(ਸਮਾਜ ਵੀਕਲੀ)
ਵਾਹ! ਕਿੰਨਾ ਸੋਹਣਾ ਪੁਰਾਣਾ ਬਚਪਨ ਸੀ, ਕਿੰਨੇ ਸੋਹਣੇ ਨਿੱਕੇ ਨਿੱਕੇ ਮਾਸੂਮ ਤੇ ਨਿੱਕੇ ਨਿੱਕੇ ਖ਼ਿਆਲ ਸਨ, ਕਰ ਲਵੇਗਾ ਅੱਜ ਦਾ ਬਚਪਨ ਪੁਰਾਣੇ ਬਚਪਨ ਦੀਆਂ ਰੀਸਾਂ? ਸਕੂਲ ਵਿੱਚ ਬੈਠਣਾ ਸਿਖਾਉਣ ਲਈ ਨਾ ਦੋ ਢਾਈ ਸਾਲ ਦੇ ਜਵਾਕ ਦੇ ਗਲ਼ ਬਸਤਾ ਪਾ ਕੇ ਤੋਰਨਾ,ਨਾ ਖਾਣ ਪੀਣ ਦੀ ਤਹਿਜ਼ੀਬ ਸਿਖਾਉਣੀ।ਪਤਾ ਈ ਹੁੰਦਾ ਸੀ ਬਈ ਜੇ ਨਾ ਸਕੂਲ ਬੈਠਣਾ ਸਿੱਖੇ ਤਾਂ ਪਹਿਲਾਂ ਮਾਂ ਨੇ ਦੋ ਚਾਂਟੇ ਜੜ ਕੇ ਪਿਓ ਦੇ ਸਾਈਕਲ ਤੇ ਬਿਠਾ ਦੇਣਾ,ਜੇ ਸਕੂਲ ਪਹੁੰਚ ਕੇ ਪਿਓ ਦੇ ਸਾਈਕਲ ਦੀ ਗੱਦੀ ਘੁੱਟ ਕੇ ਫੜੀ ਤਾਂ ਓਹਨੇ ਦਬਕਾ ਮਾਰਕੇ ਖਿੱਚ ਕੇ ਥੱਲੇ ਲਾਹ ਦੇਣਾ,ਜੇ ਜਮਾਤ ਵਿੱਚ ਬੁੱਲ੍ਹ ਬਟੇਰਨ ਲੱਗੇ ਤਾਂ ਅਧਿਆਪਕ ਨੇ ਘੂਰ ਕੇ ਦੇਖਿਆ ਤਾਂ ਓਥੇ ਈ ਜਾਨ ਨਿਕਲਣ ਵਾਲੀ ਹੋ ਜਾਣੀ ਹੈ ,ਇਸ ਲਈ ਇਹੋ ਜਿਹੇ ਹਾਲਾਤਾਂ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਬੱਚੇ ਦਿਮਾਗ ਵਿੱਚ ਸਕੂਲ ਜਾਣ ਦੀ ਤਿਆਰੀ ਕਰ ਲੈਂਦੇ ਸਨ । ਕਿਸੇ ਵੱਡੇ ਭੈਣ ਭਰਾ ਨਾਲ਼ ਜਾਂ ਆਂਢੀਆਂ ਗੁਆਂਢੀਆਂ ਦੇ ਜਵਾਕ ਨਾਲ਼ ਇੱਕ ਅੱਧੀ ਵਾਰ ਇਸ ਤਰ੍ਹਾਂ ਹੁੰਦਾ ਦੇਖ ਕੇ ਸਾਰਿਆਂ ਨੂੰ ਆਪੇ ਅਕਲ ਆ ਜਾਂਦੀ ਹੁੰਦੀ ਸੀ ,ਇਸ ਲਈ ਪਹਿਲਾਂ ਈ ਬੰਦਿਆਂ ਵਾਂਗ ਸਕੂਲ ਜਾਣਾ ਸ਼ੁਰੂ ਕਰ ਦਿੰਦੇ ਸਨ।
