ਲੋਕ ਹਿੱਤਾਂ ਦੀ ਗੀਤਕਾਰੀ ਵਾਲੀ ਕਲਮ ; ਬਾਲੀ ਰੇਤਗੜੵ

(ਸਮਾਜ ਵੀਕਲੀ)

ਸਮਾਜ ਅੰਦਰ ਚਲੰਤ ਭਖ਼ਦਿਆਂ ਵਿਸ਼ਿਆਂ ਨੂੰ ਗੀਤਾਂ ਰਾਹੀਂ ਅਖਵਾਰਾਂ ਦੇ ਪੰਨਿਆਂ ਤੇ ਪਾਠਕਾਂ ਦੀ ਨਜ਼ਰ ਕਰਨ ਵਾਲਾ , ਸਰਕਾਰਾਂ ਦੀਆਂ ਧੱਕੇਸ਼ਾਹੀਆਂ ਦੇ ਵਿਰੁੱਧ ਲੋਕ-ਆਵਾਜ਼ ਬਣਨ ਵਾਲਾ , ਵਿਸ਼ਿਆਂ ਦੀਆਂ ਗਹਿਰਾਈਆਂ ਦੀ ਤਹਿ ਤੱਕ ਉਤਰ ਜਾਣ ਵਾਲਾ, ਮੁੱਦਿਆਂ ਤੇ ਚਿੰਤਨ ਕਲਮ , ਚੇਤਨ ਗੀਤਕਾਰ ਬਲਜਿੰਦਰ ਸਿੰਘ ਉਰਫ਼ ਬਾਲੀ ਰੇਤਗੜੀਆ । ਕਲਮ ਦੇ ਮਾਮਲੇ ਵਿੱਚ ਅਤੇ ਵਾਸਤਵਿਕ ਜਿੰਦਗ਼ੀ ਦੇ ਸਫ਼ਰ ਵਿੱਚ ਗਹਿਰ ਗੰਭੀਰ ਸ਼ਖਸ਼ੀਅਤ ਦਾ ਮਾਲਿਕ ਹੈ। ੳਸਦੇ ਸ਼ਬਦਾਂ ਦੀ ਸੁਚੱਜੀ ਜੜੵਤ ਤੇ ਢੁਕਵੇਂ ਠੇਠ ਸ਼ਬਦਾਂ ਦੀ ਪਟਾਰੀ ਅਥਾਹ ਸਾਗਰ ਵਰਗੀ ਹੈ। ਗੀਤਾਂ ਦੇ ਵਿਸ਼ੇ ਲੋਕ ਹਿੱਤਾਂ ਨੂੰ ਪਰਨਾਏ ਹੋਏ ਕੁਦਰਤ ਦੀ ਕਾਇਨਾਤ ਦੇ ਉਪਾਸ਼ਕ ਜਾਪਦੇ ਹਨ। ਬੇਖੌਫ਼, ਉਸਾਰੂ ਸੋਚ ਵਾਲੀ ਕਲਮ ਫੋਕੀ ਸ਼ੋਹਰਤ ਤੋਂ ਕੋਹਾਂ ਦੂਰ ਆਪਣਾ ਕਰਮ ਕਰਦੀ ਜਾ ਰਹੀ ਹੈ। ਜ਼ਿੰਦਗ਼ੀ ਨਾਲ਼ ਸ਼ਤਰੰਜ ਜਿਹੀਆਂ ਬਾਜ਼ੀਆਂ ਲਾਉਂਦਾ ਉਹ ਨਰਦਾਂ ਨੂੰ ਚਿੱਤ ਕਰਦਾ , ਕਰਮਯੋਗੀ ਆਪਣੇ ਪਿੰਡ ਦੀਆਂ ਜੂਹਾਂ ਦੀ ਬੁੱਕਲ਼ ਦਾ ਅਨੰਦ ਮਾਣਦਾ ਨਿਰੰਤਰ ਸਾਹਿਤ ਸਿਰਜੀ ਜਾ ਰਿਹਾ ਹੈ। ਗੀਤ, ਕਵਿਤਾ, ਗ਼ਜ਼ਲ, ਨਜ਼ਮ ਤੇ ਵਾਰਤਿਕ ਉਸਦੀ ਕਲਮ ਤੋਂ ਇੰਝ ਪੁੰਗਰਦੀਆਂ ਨੇ ਜਿਵੇਂ ਸਾਵਣ-ਭਾਦੋਂ ਦੀ ਰੁੱਤੇ ਧਰਤੀ ਦੀ ਉਪਰਲ਼ੀ ਪਰਤ ਦੇ ਬੀਜ਼।

ਪੰਜਾਬ ਦੀ ਪਵਿੱਤਰ ਧਰਤੀ ‘ਤੇ ਮਾਲਵੇ ਦੀ ਹਿੱਕ ਉੱਪਰ ਜਿਲਾ ਸੰਗਰੂਰ ਦੇ ਭਵਾਨੀਗੜ੍ਹ ਬਲਾਕ ਤੋਂ ਪੰਜ ਕਿਲੋਮੀਟਰ ਦੀ ਵਿੱਥ ਤੇ ਦੱਖਣ ਵੱਲ ਕੱਕੇ ਰੇਤ ਦੇ ਉੱਚੇ ਉੱਚੇ ਟਿੱਬਿਆਂ ‘ਚ ਵਸਿਆ ਪਿੰਡ ਰੇਤਗੜੵ ਦਾ ਜੰਮਪਲ ਹੈ, ਬਲਜਿੰਦਰ ਸਿੰਘ। “ਬਾਲੀ” ਤਖੱਲਸ ਉਸਦੇ ਕਾਲਜ ਪੜ੍ਹਦੇ ਦੋਸਤਾਂ ਦਾ ਪਿਆਰ ਹੈ। ਉਹ ਰਾਮਗੜ੍ਹੀਆ ਪਰਿਵਾਰ ਵਿੱਚ ਸ੍: ਜੰਗੀਰ ਸਿੰਘ ਦੇ ਘਰ ਮਾਤਾ ਹਰਬੰਸ ਕੌਰ ਦੀ ਕੁੱਖੋਂ 06 ਮਈ 1968 ਨੂੰ ਜਨਮਿਆਂ। ਬਲਜਿੰਦਰ ਸਿੰਘ ਆਪਣੇ ਦੋ ਭੈਣਾਂ ਤੇ ਇਕ ਭਰਾ ਦਾ ਵੀਰ ਹੈ।

ਜਿਸਦਾ ਬਚਪਨ ਪਿੰਡ ਦੀਆਂ ਜੂਹਾਂ ਨੂੰ ਨਿਹਾਰਦਾ, ਗਲੀਆਂ ‘ਚ ਪੇਂਡੂ ਖੇਡਾਂ ਖੇਡਦਿਆਂ ਹੀ ਬੀਤਿਆ। ਰੇਤਲ਼ੇ ਟਿੱਬਿਆਂ ਦੇ ਖੇਤ ਅੰਦਰ ਨਿਰਮਲ ਜਲ ਦੇ ਵਗਦੇ ਖਾਲ਼ਾਂ ਦਿਆਂ ਪਾਣੀਆਂ ਚੋਂ ਲੱਪ ਭਰ ਭਰ ਰੇਤ ਦੇ ਟਿੱਲੇ ਬਣਾਉਂਦਿਆ, ਵੀਰ ਵਹੁਟੀ ਫੜਦਿਆ, ਟੋਭਿਆਂ ‘ਚ ਮੱਝਾਂ ਮਗਰ ਨਹਾਉਂਦਿਆ ਬਤੀਤ ਹੋਇਆ। ਮਿੱਟੀ ਦੀ ਮਹਿਕ, ਪਿੰਡ ਦਾ ਮੋਹ ਉਸਦੇ ਧੁਰ ਅੰਦਰ ਰਮਿਆ ਹੈ।ਆਪਣੀ ਮਿੱਟੀ ਦੀ ਮਹਿਕ ਉਸ ਦੇ ਸਾਹਾਂ ‘ਚ ਮਾਂ ਬੋਲੀ ਦੇ ਸ਼ਬਦਾਂ ਰਾਂਹੀ ਮਹਿਕਦੀ ਹੈ। ਆਪਣੇ ਸਾਹਿਤਕ ਰੰਗ ਬਿਖ਼ੇਰਦੀ ਹੈ।

ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪੰਜਵੀਂ ਸਰਕਾਰੀ ਹਾਈ ਸਕੂਲ ਕਪਿਆਲ ਵਿੱਚੋਂ ਦਸਵੀਂ ਸੈਕਿੰਡ ਡਵੀਜ਼ਨ ਵਿੱਚ ਪਾਸ ਕੀਤੀ। ਗੁਰੂ ਤੇਗ਼ ਬਹਾਦਰ ਕਾਲਜ ਵਿੱਚੋਂ ਆਰਟਸ ਦੇ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ । ਐਮ ਏ ਪੋਲੀਟੀਕਲ ਸਾਇੰਸ ਪੱਤਰ ਵਿਹਾਰ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਗਿਆਨੀ ਦਾ ਕੋਰਸ ਕਰਕੇ ਸਾਹਿਤ ਨਾਲ਼ ਜੁੜੇ। ਕਾਲਜ ਪੜ੍ਹਦਿਆਂ ਹੀ ਗੀਤਾਂ ਤੇ ਕਲਮ ਚੱਲਣ ਲੱਗੀ।

ਸਰਕਾਰੀ ਨੌਕਰੀ ਨਾ ਮਿਲੀ ਤਾਂ ਪਿਤਾ ਪੁਰਖੀ ਕਿੱਤੇ ਤੇ ਹੱਥ ਅਜ਼ਮਾ ਲਿਆ। 1994 ਤੋਂ 1999 ਤੱਕ ਇਕ ਕੈਮੀਕਲ ਪ੍ਰਾਈਵੇਟ ਇੰਡਸਟਰੀ ਵਿੱਚ ਸਟੋਰਕੀਪਰ ਦੀ ਨੌਕਰੀ ਵੀ ਕੀਤੀ। ਫੈਕਟਰੀ ਬੰਦ ਹੋਈ ਤਾਂ ਸਾਰੇ ਪਾਸਿਓਂ ਸਾਰੇ ਰਾਹ ਬੰਦ ਸਨ। ਕਲਮ ਤਾਂ ਕੁਦਰਤ ਦੀ ਬਖਸ਼ਿਸ਼ ਸਦਕਾ ਚੱਲ ਹੀ ਰਹੀ ਸੀ ਤੇ ਕਲਮ ਦੇ ਨਾਲ਼ ਹੱਥ ਵਿੱਚ ਕਰਨੀ ਤੇਸ਼ੀ ਫਿਰ ਤੋਂ ਆ ਗਈ । 2005 ਤੋਂ 2010 ਤੱਕ ਅਰਬ ਦੇਸ਼ ਦਬੱਈ ਤੇ ਸ਼ਾਰਜ਼ਾਹ ਵਿਖੇ ਸਿਵਲ ਫੋਰਮੈਨ ਦੇ ਤੌਰ ਤੇ ਕਮ ਕੀਤਾ। ਪਰਿਵਾਰਿਕ ਉਲਝਣਾਂ ਕਰਕੇ ਵਾਪਿਸ ਪਰਤਣਾ ਪਿਆ। ਜੋ ਅੱਜ ਤੱਕ ਕਲਮ ਦੇ ਨਾਲ਼ ਨਾਲ਼ ਮੁਸ਼ੱਕਤ ਕਰਦਿਆਂ ਸਾਹਤਿਕ ਸਿਰਜਣਾ ਦੀਆਂ ਬੁਲੰਦੀਆਂ ਛੂਹ ਰਿਹਾ ਹੈ।

