ਸ੍ਰੀ ਅਕਾਲ ਤਖ਼ਤ ਵਲੋਂ ਤਖ਼ਤ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ (ਬਿਹਾਰ) ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿਤ ਨੂੰ ਮਰਿਆਦਾ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਤਨਖਾਹ ਲਾਈ ਗਈ ਹੈ। ਜਥੇਦਾਰ ਹਿੱਤ ਖ਼ਿਲਾਫ਼ ਸਿੱਖ ਅਰਦਾਸ ਦੇ ਵਾਕ ਨੂੰ ਵਿਅਕਤੀ ਵਿਸ਼ੇਸ਼ ਲਈ ਵਰਤ ਕੇ ਮਰਿਆਦਾ ਦੀ ਉਲੰਘਣਾ ਕਰਨ ਦੇ ਦੋਸ਼ ਹਨ। ਦੱਸਣਯੋਗ ਹੈ ਕਿ ਜਥੇਦਾਰ ਹਿੱਤ ਵਲੋਂ ਪਟਨਾ ਵਿਚ 13 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਤੁਲਨਾ ਗੁਰੂ ਸਾਹਿਬ ਨਾਲ ਕੀਤੀ ਗਈ ਸੀ। ਉਨ੍ਹਾਂ ਨੇ ਅਰਦਾਸ ਵਿਚ ਗੁਰੂ ਸਾਹਿਬ ਦੀ ਵਡਿਆਈ ਲਈ ਵਰਤੇ ਜਾਂਦੇ ਵਾਕ ਨਿਤੀਸ਼ ਕੁਮਾਰ ਲਈ ਵਰਤੇ ਸਨ। ਇਸ ਮਾਮਲੇ ਦਾ ਸਿੱਖ ਜਗਤ ਵਲੋਂ ਸਖ਼ਤ ਵਿਰੋਧ ਹੋਇਆ ਸੀ ਅਤੇ ਅਕਾਲ ਤਖ਼ਤ ਵਲੋਂ ਅੱਜ ਜਥੇਦਾਰ ਹਿੱਤ ਨੂੰ ਸਪੱਸ਼ਟੀਕਰਨ ਦੇਣ ਲਈ ਸੱਦਿਆ ਗਿਆ ਸੀ। ਅੱਜ ਇਥੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ, ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ ਅਤੇ ਪੰਜ ਪਿਆਰਿਆਂ ਵਿਚ ਸ਼ਾਮਲ ਗਿਆਨੀ ਕੁਲਵੰਤ ਸਿੰਘ ਅਤੇ ਗਿਆਨੀ ਭਾਗ ਸਿੰਘ ਵੱਲੋਂ ਅਕਾਲ ਤਖ਼ਤ ਦੀ ਫਸੀਲ ਤੋਂ ਅਵਤਾਰ ਸਿੰਘ ਹਿੱਤ ਨੂੰ ਤਨਖਾਹ ਸੁਣਾਈ ਗਈ। ਇਸ ਤਹਿਤ ਆਦੇਸ਼ ਦਿੱਤਾ ਗਿਆ ਕਿ ਉਹ ਸੱਤ ਦਿਨ ਪਟਨਾ ਸਾਹਿਬ ਵਿਖੇ ਰੋਜ਼ਾਨਾ ਇਕ ਘੰਟਾ ਸੰਗਤ ਦੇ ਜੋੜੇ ਸਾਫ ਕਰਨ, ਸੰਗਤ ਦੇ ਜੂਠੇ ਬਰਤਨ ਮਾਂਜਣ ਅਤੇ ਕੀਰਤਨ ਸੁਣਨ। ਇਸੇ ਤਰ੍ਹਾਂ ਪੰਜ ਦਿਨ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਵਿਖੇ ਇਕ-ਇਕ ਘੰਟਾ ਇਹ ਤਿੰਨੋਂ ਸੇਵਾਵਾਂ ਪੂਰੀਆਂ ਕੀਤੀਆਂ ਜਾਣ। ਇਸ ਸੇਵਾ ਦੌਰਾਨ ਦੋਵਾਂ ਥਾਵਾਂ ’ਤੇ ਤੜਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਹਾਜ਼ਰੀ ਭਰ ਕੇ ਹੁਕਮਨਾਮਾ ਸੁਣਿਆ ਜਾਵੇ ਅਤੇ ਦੋਵਾਂ ਥਾਵਾਂ ’ਤੇ ਸੇਵਾ ਮੁਕੰਮਲ ਹੋਣ ਮਗਰੋਂ ਇਕ-ਇਕ ਅਖੰਡ ਪਾਠ ਕਰਵਾਏ ਜਾਣ। ਇਸ ਤੋਂ ਇਲਾਵਾ ਦੋਵਾਂ ਥਾਵਾਂ ’ਤੇ 51-51 ਸੌ ਰੁਪਏ ਦੀ ਕੜਾਹ ਪ੍ਰਸਾਦਿ ਦੀ ਦੇਗ ਕਰਵਾ ਕੇ ਖਿਮਾ ਯਾਚਨਾ ਦੀ ਅਰਦਾਸ ਕਰਵਾਈ ਜਾਵੇ। ਇਹ ਵੀ ਹਦਾਇਤ ਕੀਤੀ ਗਈ ਹੈ ਕਿ ਜਦੋਂ ਤਕ ਤਨਖਾਹ ਪੂਰੀ ਨਹੀਂ ਕੀਤੀ ਜਾਂਦੀ ਉਦੋਂ ਤੱਕ ਕਿਸੇ ਵੀ ਧਾਰਮਿਕ ਸਟੇਜ ਤੋਂ ਨਹੀਂ ਬੋਲਣਾ ਅਤੇ ਨਾ ਹੀ ਪ੍ਰਬੰਧਕੀ ਕਮੇਟੀ ਦੇ ਕੰਮਕਾਜ ਦੇਖਣੇ ਹਨ। ਇਸ ਸੇਵਾ ਦੌਰਾਨ ਪ੍ਰਬੰਧਕੀ ਕਮੇਟੀ ਦਾ ਕੋਈ ਵੀ ਅਧਿਕਾਰੀ ਜਾਂ ਮੈਂਬਰ ਉਸ ਦਾ ਸਹਿਯੋਗ ਨਹੀਂ ਕਰੇਗਾ। ਅੱਜ ਇਸ ਮਾਮਲੇ ਦੀ ਸਮੁੱਚੀ ਸੁਣਵਾਈ ਪਹਿਲੀ ਵਾਰ ਅਕਾਲ ਤਖ਼ਤ ਦੀ ਫਸੀਲ ਤੋਂ ਸਮੁੱਚੀ ਸੰਗਤ ਦੇ ਸਾਹਮਣੇ ਕੀਤੀ ਗਈ, ਜਿਸ ਤਹਿਤ ਅਵਤਾਰ ਸਿੰਘ ਹਿੱਤ ਅਕਾਲ ਤਖ਼ਤ ਦੇ ਸਾਹਮਣੇ ਹੇਠਾਂ ਹੱਥ ਜੋੜ ਕੇ ਖੜ੍ਹੇ ਸਨ। ਪੰਜ ਜਥੇਦਾਰ ਅਕਾਲ ਤਖ਼ਤ ਦੀ ਫਸੀਲ ’ਤੇ ਹਾਜ਼ਰ ਸਨ। ਅਵਤਾਰ ਸਿੰਘ ਹਿੱਤ ਉਪਰ ਲੱਗੇ ਦੋਸ਼ ਵੀ ਸੰਗਤ ਦੇ ਸਾਹਮਣੇ ਪੜ੍ਹ ਕੇ ਸੁਣਾਏ ਗਏ ਅਤੇ ਉਨ੍ਹਾਂ ਨੇ ਸੰਗਤ ਦੇ ਸਾਹਮਣੇ ਹੀ ਇਹ ਦੋਸ਼ ਸਵੀਕਾਰ ਕੀਤੇ। ਉਨ੍ਹਾਂ ਮੰਨਿਆ ਕਿ ਉਸ ਕੋਲੋਂ ਭੁਲੇਖੇ ਵਿਚ ਇਹ ਗਲਤੀ ਹੋਈ ਹੈ ਅਤੇ ਉਹ ਇਸ ਮਾਮਲੇ ਵਿਚ ਲਾਈ ਗਈ ਸੇਵਾ ਨੂੰ ਤਨ-ਮਨ ਨਾਲ ਪੂਰਾ ਕਰੇਗਾ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਸਿਰਫ ਅਵਤਾਰ ਸਿੰਘ ਹਿਤ ਦੇ ਮਾਮਲੇ ਨੂੰ ਵਿਚਾਰਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਭਵਿੱਖ ਵਿਚ ਅਕਾਲ ਤਖ਼ਤ ਤੋਂ ਅਜਿਹੀ ਕਾਰਵਾਈ ਸੰਗਤ ਦੀ ਹਾਜ਼ਰੀ ਵਿਚ ਕੀਤੀ ਜਾਵੇਗੀ ਨਾਕਿ ਬੰਦ ਕਮਰੇ ਵਿਚ।
HOME ਅਕਾਲ ਤਖ਼ਤ ਨੇ ਅਵਤਾਰ ਸਿੰਘ ਹਿੱਤ ਨੂੰ ਤਨਖਾਹ ਲਾਈ