ਇੱਕ ਘਰ ਵਿੱਚ ਚਾਰ ਪੰਜ ਜਵਾਕ ਹੁੰਦੇ ਸਨ।ਮਾਪੇ ਵੀ ਕੀਹਨੂੰ ਕੀਹਨੂੰ ਟ੍ਰੇਨਿੰਗਾਂ ਦੇਣ ਬੈਠਦੇ…ਇਸ ਲਈ ਇੱਕ ਦੂਜੇ ਨੂੰ ਦੇਖ ਦੇਖ ਕੇ ਆਪੇ ਸਭ ਕੁਝ ਸਿੱਖਦੇ ਰਹਿੰਦੇ। ਉਹਨਾਂ ਦੀ ਇਹ ਕੁਦਰਤੀ ਤੌਰ ਤੇ ਲਈ ਹੋਈ ਟ੍ਰੇਨਿੰਗ ਬਹੁਤ ਕਾਰਗਰ ਸਾਬਤ ਹੁੰਦੀ ਸੀ। ਨਾ ਜਵਾਕਾਂ ਨੂੰ ਮਾਪਿਆਂ ਦੀ ਕੁੱਟ ਖਾ ਕੇ ਸ਼ਰਮ ਆਉਂਦੀ ਸੀ ਤੇ ਨਾ ਅਧਿਆਪਕਾਂ ਦੀ ਕੁੱਟ ਕਾਰਨ ਮਾਪਿਆਂ ਨੂੰ ਗੁੱਸਾ ਆਉਂਦਾ ਸੀ। ਇਸੇ ਲਈ ਤਾਂ ਉਦੋਂ ਦੇ ਚੰਡੇ ਸਾਰੀ ਉਮਰ ਲਈ ਬੰਦੇ ਬਣ ਜਾਂਦੇ ਸਨ।
ਇੱਕ ਵਾਰੀ ਮੰਮੀ ਨਾਲ਼ ਰੁੱਸ ਕੇ ਨਿੱਕੇ ਹੁੰਦਿਆਂ ਮੈਂ ਭੁੱਖ ਹੜਤਾਲ ਕਰ ਦਿੱਤੀ, ਮੈਨੂੰ ਲੱਗਿਆ ਹੁਣ ਮਾਂ ਮੇਰੀਆਂ ਮਿੰਨਤਾਂ ਕਰੂ…..ਪਰ ਕਿੱਥੇ? ਮੈਂ ਇੱਕ ਡੰਗ ਰੋਟੀ ਨਾ ਖਾਧੀ…..ਢਿੱਡ ਵਿੱਚ ਚੂਹੇ ਨੱਚਣ ਲੱਗੇ …….ਦੂਜਾ ਡੰਗ ਵੀ ਸਾਰਿਆਂ ਨੂੰ ਰੋਟੀ ਖਾਂਦੇ ਦੇਖ ਦੇਖ ਕੇ ਜੀਅ ਕਰੇ …….ਦਿਲ ਕਰੇ,ਉਹਨਾਂ ਦੇ ਹੱਥੋਂ ਖੋਹ ਕੇ ਖਾ ਜਾਂ…ਪਰ ਕਿੱਥੇ….ਫੇਰ ਆਕੜ ਟੁੱਟਦੀ ਸੀ …..ਪੂਰੀ ਰਾਤ ਭੁੱਖ ਨਾਲ ਨੀਂਦ ਨਾ ਆਵੇ…… ਸਵੇਰ ਮਸੀਂ ਚੜ੍ਹੀ। ਮਾਂ ਦੇ ਚਾਹ ਬਣਾਉਂਦਿਆਂ ਈ ਪੌਣੇ ਲੀਟਰ ਦਾ ਪਿੱਤਲ ਦਾ ਗਲਾਸ ਚਾਹ ਨਾਲ ਭਰ ਲਿਆ ਤੇ ਆਪਣੇ ਆਪ ਨੂੰ ਆਪੇ ਹੀ ਮਨਾ ਲਿਆ। ਮੁੜਕੇ ਕਸਮ ਖਾਧੀ ਅੱਗੇ ਤੋਂ ਲੱਖ ਰੋਸਾ ਹੋਵੇ ਕਿਸੇ ਨਾਲ….ਪਰ ਭੁੱਖ ਹੜਤਾਲ ਤੇ ਨੀ ਬੈਠਣਾ।ਅੱਗੇ ਤੋਂ ਆਪਾਂ ਨੇ ਆਪਣਾ ਰੂਲ ਈ ਬਦਲ ਲਿਆ, ਜਦੋਂ ਰੁੱਸੇ ਹੋਣਾ , ਇੱਕ ਦੋ ਰੋਟੀਆਂ ਵਾਧੂ ਖਾ ਕੇ ਮੁਜ਼ਾਹਰਾ ਕਰਨਾ।
ਉਦੋਂ ਵੱਡੀਆਂ ਵੱਡੀਆਂ ਖੁਸ਼ੀਆਂ ਲਈ ਨਾ ਕਦੇ ਬੱਚਿਆਂ ਨੇ ਤਾਂਘ ਜਿਤਾਈ ਸੀ ਤੇ ਨਾ ਮਾਪਿਆਂ ਨੇ ਜਵਾਕਾਂ ਨੂੰ ਪੁੱਚ ਪੁੱਚ ਕਰਕੇ ਸਿਰ ਚੜ੍ਹਾਇਆ ਸੀ। ਪਤਾ ਨੀ ਕਿੰਨੀਆਂ ਕੁ ਤਾਂਘਾਂ ਨੂੰ ਲੋਚਣ ਤੋਂ ਪਹਿਲਾਂ ਈ ਆਪੇ ਮਨ ਨੂੰ ਸਮਝਾ ਕੇ ਸ਼ਾਂਤ ਕਰਨ ਦਾ ਹੁਨਰ ਵੀ ਉਸ ਬਚਪਨ ਦੀ ਮਾਨਸਿਕਤਾ ਨੂੰ ਤੰਦਰੁਸਤ ਬਣਾਉਂਦਾ ਸੀ। ਆਪਣੇ ਭੈਣਾਂ -ਭਰਾਵਾਂ ਜਾਂ ਗੁਆਂਢੀਆਂ ਦੇ ਬੱਚਿਆਂ ਨਾਲ਼ ਖੇਡ ਕੇ ,ਲੜ ਭਿੜ ਕੇ ਫੇਰ ਆਪੇ ਸਮਝੌਤਾ ਕਰ ਲੈਣਾ । ਘਰ ਵਿੱਚ ਕੋਈ ਫ਼ਲ ਜਾਂ ਮਠਿਆਈ ਆਉਣੀ ਤਾਂ ਸਭ ਦੇ ਮੂੰਹ ਵਿੱਚ ਪਾਣੀ ਆਉਣਾ ਪਰ ਉਹ ਚੀਜ਼ ਖਾਂਦੇ ਉਦੋਂ ਹੀ ਸਨ ਜਦੋਂ ਸਾਰਾ ਟੱਬਰ ਇਕੱਠਾ ਹੁੰਦਾ, ਸਾਰਿਆਂ ਨੂੰ ਇੱਕੋ ਜਿੰਨੀ ਚੀਜ਼ ਜਦ ਮਾਂ ਨੇ ਵੰਡ ਕੇ ਦੇਣੀ ਤਾਂ ਉਸ ਖਾਣ ਵਾਲੀ ਚੀਜ਼ ਦਾ ਸਵਾਦ ਦੁੱਗਣਾ ਹੋ ਜਾਂਦਾ ਸੀ। ਉਦੋਂ ਦੇ ਬੱਚਿਆਂ ਅੰਦਰ “ਮੈਨੂੰ ਇਹ ਨੀ ਪਸੰਦ…..ਮੈਨੂੰ ਔਹ ਨੀ ਪਸੰਦ” ਵਾਲੀ ਤਾਂ ਗੱਲ ਹੀ ਨਹੀਂ ਸੀ। ਜੋ ਖਾਣ ਪੀਣ ਅਤੇ ਪਹਿਨਣ ਨੂੰ ਮਿਲਣਾ ਉਸ ਨੂੰ ਖਿੜੇ ਮੱਥੇ ਸਵੀਕਾਰ ਕਰ ਲੈਂਦੇ ਸਨ।
