ਡੇਰਾ ਮੁਖੀ ਨੂੰ ਮੁਆਫ਼ੀ ਦੇਣ ਵੇਲੇ ਕਿਉਂ ਨਹੀਂ ਬੋਲੇ ਜਥੇਦਾਰ ਇਕਬਾਲ ਸਿੰਘ: ਲੌਂਗੋਵਾਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਇਸ ਵਰ੍ਹੇ ਨਵੰਬਰ ਵਿੱਚ ਗੁਰੂ ਨਾਨਕ ਦੇਵ ਦੀ ਦੇ 550 ਸਾਲਾ ਗੁਰਪੁਰਬ ਮੌਕੇ ਸ਼੍ਰੋਮਣੀ ਕਮੇਟੀ, ਪੰਜਾਬ ਸਰਕਾਰ, ਕੇਂਦਰ ਸਰਕਾਰ ਤੇ ਹੋਰਨਾਂ ਧਿਰਾਂ ਵੱਲੋਂ ਇੱਕੋ ਸਟੇਜ ’ਤੇ ਸਮਾਗਮ ਮਨਾਉਣੇ ਚਾਹੀਦੇ ਹਨ।
ਅੱਜ ਇੱਥੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਲੌਂਗੋਵਾਲ ਨੇ ਕਿਹਾ ਕਿ ਲੰਘੇ ਸਾਲ ਨਵੰਬਰ ਮਹੀਨੇ ਇਹ ਯਤਨ ਕੀਤੇ ਸਨ ਪਰ ਪੰਜਾਬ ਸਰਕਾਰ ਨੇ ਹੁੰਗਾਰਾ ਨਹੀਂ ਸੀ ਭਰਿਆ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘੇ ਲਈ ਵੀ ਰਾਜ ਸਰਕਾਰ ਨੂੰ ਜ਼ਮੀਨ ਐਕੁਆਇਰ ਕਰਨ ਦੀ ਕਾਰਵਾਈ ’ਚ ਤੇਜ਼ੀ ਲਿਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਸ਼ਰਧਾਲੂਆਂ ਦੀ ਰਿਹਾਇਸ਼ ਅਤੇ ਲੰਗਰ ਦੇ ਪ੍ਰਬੰਧ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਤਖ਼ਤ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਖ਼ਿਲਾਫ਼ ਕਾਰਵਾਈ ਜਾਂਚ ਰਿਪੋਰਟ ਦੇ ਆਧਾਰ ’ਤੇ ਹੋਈ ਹੈ। ਡੇਰਾ ਮੁਖੀ ਮੁਆਫੀ ਦੇਣ ਬਾਰੇ ਇਕਬਾਲ ਸਿੰਘ ਵੱਲੋਂ ਕੀਤੀ ਬਿਆਨਬਾਜ਼ੀ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਡੇਰਾ ਮੁਖੀ ਬਾਰੇ ਅਜਿਹੀਆਂ ਗੱਲਾਂ ਦਾ ਪਤਾ ਸੀ ਤਾਂ ਉਹ ਪਹਿਲਾਂ ਕਿਉਂ ਨਹੀ ਬੋਲੇ। ਇਕਬਾਲ ਸਿੰਘ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਤੋਂ ਆਪਣੀ ਜਾਨ ਨੂੰ ਖਤਰਾ ਦੱਸਣ ਬਾਰੇ ਉਨ੍ਹਾਂ ਕਿਹਾ ਕਿ ਇਹ ਬੇਬੁਨਿਆਦ ਗੱਲਾਂ ਹਨ, ਜੋ ਉਨ੍ਹਾਂ ਨੂੰ ਸ਼ੋਭਾ ਨਹੀ ਦਿੰਦੀਆਂ। ਉਨ੍ਹਾਂ ਗਿਆਨੀ ਇਕਬਾਲ ਸਿੰਘ ਨੂੰ ਤਖਤ ਸ੍ਰੀ ਪਟਨਾ ਸਾਹਿਬ ਦੀ ਜਥੇਦਾਰੀ ਤੋਂ ਹਟਾਉਣ ਦਾ ਫੈਸਲਾ ਬਿਲਕੁਲ ਦਰੁਸਤ ਹੈ, ਕਿਉਂਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਪਿਛਲੇ ਕਾਫੀ ਸਮੇਂ ਤੋਂ ਆ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਅਧੀਨ ਸਿੱਖਿਆ ਸੰਸਥਾਨਾਂ ਦੇ ਵਿੱਤੀ ਘਾਟੇ ਦੇ ਅਧਿਐਨ ਅਤੇ ਇਸ ਸੰਕਟ ’ਚੋਂ ਕੱਢਣ ਲਈ ਇੱਕ ਅਧਿਐਨ ਕਮੇਟੀ ਦਾ ਗਠਨ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ ਇਜਲਾਸ 30 ਮਾਰਚ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹੋਵੇਗਾ। ਅੰਤ੍ਰਿਗ ਕਮੇਟੀ ਦੀ ਮੀਟਿੰਗ ਦੌਰਾਨ ਲਏ ਗਏ ਹੋਰ ਫੈਸਲਿਆਂ ਸਬੰਧੀ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਵਿਦਿਅਕ ਅਦਾਰਿਆਂ ਵਿੱਚ ਪੜ੍ਹਦੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਸੈਸ਼ਨ 2019-20 ਲਈ ਵਜ਼ੀਫੇ ਦੇਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਇਹ ਵਜ਼ੀਫੇ ਉਨ੍ਹਾਂ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ, ਜਿਨ੍ਹਾਂ ਦੇ ਮਾਤਾ ਪਿਤਾ ਵੀ ਅੰਮ੍ਰਿਤਧਾਰੀ ਹੋਣੇਗੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਵੱਖ ਵੱਖ ਖੇਡਾਂ ਵਿੱਚ ਪ੍ਰਾਪਤੀ ਕਰਨ ਵਾਲੇ ਗੁਰਸਿੱਖ ਖਿਡਾਰੀਆਂ ਨੂੰ ਵਿਸ਼ੇਸ਼ ਸਨਮਾਨ ਵੀ ਦਿੱਤੇ ਜਾਣਗੇ। ਪ੍ਰਸਿੱਧ ਸਿੱਖ ਇਤਿਹਾਸਕਾਰ ਗਿਆਨੀ ਬਲਵੰਤ ਸਿੰਘ ਕੋਠਾਗੁਰੂ ਦੇ ਅਕਾਲ ਚਲਾਣੇ ’ਤੇ ਸ਼ੋਕ ਮਤਾ ਵੀ ਪਾਸ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੰਤ੍ਰਿੰਗ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਤਿੰਨ ਪ੍ਰੈੱਸ ਨੂੰ ਇਕ ਥਾਂ ਕਰਨ ਦੀ ਪ੍ਰਵਾਨਗੀ ਦਿੰਦਿਆਂ ਇਥੇ ਲੋੜ ਅਨੁਸਾਰ ਕਾਗਜ਼ ਅਤੇ ਹੋਰ ਸਮੱਗਰੀ ਲਈ ਇਕ ਕੇਂਦਰੀ ਸਟੋਰ ਸਥਾਪਤ ਕਰਨ ਦਾ ਵੀ ਫੈਸਲਾ ਕੀਤਾ ਹੈ। ਇਸ ਦੌਰਾਨ ਜੰਮੂ ਕਸ਼ਮੀਰ ’ਚ ਪੈਂਦੇ ਤਿੰਨ ਗੁਰਦੁਆਰਿਆਂ ਗੁਰਦੁਆਰਾ ਸਿੰਘ ਸਭਾ ਪੰਗਧੋਰ ਸਾਂਬਾ, ਸ੍ਰੀ ਗੁਰੂ ਸਿੰਘ ਸਭਾ ਖਾਲਸਾ ਕਲੋਨੀ ਕਰਥੋਲੀ ਬੜੀ ਬ੍ਰਾਹਮਣਾਂ ਜੰਮੂ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਗੋਵਾਲੀ ਆਰ.ਐਸ. ਪੁਰਾ ਜੰਮੂ ਦੀਆਂ ਇਮਾਰਤਾਂ ਲਈ ਇਕ-ਇਕ ਲੱਖ ਰੁਪਏ ਦੀ ਸਹਾਇਤਾ ਨੂੰ ਪ੍ਰਵਾਨਗੀ ਦਿੱਤੀ ਗਈ।

Previous articleਮੋਦੀ ਸਰਕਾਰ ਨੇ ਦੇਸ਼ ਦਾ ਪੈਸਾ ਪਾਰਟੀ ਲਈ ਵਰਤਿਆ: ਮਮਤਾ
Next articleਡੇਰਾ ਮੁਖੀ ਨੂੰ ਮੁਆਫ਼ੀ ਦੇਣ ਦਾ ਮਾਮਲਾ ਮੁੜ ਭਖਿਆ