ਸ਼ਾਹਕਾਰ ਰਚਨਾ

(ਸਮਾਜ ਵੀਕਲੀ)

ਘਰੇਲੂ ਹਾਲਾਤ ਕੁਝ ਇਸ ਤਰ੍ਹਾਂ ਦੇ ਹੋ ਗਏ ਕਿ ਬਾਰਵੀਂ ਕਰਨ ਤੋਂ ਬਾਅਦ ਮੈਂ ਇੱਕ ਪ੍ਰਾਈਵੇਟ ਡੈਂਟਲ ਹੈਲਥ ਸੈਂਟਰ ‘ਤੇ ਰਿਸੈਪਸ਼ਟਨਿਸਟ ਦੇ ਤੌਰ ਤੇ ਕੰਮ ਕਰਨ ਲੱਗ ਪਈ। ਮੈਨੂੰ ਕੋਈ ਦਸ ਸਾਲ ਹੋ ਗਏ ਸਨ ਇੱਥੇ ਕੰਮ ਕਰਦਿਆਂ। ਲੋਕਲ ਵਿਆਹ ਹੋਣ ਕਰਕੇ ਵਿਆਹ ਤੋਂ ਛੇ ਕੁ ਮਹੀਨਿਆਂ ਬਾਅਦ ਮੈਂ ਫਿਰ ਜੁਆਇਨ ਕਰ ਲਿਆ।

ਦਸਾਂ ਸਾਲਾਂ ਵਿਚ ਮੇਰਾ ਕਈ ਤਰ੍ਹਾਂ ਦੇ ਇਸਤਰੀਆਂ ਅਤੇ ਮਰਦਾਂ ਨਾਲ਼ ਵਾਹ ਪਿਆ। ਹਰ ਤਰ੍ਹਾਂ ਦੇ ਸੁਭਾਅ ਨਾਲ਼ ਵਿਚਰ ਕੇ ਦੇਖਿਆ। ਕਈ ਲੋਕ ਤਾਂ ਕਹਿਣ ਨੂੰ ਹੀ ਮਨੁੱਖੀ ਜੂਨ ਵਿਚ ਹੁੰਦੇ ਹਨ, ਆਦਤਾਂ ਉਹਨਾਂ ਦੀਆਂ ਜਾਨਵਰਾਂ ਤੋਂ ਵੀ ਭੈੜੀਆਂ ਹੁੰਦੀਆਂ ਹਨ। ਕਈ ਲੋਕ ਦਰਵੇਸ਼ ਤੋਂ ਵੀ ਘੱਟ ਨਹੀਂ ਹੁੰਦੇ। ਕਈ ਤਾਂ ਪ੍ਰਮਾਤਮਾ ਦੀ ਸ਼ਾਹਕਾਰ ਰਚਨਾ ਹੁੰਦੇ ਹਨ।

ਕੱਲ੍ਹ ਸੈਂਟਰ ਤੇ ਇਕ ਅਜਿਹਾ ਮਰੀਜ਼ ਆਇਆ ਜਿਸ ਦਾ ਪ੍ਰਭਾਵ ਸਦੀਵੀਂ ਹੋ ਨਿਬੜਿਆ। ਹੋਇਆ ਕੀ ਇਕ ਅਮਨਦੀਪ ਨਾਂ ਦੀ ਇਸਤਰੀ ਮਰੀਜ਼ ਆਪਣੀ ਦੋ-ਢਾਈ ਸਾਲ ਦੇ ਸੁੱਤੇ ਬੱਚੇ ਨੂੰ ਕੁਰਸੀ ਤੇ ਛੱਡ ਕੇ ਡਾਕਟਰ ਦੇ ਬੁਲਾਉਣ ਤੇ ਅੰਦਰ ਚਲੀ ਗਈ। ਸ਼ਾਇਦ ਉਸਦਾ ਪਤੀ ਉਸ ਨੂੰ ਡਾਕਟਰ ਕੋਲ਼ ਛੱਡ ਕੇ ਆਪਣੇ ਕਿਸੇ ਕੰਮ ਲਈ ਚਲਾ ਗਿਆ ਸੀ। ਅਮਨਦੀਪ ਨੂੰ ਦੰਦ ਦੀ ਸਮੱਸਿਆ ਕਾਰਨ ਡਾਕਟਰ ਕੋਲ਼ ਕੋਈ ਘੰਟਾ ਹੋ ਚੱਲਿਆ ਸੀ।

ਉਸ ਦੇ ਅੰਦਰ ਜਾਣ ਤੋਂ ਚਾਲੀ ਕੁ ਮਿੰਟ ਬਾਅਦ ਇਕ ਹੋਰ ਨੀਲਮ ਨਾਂ ਦੀ ਇਸਤਰੀ ਮਰੀਜ਼ ਆਪਣੀ ਤੀਸਰੀ ਸਿਟਿੰਗ ਲਈ ਆਈ। ਆਪਣੀ ਸਲਿਪ ਦੇ ਕੇ ਉਹ ਉਸ ਬੱਚੇ ਦੇ ਨਾਲ਼ ਵਾਰੀ ਕੁਰਸੀ ਤੇ ਬੈਠ ਗਈ। ਠੰਡ ਹੋਣ ਕਾਰਨ ਬੱਚੇ ਦਾ ਮੂੰਹ ਟੋਪੀ ਨਾਲ਼ ਪੂਰੀ ਤਰ੍ਹਾਂ ਢੱਕਿਆ ਹੋਇਆ ਸੀ। ਬੱਚੇ ਨੂੰ ਸੁੱਤਿਆ ਕਾਫੀ ਵਕਤ ਹੋ ਗਿਆ ਸੀ। ਸ਼ਾਇਦ ਹੁਣ ਜਾਗਣ ਵਾਲ਼ੀ ਅਵਸਥਾ ਵਿਚ ਆਉਣ ਕਰਕੇ ਬੱਚੇ ਨੇ ਹਿੱਲਣਾ ਸ਼ੁਰੂ ਕਰ ਦਿੱਤਾ। ਬੱਚੇ ਦੇ ਹਿੱਲਣ ਕਰਕੇ ਨੀਲਮ ਜੀ ਨੇ ਬੜੀ ਧਿਆਨ ਨਾਲ਼ ਬੱਚੇ ਨੂੰ ਪੋਲੇ ਹੱਥ ਨਾਲ਼ ਆਸਰਾ ਦਿੱਤਾ ਤਾਂ ਕਿ ਉਹ ਡਿੱਗ ਨਾ ਪਵੇ।

ਮੈਂਨੂੰ ਇਹ ਸਭ ਕੁੱਝ ਨਿਹਾਰਦਿਆਂ ਹੋਇਆ ਬੜਾ ਚੰਗਾ ਲੱਗ ਰਿਹਾ ਸੀ। ਮੈਂ ਸੋਚਿਆ ਸ਼ਾਇਦ ਇਹ ਕੋਈ ਇਸਦੇ ਜਾਣ-ਪਛਾਣ ਵਾਲਿਆਂ ਦਾ ਬੱਚਾ ਹੈ। ਪੰਜ ਮਿੰਟ ਬਾਅਦ ਬੱਚਾ ਜਾਗ ਪਿਆ। ਨੀਲਮ ਜੀ ਨੇ ਬੜੇ ਪਿਆਰ ਨਾਲ ਉਸ ਦੀ ਟੋਪੀ ਅੱਖਾਂ ਤੋਂ ਉੱਪਰ ਕੀਤੀ ਅਤੇ ਉਸ ਦੇ ਰੋਣ ਤੋਂ ਪਹਿਲਾਂ ਹੀ ਉਸਨੂੰ ਪਿਆਰ ਨਾਲ ਸਹਿਲਾਇਆ। ਬੱਚੇ ਨੂੰ ਵੀ ਪਿਆਰ ਦੀ ਖਿੱਚ ਮਹਿਸੂਸ ਹੋਈ। ਨੀਲਮ ਨੇ ਆਪਣੀ ਉਮਰ ਦੇ ਤਜਰਬੇ ਨਾਲ਼ ਤੋਤਲੀ ਅਵਾਜ਼ ਵਿਚ ਉਸ ਨੂੰ ਪੁੱਛਿਆ, ” ਸੂਸੂ ਕਰਨਾ ਏ? ”