ਇਹ ਆਦਤਾਂ ਉਸ ਬਚਪਨ ਵਿੱਚ ਬਹੁਤ ਛੋਟੀਆਂ ਜਿਹੀਆਂ ਸਭ ਦੇ ਅੱਖੋਂ ਪਰੋਖੇ ਅਣਗੌਲੀਆਂ ਗੱਲਾਂ ਸਨ ਪਰ ਇਹਨਾਂ ਨਾਲ਼ ਹਾਲਾਤਾਂ ਨੂੰ ਸੁਲਝਾਉਣ ਵਾਲ਼ੀ ਗੱਲ ਵੱਡੇ ਹੋ ਕੇ ਇੱਕ ਨਿੱਖਰੀ ਹੋਈ ਜ਼ਿੰਦਗੀ ਪੈਦਾ ਕਰਦੀਆਂ ਸਨ। ਵੰਡ ਕੇ ਖਾਣ,ਸਬਰ ਸੰਤੋਖ ਜਾਂ ਫਿਰ ਭੈਣਾਂ ਭਾਈਆਂ ਜਾਂ ਹੋਰ ਲੋਕਾਂ ਨਾਲ਼ ਆਪਸੀ ਸਮਝੌਤੇ ਕਰਕੇ ਵੱਡੇ ਤੋਂ ਵੱਡੇ ਝਗੜਿਆਂ ਨੂੰ ਵੀ ਬੈਠ ਕੇ ਸੁਲਝਾਉਣ ਦੇ ਕੰਮ ਆਉਂਣ ਵਾਲੀਆਂ ਗੱਲਾਂ ਸਨ। ਪੁਰਾਣੇ ਬਚਪਨ ਵਿੱਚ ਬੱਚੇ ਆਪਣੇ ਮਨੋਰੰਜਨ ਦੇ ਸਾਧਨ ਆਪੇ ਹੀ ਲੱਭ ਲੈਂਦੇ ਸਨ।ਕਈ ਵਾਰੀ ਸਾਰਿਆਂ ਤੋਂ ਵੱਡਾ ਚਲਾਕੀ ਵੀ ਕਰਦਾ ਰਹਿੰਦਾ ਸੀ ਤਾਂ ਉਸ ਚਲਾਕੀ ਦਾ ਭੇਦ ਵੀ ਕਿਤੇ ਹੁਣ ਆ ਕੇ ਲੱਭਦਾ ਹੈ ਜੋ ਜ਼ਿੰਦਗੀ ਦੀ ਇੱਕ ਹਸੀਨ ਯਾਦ ਬਣ ਜਾਂਦੀ ਹੈ। ਪੰਜ ਭੈਣ ਭਾਈਆਂ ਵਿੱਚੋਂ ਸਾਡੇ ਸਾਰਿਆਂ ਵੱਡੇ ਭਰਾ ਨੇ ਗਰਮੀਆਂ ਵਿੱਚ ਦੁਪਹਿਰ ਨੂੰ ਅਰਾਮ ਕਰਨ ਲੱਗੇ ਸਾਰਿਆਂ ਨੂੰ ਕਹਿਣਾ ਕਿ ਚਲੋ ਇੱਕ ਦੂਜੇ ਦੇ ਪਿੱਠ ਤੇ ਉਂਗਲਾਂ ਨਾਲ ਹਲਕੀ ਹਲਕੀ ਖਾਜ ਕਰੀਏ ਤਾਂ ਉਸ ਨੇ ਕਹਿਣਾ ਪਹਿਲਾਂ ਸਾਰਿਆਂ ਦੇ ਉਹ ਆਪ ਸੌ ਸੌ ਵਾਰ ਗਿਣ ਗਿਣ ਕੇ ਕਰੇਗਾ ਤੇ ਉਸ ਨੇ ਖਾਜ ਕਰ ਵੀ ਦੇਣੀ।ਸਭ ਤੋਂ ਅਖੀਰ ਵਿੱਚ ਆਪਣੀ ਵਾਰੀ ਰੱਖਦਾ ਸੀ।