ਸ਼ਿਵ ਦੀ ਤਰ੍ਹਾਂ ਦਰਦਾਂ ਦੇ ਗੀਤ ਰਚ ਜਾਂਦੈ ਤੇ ਸ਼ੰਕਰ ਦੀ ਤਰ੍ਹਾਂ ਜਿੰਦਗ਼ੀ ਦੀ ਜ਼ਹਿਰ ਪੀ ਕੇ ਗ਼ਜ਼ਲਾਂ ਕਹਿ ਜਾਂਦੈ। ਸਮਾਜਿਕ ਘਟਨਾਵਾਂ ਤੇ ਮਨੁੱਖਤਾ ਦੇ ਦਰਦ ਉਸਦੀਆਂ ਨਜ਼ਮਾਂ ਬਣ ਅਖ਼ਵਾਰਾਂ ਵਿੱਚ ਛਪ ਜਾਂਦੀਆਂ ਨੇ। ਪੁਰਖਿਆਂ ਦੀ ਜਾਗੀਰਦਾਰੀ ਸਿਸਟਮ ਨਾਲ਼ ਜੱਦੋ ਜਹਿਦ ਤੇ ਮੁਜ਼ਾਹਰਿਆਂ ਦੀ ਜੁਝਾਰੂ ਵਿਚਾਰਧਾਰਾ ਉਸਦੇ ਖੂਨ ਅੰਦਰ ਉਸੇ ਤਰ੍ਹਾਂ ਖੌਲਦੀ ਹੈ। ਹਾਕਮ ਜਮਾਤ ਅਤੇ ਸਰਕਾਰੀ ਮਸ਼ੀਨਰੀ ਦਾ ਲੋਕ ਹਿੱਤਾਂ ਨਾਲ਼ ਖਿਲਵਾੜ ਉਸ ਦੇ ਗੀਤਾਂ ਨੂੰ ਪਾਣ ਦੇ ਕੇ ਉਸਦੀ ਕਲਮ ਨੂੰ ਹਥਿਆਰ ਬਣਾ ਜਾਂਦਾ ਹੈ।ਆਓ ਉਸਦੇ ਗੀਤਾਂ ਦੀ ਵੰਨਗੀ ਨਾਲ਼ੋ ਨਾਲ਼ ਮਾਣੀਏ।

ਦਮ ਪਰਖ਼ੀਂ ਨਾ ਤੂੰ ਨਾਅਰੇ , ਲਲ਼ਕਾਰੇ ਰੂਹ ਦੀ ਧਾਅ ਦੇ ਨੇ
ਧੂਹ ਤੇਰੇ ਤਖ਼ਤ ਹਿਲਾਉਣੇ, ਤੇਰੇ ਨਾਲ ਸਾਡੇ ਵੀ ਵਾਅਦੇ ਨੇ
ਦਮ ਪਰਖੀਂ ਨਾ ਸਰਕਾਰੇ—– —————-

ਹਿੱਕ ਪਾੜ ਕੇ ਬੰਜਰਾਂ ਦੀ, ਜਿਣਸਾਂ ਨੂੰ ਉਪਜਾਉਂਦੇ ਹਾਂ
ਮੁੜਕੇ ਨਾਲ਼ ਸਿੰਜਾ ਕੇ ਫਿਰ , ਫਸਲਾਂ ਨੂੰ ਲਹਿਰਾਉਂਦੇ ਹਾਂ
ਸਾਨਾਂ ਨੂੰ ਪਾਉਣੀਆਂ ਕਿਵੇਂ ਨਕੇਲਾਂ, ਦੱਸਿਆ ਦਾਦੇ ਨੇ
ਦਮ ਪਰਖੀਂ ਨਾ ਸਰਕਾਰੇ———– ———-

