ਡੇਰਾ ਮੁਖੀ ਨੂੰ ਮੁਆਫ਼ੀ ਦੇਣ ਦਾ ਮਾਮਲਾ ਮੁੜ ਭਖਿਆ

ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਦਾ ਮਾਮਲਾ ਮੁੜ ਗਰਮਾ ਗਿਆ ਹੈ। ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਭਲਕੇ ਇਹ ਮਾਮਲਾ ਸ੍ਰੀ ਅਕਾਲ ਤਖ਼ਤ ’ਤੇ ਉਭਾਰਿਆ ਜਾ ਸਕਦਾ ਹੈ। ਸ੍ਰੀ ਅਕਾਲ ਤਖ਼ਤ ’ਤੇ ਪੰਜ ਸਿੰਘ ਸਾਹਿਬਾਨ ਦੀ ਸ਼ਨਿਚਰਵਾਰ ਨੂੰ ਇਕੱਤਰਤਾ ਹੈ, ਜਿਸ ਵਿਚ ਪੰਥਕ ਮੁੱਦਿਆਂ ’ਤੇ ਵਿਚਾਰਾਂ ਤੋਂ ਇਲਾਵਾ ਨਾਨਕਸ਼ਾਹੀ ਕੈਲੰਡਰ (ਸੋਧਿਆ) ਵੀ ਜਾਰੀ ਕੀਤਾ ਜਾਵੇਗਾ। ਗਿਆਨੀ ਇਕਬਾਲ ਸਿੰਘ ਦੇ ਮਾਮਲੇ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਇਸ ਦੌਰਾਨ ਗਿਆਨੀ ਇਕਬਾਲ ਸਿੰਘ ਪਟਨਾ ਤੋਂ ਅੱਜ ਇਥੇ ਪੁੱਜ ਚੁੱਕੇ ਹਨ। ਉਨ੍ਹਾਂ ਆਖਿਆ ਕਿ ਡੇਰਾ ਮੁਖੀ ਨੂੰ ਸਤੰਬਰ 2015 ਵਿਚ ਬਿਨਾਂ ਮੰਗਿਆਂ ਮੁਆਫ਼ੀ ਦੇਣ ਦੇ ਮਾਮਲੇ ਦਾ ਸੰਗਤ ਸਾਹਮਣੇ ਖ਼ੁਲਾਸਾ ਕੀਤਾ ਜਾਵੇ। ਉਨ੍ਹਾਂ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਗਿਆਨੀ ਗੁਰਮੁੱਖ ਸਿੰਘ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ’ਤੇ ਸੱਦਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਆਪਣੀ ਜਾਨ-ਮਾਲ ਦੀ ਰਾਖੀ ਲਈ ਪੰਜਾਬ ਅਤੇ ਬਿਹਾਰ ਸਰਕਾਰ ਕੋਲੋਂ ਵਧੇਰੇ ਸੁਰੱਖਿਆ ਮੰਗੀ ਗਈ ਹੈ ਸੁਰੱਖਿਆ ਛੱਤਰੀ ਵਿਚ ਵਾਧਾ ਨਹੀਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਦਾ ਮਾਮਲਾ ਸਭ ਤੋਂ ਪਹਿਲਾਂ ਗਿਆਨੀ ਗੁਰਮੁੱਖ ਸਿੰਘ ਵੱਲੋਂ ਉਭਾਰਿਆ ਗਿਆ ਸੀ। ਉਨ੍ਹਾਂ ਇਸ ਸਬੰਧ ਵਿਚ ਕਈ ਅਹਿਮ ਖ਼ੁਲਾਸੇ ਕੀਤੇ ਸਨ ਜਿਸ ਮਗਰੋਂ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਨੇ ਹਰਿਆਣਾ ਤਬਦੀਲ ਕਰ ਦਿੱਤਾ ਸੀ। ਕੁਝ ਸਮੇਂ ਬਾਅਦ ਉਨ੍ਹਾਂ ਦਾ ਮੁੜ ਤਬਾਦਲਾ ਇਥੇ ਅਕਾਲ ਤਖ਼ਤ ਵਿਖੇ ਕਰ ਦਿੱਤਾ ਗਿਆ। ਹੁਣ ਉਹ ਇਸ ਮਾਮਲੇ ’ਤੇ ਪੂਰੀ ਤਰ੍ਹਾਂ ਨਾਲ ਖਾਮੋਸ਼ ਹਨ। ਉਨ੍ਹਾਂ ਨਾਲ ਫੋਨ ’ਤੇ ਸੰਪਰਕ ਕਰਨ ਦਾ ਯਤਨ ਕੀਤਾ ਗਿਆ ਪਰ ਉਨ੍ਹਾਂ ਕੋਈ ਹੁੰਗਾਰਾ ਨਹੀਂ ਦਿੱਤਾ। ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ’ਚ ਇਸ ਵਰ੍ਹੇ ਦਾ ਕੈਲੰਡਰ ਰਿਲੀਜ਼ ਕਰਨ ਦੇ ਨਾਲ ਨਾਲ ਪੰਥ ਵਿਚੋਂ ਛੇਕੇ ਕੁਝ ਵਿਅਕਤੀਆਂ ਦੀ ਮੁਆਫ਼ੀ ਬਾਰੇ ਵਿਚਾਰ ਹੋ ਸਕਦਾ ਹੈ। ਇਨ੍ਹਾਂ ਵਿਚ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ, ਰਾਜਸਥਾਨ ਦਾ ਹਾਕਮ ਸਿੰਘ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਮਾਸਟਰ ਜੌਹਰ ਸਿੰਘ ਦੇ ਨਾਂ ਸ਼ਾਮਲ ਹਨ।

Previous articleਡੇਰਾ ਮੁਖੀ ਨੂੰ ਮੁਆਫ਼ੀ ਦੇਣ ਵੇਲੇ ਕਿਉਂ ਨਹੀਂ ਬੋਲੇ ਜਥੇਦਾਰ ਇਕਬਾਲ ਸਿੰਘ: ਲੌਂਗੋਵਾਲ
Next articleਮੈਨੂੰ ਕੋਈ ਵੀ ਨਹੀਂ ਹਰਾ ਸਕਦਾ: ਹਰਸਿਮਰਤ