ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਗੁਣਗਾਨ ਕਰਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਆਖਿਆ ਕਿ 2014 ਵਿਚ ਸੱਤਾ ਸੰਭਾਲਣ ਤੋਂ ਬਾਅਦ ਇਹ ਸਰਕਾਰ ‘ਨਵੇਂ ਭਾਰਤ’ ਦੇ ਨਿਰਮਾਣ ਲਈ ਕੰਮ ਕਰ ਰਹੀ ਹੈ ਅਤੇ ਦੇਸ਼ ਜਦੋਂ ਡਾਵਾਂਡੋਲ ਹਾਲਾਤ ’ਚੋਂ ਲੰਘ ਰਿਹਾ ਸੀ ਤਾਂ ਇਸ ਨੇ ਨਵੀਂ ਆਸ ਜਗਾਈ ਹੈ। ਲੋਕ ਸਭਾ ਤੇ ਰਾਜ ਸਭਾ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਨਾਲ ਪਾਰਲੀਮੈਂਟ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਕਰਦਿਆਂ ਸ੍ਰੀ ਕੋਵਿੰਦ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਸਥਾਈ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। 60 ਮਿੰਟ ਦੇ ਆਪਣੇ ਭਾਸ਼ਣ ਵਿਚ ਰਾਸ਼ਟਰਪਤੀ ਨੇ ਰਾਫ਼ਾਲ ਜਹਾਜ਼ ਸੌਦੇ, ਆਮ ਵਰਗਾਂ ਦੇ ਗਰੀਬ ਤਬਕਿਆਂ ਲਈ ਦਸ ਫ਼ੀਸਦ ਰਾਖਵਾਂਕਰਨ, ਤਿੰਨ ਤਲਾਕ ਅਤੇ ਨਾਗਰਿਕਤਾ ਬਿੱਲ ਤੇ ਆਰਥਿਕਤਾ ਦੀ ਸਥਿਤੀ ਜਿਹੇ ਵੱਖ ਵੱਖ ਮੁੱਦਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ‘‘ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਦੇਸ਼ ਅਸਥਿਰਤਾ ਦੇ ਮਾਹੌਲ ’ਚੋਂ ਲੰਘ ਰਿਹਾ ਸੀ। ਚੋਣਾਂ ਤੋਂ ਬਾਅਦ ਮੇਰੀ ਸਰਕਾਰ ਨੇ ਸੱਤਾ ਸੰਭਾਲੀ ਤੇ ਇਕ ਨਵੇਂ ਭਾਰਤ ਦੇ ਨਿਰਮਾਣ ਦਾ ਅਹਿਦ ਲਿਆ। ਇਕ ਅਜਿਹਾ ਨਵਾਂ ਭਾਰਤ ਜਿੱਥੇ ਕਮਜ਼ੋਰ, ਭ੍ਰਿਸ਼ਟ ਅਤੇ ਢਿੱਲੇ ਢਾਲੇ ਪ੍ਰਬੰਧਾਂ ਲਈ ਕੋਈ ਥਾਂ ਨਹੀਂ ਹੈ।’’ ਉਨ੍ਹਾਂ ਆਖਿਆ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਸਰਕਾਰ ਨੇ ਦੇਸ਼ ਦੇ ਲੋਕਾਂ ਅੰਦਰ ਨਵੀਂ ਉਮੀਦ ਅਤੇ ਭਰੋਸਾ ਪੈਦਾ ਕੀਤਾ ਹੈ, ਭਾਰਤ ਦੀ ਦਿੱਖ ਸੁਧਾਰੀ ਹੈ ਤੇ ਕਾਰਗਰ ਢੰਗ ਨਾਲ ਸਮਾਜਕ ਤੇ ਆਰਥਿਕ ਤਬਦੀਲੀ ਲਿਆਂਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਹਿਲੇ ਦਿਨ ਤੋਂ ਸਰਕਾਰ ਦਾ ਮਿਸ਼ਨ ਪਾਰਦਰਸ਼ੀ ਤਰੀਕੇ ਨਾਲ ਨਾਗਰਿਕਾਂ ਦੇ ਜੀਵਨ ਵਿਚ ਸੁਧਾਰ ਲਿਆਉਣਾ, ਮਾੜੇ ਸ਼ਾਸਨ ਕਾਰਨ ਹੋਣ ਵਾਲੀਆਂ ਦਿੱਕਤਾਂ ਦਾ ਖਾਤਮਾ ਤੇ ਸਮਾਜ ਦੇ ਸਭ ਤੋਂ ਗਰੀਬ ਤਬਕਿਆਂ ਤੱਕ ਜਨਤਕ ਸੇਵਾਵਾਂ ਦੇ ਲਾਭ ਪਹੁੰਚਾਉਣਾ ਰਿਹਾ ਹੈ। ਵਿਵਾਦਗ੍ਰਸਤ ਰਾਫ਼ਾਲ ਜਹਾਜ਼ ਸੌਦੇ ਦਾ ਜ਼ਿਕਰ ਕਰਦਿਆਂ ਸ੍ਰੀ ਕੋਵਿੰਦ ਨੇ ਕਿਹਾ ਕਿ ਕਈ ਦਹਾਕਿਆਂ ਬਾਅਦ ਭਾਰਤੀ ਵਾਯੂ ਸੈਨਾ ਆਉਣ ਵਾਲੇ ਸਮਿਆਂ ਵਿਚ ਅਤਿ ਆਧੁਨਿਕ ਲੜਾਕੇ ਜਹਾਜ਼ਾਂ ਦਾ ਸਵਾਗਤ ਕਰੇਗੀ ਜਿਸ ਨਾਲ ਇਸ ਦੀ ਮਾਰ ਕਰਨ ਦੀ ਸਮੱਰਥਾ ਵਿਚ ਵਾਧਾ ਹੋਵੇਗਾ। ਸਰਜੀਕਲ ਸਟ੍ਰਾਈਕ ਦਾ ਜ਼ਿਕਰ ਕਰਦਿਆਂ ਸ੍ਰੀ ਕੋਵਿੰਦ ਨੇ ਕਿਹਾ ਕਿ ਸਰਹੱਦ ਪਾਰਲੀਆਂ ਦਹਿਸ਼ਤਗਰਦ ਚੌਕੀਆਂ ’ਤੇ ਸਰਜੀਕਲ ਹਮਲਿਆਂ ਨਾਲ ਭਾਰਤ ਨੇ ਨਵੀਂ ਨੀਤੀ ਤੇ ਰਣਨੀਤੀ ਦਾ ਪ੍ਰਗਟਾਵਾ ਕੀਤਾ ਹੈ।’’ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹਵਾਲਾ ਦਿੰਦਿਆਂ ਰਾਸ਼ਟਰਪਤੀ ਨੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਅਹਿਦ ਦ੍ਰਿੜਾਇਆ ਤੇ ਆਖਿਆ ‘‘ ਇਸ ਮਹਾਨ ਸਦਨ ਦੀ ਤਰਫੋਂ ਮੈਂ ਸਾਡੇ ਅੰਨਦਾਤਾ ਕਿਸਾਨਾਂ ਨੂੰ ਸ਼ਾਬਾਸ਼ੀ ਦਿੰਦਾ ਹਾਂ। ਮੇਰੀ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਪ੍ਰਾਪਤ ਕਰਨ ਲਈ ਦਿਨ ਰਾਤ ਕੰਮ ਕਰ ਰਹੀ ਹੈ। ਕਿਸਾਨਾਂ ਦੀਆਂ ਲੋੜਾਂ ਨੂੰ ਸਮਝਣ ਲਈ ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਸਥਾਈ ਹੱਲ ਲੱਭਣਾ ਚਾਹੁੰਦੀ ਹੈ।’’ ਵਿਵਾਦਗ੍ਰਸਤ ਨਾਗਰਿਕਤਾ ਬਿੱਲ ਜਿਸ ਕਰ ਕੇ ਉੱਤਰ ਪੂਰਬ ਦੇ ਕਈ ਰਾਜਾਂ ਵਿਚ ਰੋਸ ਫੈਲ ਰਿਹਾ ਹੈ, ਬਾਰੇ ਉਨ੍ਹਾਂ ਕਿਹਾ ਕਿ ਇਸ ਬਿੱਲ ਸਦਕਾ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਵਿਚ ਸਤਾਈਆਂ ਜਾ ਰਹੀਆਂ ਘੱਟਗਿਣਤੀਆਂ ਨੂੰ ਭਾਰਤੀ ਨਾਗਰਿਕਤਾ ਦੇ ਕੇ ਇਨਸਾਫ਼ ਮਿਲ ਸਕੇਗਾ। ਸਰਕਾਰ ਸਮਾਜਕ ਤੇ ਆਰਥਿਕ ਇਨਸਾਫ਼ ਯਕੀਨੀ ਬਣਾਉਣ ਲਈ ਕਾਨੂੰਨੀ ਪ੍ਰਬੰਧ ਵਿਚ ਸੁਧਾਰ ਲਿਆਉਣ ਲਈ ਕੰਮ ਕਰ ਰਹੀ ਹੈ। ਅਰਥਚਾਰੇ ਦੇ ਹਾਲਾਤ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਆਲਮੀ ਅਰਥਚਾਰੇ ਵਿਚ ਭਾਰਤ ਦਾ ਯੋਗਦਾਨ 2014 ਵਿਚ 2.6 ਫ਼ੀਸਦ ਸੀ ਜੋ 2017 ਵਿਚ ਵਧ ਕੇ 3.3 ਫ਼ੀਸਦ ਹੋ ਗਿਆ ਸੀ। ਦੇਸ਼ 7.3 ਫ਼ੀਸਦ ਦੀ ਔਸਤ ਦਰ ਨਾਲ ਵਿਕਾਸ ਕਰ ਰਿਹਾ ਹੈ ਜਿਸ ਕਰ ਕੇ ਇਹ ਦੁਨੀਆ ਦਾ ਛੇਵਾਂ ਸਭ ਤੋਂ ਵੱਡਾ ਅਰਥਚਾਰਾ ਬਣ ਗਿਆ ਹੈ ਤੇ ਦੇਸ਼ ਲਈ ਚੌਥੇ ਸਨਅਤੀ ਇਨਕਲਾਬ ਵਿਚ ਅਹਿਮ ਭੂਮਿਕਾ ਨਿਭਾਉਣ ਦਾ ਸਹੀ ਮੌਕਾ ਹੈ। ਨੋਟਬੰਦੀ ਦੇ ਫ਼ੈਸਲੇ ਨੂੰ ਸਹੀ ਠਹਿਰਾਉਂਦਿਆਂ ਸ੍ਰੀ ਕੋਵਿੰਦ ਨੇ ਕਿਹਾ ਕਿ ਇਸ ਰਾਹੀਂ ਕਾਲੇ ਧਨ ਦੇ ਸਹਾਰੇ ਵਧ ਫੁੱਲ ਰਹੇ ਸਮਾਨਾਂਤਰ ਅਰਥਚਾਰੇ ਦੀਆਂ ਜੜ੍ਹਾਂ ’ਤੇ ਸੱਟ ਮਾਰੀ ਗਈ ਸੀ। ਜੰਮੂ ਕਸ਼ਮੀਰ ਮੁੱਦੇ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਰਾਜ ਦੇ ਤਿੰਨੋ ਖੇਤਰਾਂ ਜੰਮੂ, ਕਸ਼ਮੀਰ ਤੇ ਲਦਾਖ ਦੇ ਸਮਾਨ ਵਿਕਾਸ ਲਈ ਵਚਨਬੱਧ ਹੈ। ਇਸ ਸਰਹੱਦੀ ਰਾਜ ਵਿਚ 66000 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਪੈਕੇਜ ਨੂੰ ਪ੍ਰਵਾਨਗੀ ਦਿੱਤੀ ਗਈ ਹੈ।