ਆਪਣੀ ਪਿਆਸ ਬੁਝਾਵਣ ਲਈ, ਹਾਂ ਖੂਹ ਪੁੱਟ ਪੀਂਦੇ ਪਾਣੀ
ਜਿੰਦਗ਼ੀ ਦੇ ਉਸਤਾਦ ਅਸੀਂ, ਅਨਪੜ੍ਹ ‘ਗੂਠੇ ਛਾਪ ਨਾ ਯਾਣੀ
ਦਰਿਆਵਾਂ ਦੇ ਨੱਕ ਮੋੜ ਦੇਈਏ, ਐਸੇ ਸਿਰੜ ਇਰਾਦੇ ਨੇ

ਰਹੇ ਲਿਤਾੜੇ ਸਦੀਆਂ ਤੋਂ, ਪਾ ਵੰਡਾਂ ਜਾਤ-ਕੁਜਾਤਾਂ ਦੇ
ਅਸੀਂ ਬਲਦੇ ਵਾਂਗ ਮਿਸ਼ਾਲਾਂ , ਸੂਰਜ ਬਣ ਪੵਭਾਤਾਂ ਦੇ
ਚਾਨਣ ਬਣਕੇ ਉੱਗੇ ਹਾਂ, ਸਾਡੇ ਲਈ ਨੇਰੇ ਕਾਹਦੇ ਨੇ

ਜੇਠ-ਹਾੜ ਦੇ ਤਿੱਖੜ ਦੁਪਹਿਰੇ, ਲੂੰਹਦੇ ਹਾਂ ਸੇਕੇ ਅੰਬਰ ਦੇ
ਪਾ ਪੇਚੇ ਸਰਦ ਹਵਾਵਾਂ ਨਾਲ਼ , ਨਾ ਸੋਚੋਂ ਕਦੇ ਠਠੰਬਰ ਦੇ
ਗਰਜੇ ਬੜੇ ਲਿਸ਼ਕੇ , ਬਰਸੇ ਤੇਰੇ ਹੁਕਮ ਪਿਆਦੇ ਨੇ

ਕਿਰਤੀ-ਕਿਸਾਨ ਅੰਦੋਲਨ ਦੀ ਹਮਾਇਤ ਕਰਦੇ ਉਸਦੇ ਗੀਤ ਸ਼ੋਸਲ ਮੀਡੀਆ ਤੇ ਨਜ਼ਰ ਆਉਂਦੇ ਰਹੇ। ਦੇਸ ਵਿਦੇਸ਼ਾਂ ਦੇ ਪੰਜਾਬੀ ਅਖ਼ਵਾਰਾਂ ਤੇ ਸੋਹਣਿਆ ਰੰਗਾਂ ‘ਚ ਸਜਦੇ ਪਾਠਕਾਂ ਦੀ ਨਜ਼ਰ ਹੁੰਦੇ ਰਹੇ ਹਨ। ਗੰਦੇ ਸਿਸਟਮ ਨੂੰ ਦਫ਼ਨਾਉਣ ਅਤੇ ਨੌਜਵਾਨ ਸ਼ਕਤੀ ਨੂੰ ਦੇਸ਼ ਦੀ ਨੁਹਾਰ ਬਦਲਣ ਵਾਲੇ ਉਸਦੇ ਗੀਤ ਉਸਦੇ ਉੱਚੇ ਸੁੱਚੇ ਇਖ਼ਲਾਕ ਦਾ ਚਿਤਰਣ ਕਰਦੇ ਹਨ। ਮਨੁੱਖੀ ਆਜ਼ਾਦੀ ਤੇ ਨੈਤਿਕ ਕਦਰਾਂ ਕੀਮਤਾਂ ਦੀ ਗਵਾਹੀ ਭਰਦੇ ਬਾਲੀ ਰੇਤਗੜੵ ਦੇ ਗੀਤ ਸਾਹਿਤ ਦੇ ਪੰਨਿਆਂ ਤੇ ਸਦਾ ਚਿਰਾਗ਼ ਬਣ ਬਲਦੇ ਰੌਸ਼ਨੀ ਕਰਦੇ ਰਹਿਣਗੇ।
ਸਰਕਾਰੀ ਤਸ਼ੱਦਦ ਨੂੰ ਵੰਗਾਰਦੇ ਗੀਤ ਲਿਖਣੇ ਭਾਰਤ ਅੰਦਰ ਮੌਤ ਨੂੰ ਮਾਸੀ ਕਹਿਣਾ ਹੈ ਪਰ ਲਿਖ਼ਾਰੀ ਦਾ ਫ਼ਰਜ਼ ਬਣਦੈ ਸੱਚ ਤੇ ਸਾਫ਼ ਸਾਫ਼ ਲਿਖਣਾ।

