ਰੂਪਨਗਰ ਪੁਲੀਸ ਨੇ ਪਹਿਲਵਾਨ ਗਰੁੱਪ ਸਰਹਿੰਦ ਦੇ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਥੋਂ ਨੇੜਲੇ ਪਿੰਡ ਕਟਲੀ ਦੇ ਟੀ-ਪੁਆਇੰਟ ਕੋਲੋਂ ਕਾਬੂ ਕੀਤੇ ਇਨ੍ਹਾਂ ਗੈਂਗਸਟਰਾਂ ਦੀ ਪਛਾਣ ਨੀਲਕਮਲ ਉਰਫ ਬਿੱਲਾ ਵਾਸੀ ਰਸੂਲੜਾ (ਖੰਨਾ), ਵਿਸ਼ਾਲ ਵਾਸੀ ਖੰਨਾ ਅਤੇ ਰਾਜਪੁਰਾ ਦੇ ਗੁਰਜੋਤ ਵਜੋਂ ਦੱਸੀ ਗਈ ਹੈ। ਪੁਲੀਸ ਨੇ ਇਨ੍ਹਾਂ ਕੋਲੋਂ ਪਿਸਤੌਲ ਤੇ ਕਾਰਤੂਸ ਵੀ ਬਰਾਮਦ ਕੀਤੇ ਹਨ। ਸੀਨੀਅਰ ਪੁਲੀਸ ਕਪਤਾਨ ਸਵੱਪਨ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਗੈਂਗਸਟਰਾਂ ਨੂੰ ਸੀਆਈਏ ਸਟਾਫ- 1 ਦੇ ਇੰਚਾਰਜ ਇੰਸਪੈਕਟਰ ਦੀਪਿੰਦਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਟੀਮ ਨੇ ਸੋਮਵਾਰ ਸ਼ਾਮ ਨੂੰ 10 ਕਿਲੋਮੀਟਰ ਤੱਕ ਪਿੱਛਾ ਕਰਨ ਮਗਰੋਂ ਰੂਪਨਗਰ ਨੇੜੇ ਪਿੰਡ ਕਟਲੀ ਦੇ ਟੀ-ਪੁਆਇੰਟ ਕੋਲੋੋਂ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਵਿੱਚ ਨੀਲਕਮਲ ਉਰਫ ਬਿੱਲਾ ਕੌਮੀ ਪੱਧਰ ਦਾ ਵੇਟ ਲਿਫਟਰ ਹੈ ਤੇ ਵਿਸ਼ਾਲ ਰਿਮਟ ਕਾਲਜ, ਮੰਡੀ ਗੋਬਿੰਦਗੜ੍ਹ ਦਾ ਸਾਬਕਾ ਵਿਦਿਆਰਥੀ ਪ੍ਰਧਾਨ ਹੈ। ਤੀਜਾ ਗੈਂਗਸਟਰ ਗੁਰਜੋਤ ਜ਼ਮਾਨਤ ’ਤੇ ਬਾਹਰ ਦੱਸਿਆ ਜਾਂਦਾ ਹੈ। ਉਸ ਖਿਲਾਫ਼ ਪਟਿਆਲਾ ਵਿੱਚ ਲੁੱਟ ਦੇ ਦੋ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਤਫ਼ਤੀਸ਼ ਤੋਂ ਪਟਿਆਲਾ ਅਤੇ ਖੰਨਾ ਨਾਲ ਸਬੰਧਤ 4 ਹੋਰ ਸਾਥੀਆਂ ਦੀ ਸ਼ਮੂਲੀਅਤ ਦਾ ਪਤਾ ਲੱਗਾ ਹੈ। ਪੁਲੀਸ ਨੇ ਇਨ੍ਹਾਂ ਪਾਸੋਂ 4 ਪਿਸਤੌਲ (32 ਬੋਰ) ਅਤੇ 22 ਕਾਰਤੂਸ ਬਰਾਮਦ ਕੀਤੇ ਹਨ, ਜੋ ਇਨ੍ਹਾਂ ਮੇਰਠ ਤੇ ਯੂਪੀ ਤੋਂ ਖਰੀਦੇ ਸਨ। ਐਸਐਸਪੀ ਨੇ ਦੱਸਿਆ ਕਿ ਗ੍ਰਿਫਤਾਰ ਗੈਂਗਸਟਰ ਭਲਵਾਨ ਗਰੁੱਪ ਸਰਹਿੰਦ ਨਾਲ ਸਬੰਧਤ ਹਨ। ਇਹ ਰੂਪਨਗਰ, ਖੰਨਾ ਅਤੇ ਫਤਿਹਗੜ੍ਹ ਸਾਹਿਬ ਵਿੱਚ ਡਕੈਤੀ ਦੇ ਪੰਜ ਕੇਸਾਂ ਵਿੱਚ ਸ਼ਾਮਲ ਸਨ। ਇਹ ਗਰੁੱਪ ਖੰਨਾ ਦੇ ਗਾਂਧੀ ਗਰੁੱਪ ਨਾਲ ਵਿਦਿਆਰਥੀ ਸਿਆਸਤ ਨਾਲ ਸਬੰਧਤ ਹਥਿਆਰਬੰਦ ਸੰਘਰਸ਼ਾਂ ਵਿੱਚ ਸ਼ਾਮਲ ਸੀ।
HOME ਭਲਵਾਨ ਗਰੁੱਪ ਦੇ ਤਿੰਨ ਗੈਂਗਸਟਰ ਗ੍ਰਿਫ਼ਤਾਰ