ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਮੋਦੀ ਸਰਕਾਰ ’ਤੇ ਦੇਸ਼ ਦਾ ਪੈਸਾ ਭਾਰਤੀ ਜਨਤਾ ਪਾਰਟੀ ਲਈ ਵਰਤਣ ਦੇ ਦੋਸ਼ ਲਾਏ ਹਨ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਜੋ ਸਰਕਾਰ ਰਾਫਾਲ ਸੌਦੇ ਦੀਆਂ ਫਾਈਲਾਂ ਨਹੀਂ ਬਚਾ ਸਕੀ, ਉਹ ਦੇਸ਼ ਨੂੰ ਕਿਵੇਂ ਬਚਾਏਗੀ। ਆਗਾਮੀ ਲੋਕ ਸਭਾ ਚੋਣਾਂ ਲਈ ਪਾਰਟੀ ਵਲੋਂ ਚੋਣ ਪ੍ਰਚਾਰ ਦਾ ਰਸਮੀਂ ਆਗਾਜ਼ ਕਰਦਿਆਂ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਨੇ ਦਾਅਵਾ ਕੀਤਾ ਕਿ ਇਨ੍ਹਾਂ ਚੋਣਾਂ ਮਗਰੋਂ ਦੇਸ਼ ਨੂੰ ਨਵੀਂ ਅਤੇ ਲੋਕਾਂ ਦੀ ਸਰਕਾਰ ਮਿਲੇਗੀ। ਇੱਥੇ ਕੌਮਾਂਤਰੀ ਮਹਿਲਾ ਦਿਵਸ ਸਬੰਧੀ ਰੈਲੀ ਮੌਕੇ ਮਮਤਾ ਨੇ ਕਿਹਾ, ‘‘ਤੁਸੀਂ (ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ) ਦੇਸ਼ ਦਾ ਪੈਸਾ ਚੋਰੀ ਕਰਕੇ ਆਪਣੀ ਪਾਰਟੀ ਲਈ ਵਰਤਿਆ ਹੈ। ਭਾਜਪਾ ਕੋਲ ਏਨਾ ਪੈਸਾ ਕਿੱਥੋਂ ਆ ਗਿਆ ਕਿ ਉਹ ਆਪਣੇ ਕਾਡਰ ਲਈ ਮੋਟਰਸਾਈਕਲ ਖਰੀਦ ਰਹੇ ਹਨ? ਅਸੀਂ ਮੂਰਖ ਨਹੀਂ ਹਾਂ, ਸਾਨੂੰ ਸਭ ਸਮਝ ਆਉਂਦੀ ਹੈ। ਪਹਿਲਾਂ ਉਨ੍ਹਾਂ (ਭਾਜਪਾ ਆਗੂਆਂ) ਕੋਲ ਦੋ ਵੇਲੇ ਦੀ ਰੋਟੀ ਖਾਣ ਜੋਗੇ ਪੈਸੇ ਨਹੀਂ ਸਨ ਅਤੇ ਹੁਣ ਉਹ ਆਪਣੇ ਕਾਡਰ ਲਈ ਮੋਟਰਸਾਈਕਲ ਖਰੀਦ ਰਹੇ ਹਨ। ਤੁਸੀਂ ਲੋਕਾਂ ਦਾ ਪੈਸਾ ਵਰਤ ਰਹੇ ਹੋ। ਤੁਸੀਂ ਰਾਫਾਲ ਸੌਦੇ ਅਤੇ ਨੋਟਬੰਦੀ ਰਾਹੀਂ ਲੁੱਟ ਮਚਾਈ ਹੈ।’’ ਰਾਫਾਲ ਫਾਈਟਰ ਜੈੱਟ ਸੌਦੇ ਦੀਆਂ ਫਾਈਲਾਂ ਨੂੰ ਸੁਰੱਖਿਅਤ ਰੱਖਣ ਵਿੱਚ ਨਾਕਾਮ ਰਹਿਣ ’ਤੇ ਮੋਦੀ ਸਰਕਾਰ ਦੀ ਖਿੱਲੀ ਉਡਾਉਂਦਿਆਂ ਮਮਤਾ ਨੇ ਕਿਹਾ, ‘‘ਜੋ ਰਾਫਾਲ ਫਾਈਲਾਂ ਨਹੀਂ ਬਚਾ ਸਕੇ, ਉਹ ਦੇਸ਼ ਨੂੰ ਕਿਵੇਂ ਬਚਾਉਣਗੇ।’’ ਪੁਲਵਾਮਾ ਦਹਿਸ਼ਤੀ ਹਮਲੇ ਤੋਂ ਬਾਅਦ ਬਾਲਾਕੋਟ ਵਿਚ ਭਾਰਤੀ ਹਵਾਈ ਸੈਨਾ ਵਲੋਂ ਕੀਤੇ ਹਵਾਈ ਹਮਲਿਆਂ ਬਾਰੇ ਗੱਲ ਕਰਦਿਆਂ ਮਮਤਾ ਨੇ ਕਿਹਾ ਕਿ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਜੰਮੂ ਕਸ਼ਮੀਰ ਵਿੱਚ ਦਹਿਸ਼ਤੀ ਕਾਰਵਾਈਆਂ ਵਿੱਚ 260 ਫੀਸਦੀ ਉਛਾਲ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਵਾਦੀ ਵਿੱਚ ਸ਼ਾਂਤੀ ਕਾਇਮ ਨਹੀਂ ਕਰ ਸਕੀ ਪਰ ਕੇਂਦਰ ਵਿੱਚ ਬਣਨ ਵਾਲੀ ਨਵੀਂ ਸਰਕਾਰ ਲਾਜ਼ਮੀ ਤੌਰ ’ਤੇ ਕਸ਼ਮੀਰ ਵਿੱਚ ਸਥਿਰਤਾ ਲਿਆਵੇਗੀ।
INDIA ਮੋਦੀ ਸਰਕਾਰ ਨੇ ਦੇਸ਼ ਦਾ ਪੈਸਾ ਪਾਰਟੀ ਲਈ ਵਰਤਿਆ: ਮਮਤਾ