ਗੀਤ

ਸੌ ਸ਼ੁਕਨੀਆਂ ਦੇ ਮਾਮੇ ਇਹ , ਨੀਤੀ ਸਭ ਤੇ ਭਾਰੂ ਹੈ
ਸਾਹਿਤ ਮਾਫ਼ੀਆ ਦੀ ਸਭ ਤੋਂ , ਪੈਂਤੜੇਬਾਜ਼ੀ ਮਾਰੂ ਹੈ
ਸੌ ਸ਼ੁਕਨੀਆ ਦੇ ਮਾਮੇ ਇਹ———— ——

ਆਪੇ ਚੋਰ ਉਚੱਕੇ ਜ਼ੋਰੀ, ਜ਼ੋਰ ਜਮਾਉਂਦੇ ਜਬਰੀ ਨੇ
ਇਕ ਜੁੰਡਲੀ ਦੇ ਯਾਰ ਪਿਆਕੜ, ਸਭ ਪੱਕੇ ਖਬਰੀ ਨੇ
ਗੁੱਟ ਸ਼ਰਾਬਾਂ ਨਾਲ਼ ਸ਼ਬਾਬਾਂ, ਗੁੱਝੀ ਨੌਸਰ ਖਾਰੂ ਹੈ

ਰਾਜ ਸਭਾਵਾਂ ਅੰਦਰ ਪੂਰੀ, ਚਰਚਾ ਹੈ ਵਿਦਵਾਨਾਂ ਦੀ
ਵਿੱਚ ਅਦਾਰਿਆਂ ਗੁੰਡਾਗਰਦੀ, ਕਾਗਜ਼ ਦੇ ਭਲਵਾਨਾਂ ਦੀ
ਕਿੰਝ ਖ਼ਜ਼ਾਨੇ ਕਬਜ਼ੇ ਹੋਵਣ, ਪੈਸਾ ਜੋ ਸਰਕਾਰੂ ਹੈ

ਵੰਡ ਲਏ ਨੇ ਅਹੁਦੇ ਆਪੇ, ਚੁੱਪ ਚੁਪੀਤੇ ਪਹਿਲਾਂ ਹੀ
ਚੋਣ ਸਭਾ ਦੀ ਲੋਕਾਂ ਸਾਹਵੇਂ, ਹੱਥ ਮਿਲਾ ਲਏ ਪਹਿਲਾਂ ਹੀ
ਵੰਡ ਇਲਾਕੇ ਆਪਣੇ ਆਪਣੇ, ਸਭ ਨੇ ਫੇਰਿਆ ਝਾੜੂ ਹੈ

ਪ੍ਰੈਸ-ਪੑਸ਼ਾਸ਼ਣ -ਪ੍ਣਾਲੀ, ਕਰਿਐ ਮੂਠੀ ਵਿੱਚ ਤੰਤਰ
ਪੌ-ਬਾਰਾ “ਰੇਤਗੜੵ” ਇਨਾਂ ਦੀ, ਇਹ ਵੱਡਾ ਹੈ ਛੜਯੰਤਰ
ਕਲਮਾਂ ਵਾਲੇ ਉੱਲੂ ਹੋਏ, “ਬਾਲੀ” ਸਾਜ਼ਿਸ਼ ਚਾਰੂ ਹੈ