ਅਸੀਂ ਬਹੁਤ ਛੋਟੇ ਸੀ ਇਸ ਕਰਕੇ ਉਸ ਦੀ ਚਲਾਕੀ ਸਮਝ ਨਾ ਆਈ । ਜਦ ਉਸ ਨੇ ਸਾਰਿਆਂ ਤੋਂ ਵਾਰੋ ਵਾਰੀ ਆਪਣੀ ਪਿੱਠ ਤੇ ਖਾਜ ਕਰਵਾਉਣੀ ਤਾਂ ਅਖੀਰ ਵਿੱਚ ਉਸ ਦੀ ਵਾਰੀ ਹੋਣ ਕਰਕੇ ਉਸ ਨੇ ਵਿਹਲਾ ਹੋ ਕੇ ਅਰਾਮ ਨਾਲ ਪੈ ਜਾਣਾ। ਅਸੀਂ ਵਾਰੋ ਵਾਰੀ ਖਾਜ ਕਰਦੇ ਜਾਣਾ ਤੇ ਉਸ ਨੇ ਗੂੜ੍ਹੀ ਨੀਂਦ ਸੌਂ ਜਾਣਾ। ਇਸੇ ਤਰ੍ਹਾਂ ਗਰਮੀਆਂ ਵਿੱਚ ਰਾਤਾਂ ਨੂੰ ਵਿਹੜੇ ਵਿੱਚ ਇੱਕ ਲਾਈਨ ਵਿੱਚ ਮੰਜੇ ਡਾਹ ਕੇ ਵੱਡਿਆਂ ਤੋਂ ਬਾਤਾਂ ਸੁਣਦੇ ਸੁਣਦੇ ਇੱਕ ਟੇਬਲ ਫੈਨ ਮੂਹਰੇ ਹੀ ਸਾਰੇ ਟੱਬਰ ਨੇ ਐਨੀ ਗੂੜ੍ਹੀ ਨੀਂਦ ਸੌਣਾ ਕਿ ਅੱਜ ਏਸੀ ਮੂਹਰੇ ਪੈ ਕੇ ਓਨੀ ਸੋਹਣੀ ਨੀਂਦ ਨਹੀਂ ਆਉਂਦੀ। ਪੁਰਾਣੇ ਬਚਪਨ ਵਿੱਚ ਬੱਚੇ ਛੋਟੀਆਂ ਛੋਟੀਆਂ ਗੱਲਾਂ ਨਾਲ਼ ਆਪੇ ਹੀ ਖੁਸ਼ੀ ਲੱਭ ਲੈਂਦੇ ਸਨ। ਸਾਡੇ ਘਰ ਕਿਸੇ ਰਿਸ਼ਤੇਦਾਰ ਨੇ ਗੱਡੀ ਲੈ ਕੇ ਆਉਣਾ ਤਾਂ ਜਾਣ ਲੱਗੇ ਜਵਾਕਾਂ ਨੂੰ ਝੂਟੀ ਦੇਣ ਲਈ ਨਾਲ ਬਿਠਾ ਲੈਣਾ।
ਕਿਲੋਮੀਟਰ ਲੰਬੀ ਝੂਟੀ ਦੇ ਕੇ ਉਸ ਨੇ ਉੱਥੇ ਹੀ ਉਤਾਰ ਜਾਣਾ , ਉੱਥੋਂ ਕਿਲੋਮੀਟਰ ਦੀ ਵਾਟ ਸਾਰੇ ਜਵਾਕਾਂ ਨੇ ਝੂਟੀ ਦੀ ਖੁਸ਼ੀ ਵਿੱਚ ਛਾਲਾਂ ਮਾਰਦਿਆਂ ਨੇ ਖੁਸ਼ੀ ਖੁਸ਼ੀ ਨੱਚਦਿਆਂ ਟੱਪਦਿਆਂ ਨੇ ਘਰ ਆ ਜਾਣਾ। ਚਾਹੇ ਇੱਕ ਕਿਲੋਮੀਟਰ ਤੁਰ ਕੇ ਨੱਚਦੇ ਟੱਪਦੇ ਤਹਿ ਕਰਦੇ ਸਨ ਪਰ ਜਿਹੜੀ ਬੇਸ਼ੁਮਾਰ ਕੀਮਤੀ ਖੁਸ਼ੀ ਦਾ ਖਜ਼ਾਨਾ ਤੇ ਰਿਸ਼ਤੇਦਾਰ ਪ੍ਰਤੀ ਪਿਆਰ ਦੀ ਭਾਵਨਾ ਨੂੰ ਪੱਲੇ ਵਿੱਚ ਭਰ ਕੇ ਲਿਆਉਂਦੇ ਸਨ ਉਹ ਕੀਮਤੀ ਖਜ਼ਾਨੇ ਅੱਜ ਦੇ ਬਚਪਨ ਦੇ ਹੱਥੋਂ ਛੁੱਟ ਗਏ ਹਨ। ਨਵੇਂ ਜ਼ਮਾਨੇ ,ਨਵੀਂ ਤਹਿਜ਼ੀਬ, ਨਵੀਂ ਤਕਨੀਕ ਅਤੇ ਨਵੇਂ ਤਰੀਕਿਆਂ ਦੀ ਰਹਿਣੀ ਬਹਿਣੀ ਨੇ ਅੱਜ ਦੇ ਬਚਪਨ ਨੂੰ ਨਵੀਨਤਾ ਦੇ ਬੋਝ ਹੇਠ ਦਬਿਆ ਦਬਿਆ ਕੁਝ ਜ਼ਰੂਰਤ ਤੋਂ ਜ਼ਿਆਦਾ ਸਿਆਣਾ ਬਣਾ ਦਿੱਤਾ ਹੈ ।
ਪਰ ਜੋ ਵੀ ਮਰਜੀ ਹੋਵੇ ਪੁਰਾਣੇ ਬਚਪਨ ਦੀਆਂ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਗੱਲਾਂ ਦੀਆਂ ਯਾਦਾਂ ਜ਼ਿੰਦਗੀ ਨੂੰ ਰੰਗੀਨ ਜ਼ਰੂਰ ਬਣਾਉਂਦੀਆਂ ਹਨ। ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਆਲੀਆਂ ਭੋਲੀਆਂ ਗੱਲਾਂ ਅੱਜ ਦੇ ਬਚਪਨ ਨੂੰ ਸੁਣਾਉਂਦੇ ਜ਼ਰੂਰ ਰਹਿਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਵੱਡਿਆਂ ਦੀ ਜ਼ਿੰਦਗੀ ਦੇ ਉਸ ਖ਼ਜ਼ਾਨੇ ਰੂਪੀ ਸਾਗਰ ਚੋਂ ਨਿੱਕੀ ਜਿਹੀ ਚੁੰਝ ਭਰ ਕੇ ਸ਼ਾਇਦ ਕੁਝ ਸਿੱਖ ਸਕਣ। ਉਹਨਾਂ ਨੂੰ ਉਹਨਾਂ ਦੇ ਪਿਛੋਕੜ ਤੋਂ ਜਾਣੂ ਕਰਵਾਉਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly