਂ ਦਾ ਸ਼ਿਕਾਰ ਨਾ ਹੋਣਾ ਪਵੇ ।

ਸਿੱਖ ਰਿਲੀਫ ਦੇ ਭਾਈ ਬਲਬੀਰ ਸਿੰਘ ਬੈਂਸ ਨੇ ਭਾਰਤ ਨੂੰ ਲਿਟਰੇਚਰ ਰੱਖਣ ਦੇ ਜੁਰਮ ਤਹਿਤ ਗ੍ਰਿਫਤਾਰ ਕੀਤੇ ਗਏ ਤਿੰਨ ਬੇਕਸੂਰ ਨੌਜਵਾਨਾਂ ਸਮੇਤ ਸਾਰੇ ਸਿਆਸੀ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਲਈ ਕਿਹਾ ।

 ਇਸ ਮੌਕੇ ਤੇ ਭਾਈ ਅਵਤਾਰ ਸਿੰਘ ਸੰਘੇੜਾ (ਬੱਬਰ ਅਕਾਲੀ ਆਰਗੇਨਾਈਜ਼ੇਸ਼ਨ), ਗੁਰਚਰਨ ਸਿੰਘ (ਦਲ ਖਾਲਸਾ), ਕੁਲਵੰਤ ਸਿੰਘ ਮੁਠੱਡਾ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ), ਗੁਰਚਰਨ ਸਿੰਘ ਗੁਰਾਇਆਂ (ਫਰੈਂਕਫਰਟ) ਬਲਵਿੰਦਰ ਸਿੰਘ ਢਿੱਲੋਂ, ਸੁਖਵਿੰਦਰ ਸਿੰਘ (ਯੂਨਾਈਟਡ ਖਾਲਸਾ ਦਲ), ਮਨਪ੍ਰੀਤ ਸਿੰਘ (ਵਰਲਡ ਸਿੱਖ ਪਾਰਲੀਮੈਂਟ) ਸਮੇਤ ਹੋਰ ਬਹੁਤ ਸਾਰੇ ਆਗੂਆਂ ਨੇ ਹਿੱਸਾ ਲਿਆ ਤੇ ਸਿੱਖ ਕੌਮ ਨੂੰ ਇਕੱਠੇ ਹੋ ਕੇ ੩ ਬੇਕਸੂਰ ਸਿੱਖ ਨੌਜਵਾਨਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਆਗੂਆਂ ਵੱਲੋਂ ਭਾਰਤ ਦੀਆਂ ਫਾਸ਼ੀਵਾਦੀ ਤਾਕਤਾਂ ਨੂੰ ਪਛਾੜਨ ਦਾ ਸੱਦਾ ਦਿੱਤਾ । ਬੁਲਾਰਿਆਂ ਵੱਲੋਂ ਪਾਕਿਸਤਾਨੀ ਪਰਧਾਨ ਮੰਤਰੀ ਵੱਲੋਂ ਜੰਗ ਨੂੰ ਟਾਲਣ ਲਈ ਚੁੱਕੇ ਉਸਾਰੂ ਕਦਮਾਂ ਦੀ ਸ਼ਲਾਘਾ ਕੀਤੀ ।

ਮੁਜ਼ਾਹਰੇ ਵਿੱਚ ਸ਼ਾਮਲ ਕਸ਼ਮੀਰੀਆਂ ਵੱਲੋਂ ਦੱਖਣੀ ਏਸ਼ੀਆਂ ਵਿੱਚ ਜੰਗ ਨਾ ਕਰਕੇ ਮਸਲਿਆਂ ਦਾ ਹੱਲ ਲੱਭਣ ਦਾ ਹੋਕਾ ਦਿੱਤਾ ।

ਕਸ਼ਮੀਰੀ ਆਗੂ ਰਾਜਾ ਸਿਕੰਦਰ ਖਾਨ ਨੇ ਭਾਰਤੀ ਫੌਜ ਵੱਲੋਂ ਹਰ ਦਿਨ ਕਸ਼ਮੀਰੀਆਂ ਉੱਤੇ ਢਾਹੇ ਜਾ ਰਹੇ ਜ਼ੁਲਮਾਂ ਦੀ ਨਿੰਦਾ ਕੀਤੀ । ਚੌਧਰੀ ਦਿਲਪਜ਼ੀਰ (PTI) ਵੱਲੋਂ ਭਾਰਤੀ ਫੌਜ ਵੱਲੋਂ ਪੈਲੇਟ ਗੰਨਾਂ ਵਰਤ ਕੇ ਕਸ਼ਮੀਰੀਆਂ ਉਤੇ ਕੀਤੇ ਜਾ ਰਹੇ ਅਣਮਨੁੱਖੀ ਹਮਲਿਆਂ ਨੂੰ ਨਿੰਦਿਆਂ ।