ਬਾਲੀ ਰੇਤਗੜੵ ਦੀ ਜ਼ਿੰਦਗ਼ੀ ਆਪਣੇ ਆਪ ਵਿੱਚ ਇਕ ਅਜਬ ਕਹਾਣੀ ਹੈ , ਜੱਦੋ-ਜਹਿਦ ਦੀ ਦਾਸਤਾਨ ਹੈ।ਜੋ ਸੱਭਿਅਕ ਸਮਾਜ ਲਈ ਇਕ ਮਿਸਾਲ਼ ਪੈਦਾ ਕਰਦੀ ਹੈ। ਡਾਂਵਾ ਡੋਲ ਮਨਾ ਨੂੰ ਉਤਸ਼ਾਹਿਤ ਕਰਨ ਵਾਲੀ ਹੈ। ਤਿੜਕਦਿਆਂ ਰਿਸ਼ਤਿਆਂ ਦੀ ਤ੍ਰਾਸਦੀ ਨੂੰ ਗੀਤਾਂ ਦੀ ਬੁੱਕਲ਼ ਵਿੱਚ ਸਮੇਟ ਗੀਤ ਬਣਾ ਕੇ ਪੇਸ਼ ਕਰ ਜਾਂਦੀ ਹੈ ਉਸਦੀ ਕਲਮ।
ਇਸ਼ਕ ਹਕੀਕੀ ਤੇ ਇਸ਼ਕ ਮਜ਼ਾਜ਼ੀ ਦੇ ਗੀਤ ਉਸਦੀ ਕਲਮ ਦੀ ਰੂਹ ਹਨ। ਵਸਲ ਦੀ ਤੜਫ਼, ਪਿਆਰੇ ਦੀ ਯੁਦਾਈ, ਮੋਹ ਦੇ ਉਲਾਂਭੇ, ਸਹੁੱਪਣ ਦੀ ਤਾਰੀਫ਼ ਉਸਦੇ ਗੀਤਾਂ ਦੇ ਹਿੱਸੇ ਵੀ ਆਏ। ਅੰਲਕਾਰਾਂ ਦੀ ਸੁਚੱਜੀ ਜੜਤ, ਸ਼ਬਦਾਵਲ਼ੀ ਦੀ ਗਹਿਰਾਈ ਵਿਲੱਖਣਣ ਹੈ।

ਬਿਨ ਤੇਰੇ ਅਧੂਰੀ ਜ਼ਿੰਦਗ਼ੀ, ਅਧੂਰੇ ਨੇ ਗੀਤ ਮੇਰੇ
ਤੂੰ ਇਸ਼ਕ ਹੈ ਤੂੰ ਬੰਦਗ਼ੀ , ਸ਼ਿਅਰ ਤੂੰ ਮੀਤ ਮੇਰੇ

ਮੁੱਦਤਾਂ ਤੋਂ ਤਰਸਿਆਂ ਹਾਂ , ਬੋਲ ਨਾ ਸੁਣੇ ਬੁਲਬਲੀ ਮੈਂ
ਨਾ ਸ਼ਰਾਰਤ ਨਜ਼ਰ ਦੀ ਹੀ, ਕੋਈ ਦੇਖੀ ਚੁਲਬਲ਼ੀ ਮੈਂ
ਸੇਕ ਹਿਜਰੀ ਲੂਹ ਰਿਹੈ ਪਰ, ਪੋਹ ਪੁਰਾ ਵਗੇ ਸ਼ੀਤ ਮੇਰੇ
ਬਿਨ ਤੇਰੇ ਅਧੂਰੀ ਜ਼ਿੰਦਗ਼ੀ— — — ——