ਬੱਚੇ ਆਖਿਆ, ” ਊੰ”

ਨੀਲਮ ਨੇ ਬੱਚੇ ਦੀ ਪੈਂਟ ਢਿੱਲੀ ਕੀਤੀ ਤੇ ਉਸਨੂੰ ਬਾਥਰੂਮ ਵੱਲ ਲੈ ਗਈ। ਬੱਚੇ ਨੂੰ … ਕਰਵਾ ਕੇ ਉਸ ਵਾਪਸ ਆ ਕੇ ਬੱਚੇ ਨਾਲ਼ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗੀ। ਬੱਚੇ ਨੂੰ ਪ੍ਰਚਾਉਣ ਲਈ ਉਸ ਨੇ ਫ਼ੋਨ ਦੀ ਥੋੜ੍ਹੀ ਦੂਰੀ ਬਣਾ ਕੇ ਬੱਚੇ ਨੂੰ ਕਾਰਟੂਨ ਵਿਖਾਉਣ ਲੱਗ ਪਈ। ਬੱਚਾ ਵੀ ਬੜਾ ਮਸਤ ਹੋ ਗਿਆ। ਇੰਨ੍ਹੇ ‘ਚ ਬੱਚੇ ਦੀ ਮਾਂ ਆ ਗਈ। ਮਾਂ ਨੂੰ ਵੇਖਦਿਆਂ ਬੱਚਾ ਬੋਲਿਆ, “ਮੰ… ਮਾਂ ”

ਨੀਲਮ ਨੇ ਆਖਿਆ, “ਅੱਛਾ, ਮੰਮਾਂ ਆ ਗਏ। ਠੀਕ ਹੈ, ਜਾਓ ਮੰਮਾਂ ਕੋਲ਼। ”

ਬੱਚੇ ਦੀ ਮਾਂ ਕਾਫੀ ਸੰਤੁਸ਼ਟ ਸੀ। ਫਿਰ ਨੀਲਮ ਜੀ ਨੂੰ ਡਾਕਟਰ ਦੀ ਅਵਾਜ਼ ਪਈ ‘ਤੇ ਉਹ ਅੰਦਰ ਚਲੇ ਗਏ। ਮੈਂ ਅਮਨਦੀਪ ਨੂੰ ਪੁੱਛਿਆ ਕਿ ਕੀ ਉਹ ਤੁਹਾਡੇ ਜਾਣ-ਪਛਾਣ ਵਾਲ਼ੇ ਹਨ ਤਾਂ ਉਸ ਨੇ ਨਾਂਹ ਵਿਚ ਸਿਰ ਹਿਲਾ ਦਿੱਤਾ। ਹੁਣ ਮੈਂ ਸੋਚ ਰਹੀ ਸਾਂ ਕਿ ਕਿਵੇਂ ਕੋਈ ਅਣਜਾਣ ਲਈ ਪਿਆਰ ਲੁਟਾ ਸਕਦਾ ਹੈ। ਆਪਣਿਆ ਤੋਂ ਵੱਧ ਪ੍ਰਵਾਹ ਕਰ ਸਕਦਾ ਹੈ। ਇਹ ਜ਼ਰੂਰ ਰੱਬ ਦੀ ਕੋਈ ਸ਼ਾਹਕਾਰ ਰਚਨਾ ਹੈ।

ਵੀਨਾ ਬਟਾਲਵੀ ਪੰਜਾਬੀ ਅਧਿਆਪਕਾ
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਗਰ ਦਾ ਨਾਮ ਰੱਖਿਆ ਗਿਆ ਸ੍ਰੀ ਗੁਰੂ ਰਾਮਦਾਸ ਨਗਰ ਵਾਰਡ 14
Next articleBiden, Egypt’s Sisi discuss regional, int’l issues