ਕਸ਼ਮੀਰੀ ਆਗੂ ਨਈਮ ਅਬਾਸੀ (OPWA), ਮੀਆਂ ਸਲੀਮ (PPP), ਮਿਸਟਰ ਮਲਿਕ (PML-N)ਸਰਦਾਰ ਹਿਆਤ, ਚੌਧਰੀ ਲਿਆਕਤ ਅਤੇ ਤਾਰਿਕ ਇਰਫਾਨ ਨੇ ਕਿਹਾ ਕਿ ਕਸ਼ਮੀਰੀਆਂ ਵੱਲੋਂ ਅਜ਼ਾਦੀ ਦੀ ਮੰਗ ਦਾ ਕੀਤਾ ਜਾ ਰਿਹਾ ਸਮਰਥਨ ਸਾਰੀ ਦੁਨੀਆਂ ਦੇ ਸਾਹਮਣੇ ਹੈ ਤੇ ਅੰਤਰਰਾਸ਼ਟਰੀ ਤਾਕਤਾਂ ਨੂੰ ਚਾਹੀਦਾ ਹੈ ਕਿ ਉਹ ਕਸ਼ਮੀਰ ਦੇ ਲੋਕਾਂ ਨੂੰ ਸਵੈ ਨਿਰਣੈ ਦਾ ਹੱਕ ਵਰਤਣ ਦਾ ਮੌਕਾ ਦੇਣ । ਜੇ ਇਹ ਮੌਕਾ ਕਸ਼ਮੀਰੀਆਂ ਨੂੰ ਦਿੱਤਾ ਗਿਆ ਤਾਂ ਅਸਲ ਸਥਿਤੀ ਪੂਰੀ ਦੁਨੀਆਂ ਦੇ ਸਾਹਮਣੇ ਆ ਜਾਵੇਗੀ ।

ਸਿੱਖਾਂ ਅਤੇ ਕਸ਼ਮੀਰੀਆਂ ਵੱਲੋਂ ਮਿਲ ਕੇ ਭਾਰਤ ਸਰਕਾਰ ਦੀਆਂ ਘਟਗਿਣਤੀਆਂ ਖਿਲਾਫ ਕੀਤੇ ਜਾ ਰਹੇ ਅੱਤਿਆਚਾਰਾਂ ਦਾ ਵਿਰੋਧ ਕਰਨ ਨਾਲ ਭਾਰਤ ਸਰਕਾਰ ਦੇ ਨੀਤੀ ਘਾੜਿਆਂ ਨੂੰ ਪਰੇਸ਼ਾਨੀ ਵਿਚ ਪਾ ਦਿੱਤਾ ਹੈ । ਲੰਡਨ ਵਿੱਚ ਅੱਜ ਦੇ ਪ੍ਰਦਰਸ਼ਨ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤ ਪੂਰੀ ਦੁਨੀਆਂ ਸਾਹਮਣੇ ਆਪਣਾ ਜਮਹੂਰੀ ਚਿਹਰਾ ਦਿਖਾਉਂਦਾ ਹੈ ਪਰ ਕਸ਼ਮੀਰੀਆਂ ਅਤੇ ਸਿੱਖਾਂ ਉੱਤੇ ਭਾਰਤ ਵੱਲੋਂ ਕੀਤੇ ਜਾ ਰਹੇ ਜ਼ੁਲਮ ਭਾਰਤ ਅੰਦਰ ਘਟਗਿਣਤੀਆਂ ਦੀ ਸਚਾਈ ਹਨ । ਲੰਡਨ ਵਿੱਚ ਹੋਏ ਅੱਜ ਮੁਜ਼ਾਹਰੇ ਨੇ ਜਿੱਥੇ ਭਾਰਤ ਸਰਕਾਰ ਦਾ ਅਸਲ ਚਿਹਰਾ ਨੰਗਾ ਕੀਤਾ ਹੈ ਉੱਥੇ ਘੱਟਗਿਣਤੀਆਂ ਦਾ ਇਕੱਠ ਅਗਲੇ ਦਿਨਾਂ ਵਿੱਚ ਭਾਰਤ ਸਰਕਾਰ ਲਈ ਹੋਰ ਸਿਰਦਰਦੀਆਂ ਦਾ ਕਾਰਨ ਵੀ ਬਣੇਗਾ ।

ਇਸ ਭਰਵੇਂ ਮੁਜ਼ਾਹਰੇ ਵਿੱਚ ਬੱਬਰ ਅਕਾਲੀ ਆਰਗੇਨਾਈਜ਼ੇਸ਼ਨ, ਵਰਲਡ ਸਿੱਖ ਪਾਰਲੀਮੈਂਟ, ਸ਼੍ਰੋਮਣੀ ਅਕਾਲੀ ਦਲ ਯੂ.ਕੇ, ਯੂਨਾਈਟਡ ਖਾਲਸਾ ਦਲ, ਅਖੰਡ ਕੀਰਤਨੀ ਜਥਾ, ਯੂਥ ਅਖੰਡ ਕੀਰਤਨੀ ਜਥਾ, ਸਿੱਖ ਰਿਲੀਫ, ਕੌਂਸਲ ਆਫ ਖਾਲਿਸਤਾਨ, ਸਿਖਸ ਫਾਰ ਜਸਟਿਸ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਮੇਤ ਕਸ਼ਮੀਰੀਆਂ ਜਥੇਬੰਦੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ ।

Previous articleਮਸੂਦ ਦੀ ਭਾਰਤ ’ਚੋਂ ਰਿਹਾਈ ਬਾਰੇ ਵੀ ਮੋਦੀ ਖੁੱਲ੍ਹ ਕੇ ਦੱਸਣ: ਰਾਹੁਲ
Next articleਦਲਜੀਤ ਸਿੰਘ ਕਾਹਲੋਂ ਅਤੇ ਰਮੇਸ਼ ਵਰਮਾ ਬਣੇ ਮਹਿਤਪੁਰ ਦੇ ਦਿਹਾਤੀ ਅਤੇ ਸ਼ਹਿਰੀ ਸਰਕਲ ਪ੍ਰਧਾਨ