ਮੰਨਿਆ ਗੁਸਤਾਖ਼ ਹਾਂ ਮੈਂ , ਬੇ-ਵਫ਼ਾ ਨਾ ਮੱਤਲਵੀ ਹਾਂ
ਜੇ ਮਹੁੱਬਤ ਹੀ ਗੁਨਾਹ ਹੈ, ਤਾਂ ਸਜ਼ਾ ਦੇ, ਹੱਲ ਵੀ ਹਾਂ
ਮੁਜ਼ਰਿਮਾਂ ਦੀ ਪੈਰਵੀ ਕਰ, ਸ਼ਿਅਰ ਬਣ ਐ ਅਤੀਤ ਮੇਰੇ
ਬਿਨ ਤੇਰੇ ਅਧੂਰੀ ਜ਼ਿੰਦਗ਼ੀ—————

ਬਾਲੀ ਰੇਤਗੜੵ ਦੀ ਕਲਮ ਨੇ ਸਾਹਿਤ ਦੀ ਝੋਲੀ ਵਿੱਚ ਦੋ ਕਾਵਿ ਸੰਗ੍ਰਹਿ ਪਾਏ ਹਨ। “ਦਰਦ ਵਿਛੋੜੇ ਦਾ ਹਾਲ” 2015 ਵਿੱਚ ਅਤੇ ਮਿੱਟੀ ਦੀ ਆਵਾਜ਼ 2017 ਵਿੱਚ ਪਬਲਿਸ਼ ਹੋਇਆ। ਅਨੇਕਾਂ ਹੀ ਸਾਂਝੇ ਕਾਵਿ ਸੰਗ੍ਰਹਿ ਵੱਖ ਵੱਖ ਸੰਪਾਦਕਾਂ ਦੁਆਰਾ ਉਸਦੇ ਗੀਤਾਂ ਨਾਲ਼ ਸ਼ਿੰਗ਼ਾਰੇ ਗਏ । ਪੰਜਬੀ ਮੈਗ਼ਜ਼ੀਨਾਂ ਵਿੱਚ ਛਪੇ ਗੀਤ ਪੰਜਾਬੀ ਪਾਠਕਾਂ ਦੀ ਨਜ਼ਰ ਹੋਏ।

ਬਾਲੀ ਰੇਤਗੜੵ ਮਾਣ ਮੱਤਾ ਸ਼ਾਇਰ ਹੈ। ਯਾਰਾਂ ਦਾ ਯਾਰ ਹੈ। ਮਿੱਠ ਬੋਲੜਾ ਅਤੇ ਵਗਦੀ ਪੌਣ ਦੀ ਮੋਹ ਭਿੱਜੀ ਸੁਗੰਧ ਵਰਗਾ। ਦੁਆ ਕਰਦਾ ਹਾਂ ਉਸਦੀ ਕਲਮ ਅਰਥ ਭਰਭੂਰ ਮਿਆਰੀ ਗੀਤਾਂ ਦੀ ਰਚਨਾ ਸਦਾ ਕਰਦੀ ਰਹੇ । ਦਮਦਾਰ ਆਵਾਜ਼ਾਂ ਤੇ ਸੰਗੀਤਿਕ ਸੁਰਾਂ ਨਾਲ਼ ਉਸਦੇ ਗੀਤ ਫਿਜ਼ਾਵਾਂ ਦੀ ਹਿੱਕ ਤੇ ਆਪਣੇ ਸਿਰਨਾਵੇ ਲਿਖਦੇ ਰਹਿਣ।
ਆਮੀਨ।

ਰਮੇਸ਼ਵਰ ਸਿੰਘ ਸੰਪਰਕ-9914880392

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article4 terrorist associates arrested in Kashmir
Next articleਮੈਂ ਠੀਕ ਹਾਂ ਐਦਾਂ ਹੀ