ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਿਰੋਧੀ ਧਿਰਾਂ ਦੀ ਚੁਣੌਤੀ ਕਬੂਲ ਕਰਦੇ ਹੋਏ ਆਖਿਆ ਕਿ ਉਨ੍ਹਾਂ ਦੇ ਖ਼ਿਲਾਫ਼ ਜੋ ਮਰਜ਼ੀ ਚੋਣਾਂ ਵਿਚ ਆ ਜਾਏ, ਉਹ ਸਭ ਨੂੰ ਹਰਾ ਦੇਣਗੇ। ਹਰਸਿਮਰਤ ਨੇ ਆਖਿਆ ਕਿ ਕੁਝ ਵਿਰੋਧੀ ਆਗੂ ਆਪਣੀ ਲੀਡਰੀ ਚਮਕਾਉਣ ਲਈ ਉਸ ਦੇ ਖ਼ਿਲਾਫ਼ ਚੋਣ ਲੜਨ ਲਈ ਦਮਗਜ਼ੇ ਮਾਰ ਰਹੇ ਹਨ। ਉਨ੍ਹਾਂ ਆਖਿਆ ਕਿ ਭਾਵੇਂ ਸਾਰੇ ਇਕੱਠੇ ਹੋ ਕੇ ਚੋਣ ਲੜ ਲੈਣ, ਉਹ ਸਭ ਨੂੰ ਭਾਂਜ ਦੇਵੇਗੀ। ਉਨ੍ਹਾਂ ਬਿਨਾਂ ਮਨਪ੍ਰੀਤ ਦਾ ਨਾਂ ਲਏ ਅਸਿੱਧੇ ਤੌਰ ’ਤੇ ਆਖਿਆ ਕਿ ਕੁਝ ਵਿਰੋਧੀ ਲੀਡਰ ਉਸ ਖ਼ਿਲਾਫ਼ ਚੋਣ ਲੜਨ ਤੋਂ ਭੱਜਣ ਵੀ ਲੱਗੇ ਹਨ।
ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਮਹਿਲਾ ਵਿੰਗ ਤਰਫ਼ੋਂ ਅੱਜ ਮਹਿਲਾ ਦਿਵਸ ਮੌਕੇ ਇੱਥੋਂ ਦੇ ਜੀਤ ਪੈਲੇਸ ਵਿਚ ਸਮਾਰੋਹ ਕਰਾਏ ਗਏ ਜਿਨ੍ਹਾਂ ਵਿਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਹਰਸਿਮਰਤ ਨੇ ਸਮਾਗਮ ਨੂੰ ਸਿਆਸੀ ਰੰਗ ਚੜ੍ਹਾਉਂਦਿਆਂ ਮਹਿਲਾਵਾਂ ਦੇ ਇਕੱਠ ਵਿਚ ਆਖਿਆ ਕਿ ਨਰਿੰਦਰ ਮੋਦੀ ਦੇਸ਼ ਦੇ ਮਜ਼ਬੂਤ ਪ੍ਰਧਾਨ ਮੰਤਰੀ ਸਾਬਤ ਹੋਏ ਹਨ ਜਿਸ ਕਰਕੇ ਉਨ੍ਹਾਂ ਨੂੰ ਆਗਾਮੀ ਚੋਣਾਂ ਵਿਚ ਦੁਬਾਰਾ ਮੌਕਾ ਦੇਣਾ ਚਾਹੀਦਾ ਹੈ। ਹਰਸਿਮਰਤ ਨੇ ਆਖਿਆ ਕਿ ਪੰਜਾਬ ਦੀ ਕੈਪਟਨ ਸਰਕਾਰ ਦੀ ਦੋ ਵਰ੍ਹਿਆਂ ਦੀ ਕਾਰਗੁਜ਼ਾਰੀ ਜਵਾਨੀ ਤੇ ਕਿਸਾਨੀ ਦੀ ਵਿਰੋਧੀ ਰਹੀ ਹੈ। ਕੈਪਟਨ ਸਰਕਾਰ ਨੇ ਕਿਸਾਨਾਂ ਤੇ ਜਵਾਨਾਂ ਨਾਲ ਵੱਡੇ ਵਾਅਦੇ ਕੀਤੇ ਸਨ ਪਰ ਇਹ ਵਾਅਦੇ ਪੂਰੇ ਕਰਨ ਵਿਚ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ।
ਮਗਰੋਂ ਮੀਡੀਆ ਕੋਲ ਹਰਸਿਮਰਤ ਨੇ ਇਹ ਵੀ ਦੱਸਿਆ ਕਿ ਬੀਤੇ ਕੱਲ੍ਹ ਕੇਂਦਰੀ ਕੈਬਨਿਟ ਦੀ ਆਖਰੀ ਮੀਟਿੰਗ ਵਿਚ ਉਸ ਵੱਲੋਂ ਕਰਤਾਰਪੁਰ ਲਾਂਘੇ ਦਾ ਮੁੱਦਾ ਪ੍ਰਧਾਨ ਮੰਤਰੀ ਕੋਲ ਉਠਾਇਆ ਗਿਆ ਸੀ ਤੇ ਉਨ੍ਹਾਂ ਨੇ ਨਵੰਬਰ ਮਹੀਨੇ ਤੱਕ ਕਰਤਾਰਪੁਰ ਲਾਂਘੇ ਦਾ ਕੰਮ ਸ਼ੁਰੂ ਕਰਾਉਣ ਦਾ ਭਰੋਸਾ ਦਿੱਤਾ ਹੈ। ਭਾਜਪਾ ਦੀ ਮਹਿਲਾ ਵਿੰਗ ਦੀ ਆਗੂ ਅਤੇ ਵਿਧਾਇਕਾ ਨਿਤਿਕਾ ਸ਼ਰਮਾ (ਕਾਲਕਾ), ਸਾਬਕਾ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ, ਨਗਰ ਨਿਗਮ ਦੀ ਡਿਪਟੀ ਮੇਅਰ ਗੁਰਬਿੰਦਰ ਕੌਰ ਮਾਂਗਟ ਅਤੇ ਭਾਜਪਾ ਆਗੂ ਦਿਆਲ ਸੋਢੀ ਆਦਿ ਸਮਾਰੋਹਾਂ ਵਿਚ ਹਾਜ਼ਰ ਸਨ।
INDIA ਮੈਨੂੰ ਕੋਈ ਵੀ ਨਹੀਂ ਹਰਾ ਸਕਦਾ: ਹਰਸਿਮਰਤ