ਕੈਪਟਨ ਨੇ ਪੁਰਖਿਆਂ ਦੇ ਪਿੰਡ ਮਹਿਰਾਜ ’ਤੇ ਲਾਈ ਫੰਡਾਂ ਦੀ ਝੜੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਆਪਣੇ ਪੁਰਖਿਆਂ ਦੇ ਪਿੰਡ ਮਹਿਰਾਜ ਦੇ ਗਿਲੇ ਸ਼ਿਕਵੇ ਦੂਰ ਕਰਦਿਆਂ ਪੰਜਾਬ ਸਰਕਾਰ ਵੱਲੋਂ ਕਰੀਬ 28 ਕਰੋੜ ਰੁਪਏ ਦਾ ‘ਵਿਕਾਸ ਪੈਕੇਜ’ ਦੇਣ ਦਾ ਐਲਾਨ ਕੀਤਾ। ਕਰੀਬ ਪੌਣੇ ਦੋ ਵਰ੍ਹਿਆਂ ਤੋਂ ਮਹਿਰਾਜ ਦੇ ਵਸਨੀਕ ‘ਮਹਾਰਾਜੇ’ ਨੂੰ ਉਡੀਕ ਰਹੇ ਸਨ ਜੋ ਮੁੱਖ ਮੰਤਰੀ ਬਣਨ ਮਗਰੋਂ ਅੱਜ ਪਹਿਲੀ ਵਾਰ ਪਿੰਡ ਮਹਿਰਾਜ ਵਿਚ ਪੁੱਜੇ। ਆਖ਼ਰੀ ਦਫ਼ਾ ਉਹ 15 ਜਨਵਰੀ 2017 ਨੂੰ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨ ਮੌਕੇ ਪੁੱਜੇ ਸਨ। ਜਦੋਂ ਕੈਪਟਨ ਅਮਰਿੰਦਰ ਦੀ ਪਹਿਲੀ ਪਾਰੀ ਸੀ, ਉਦੋਂ ਉਨ੍ਹਾਂ ਪਿੰਡ ਮਹਿਰਾਜ ਲਈ ਫ਼ੰਡ ਐਲਾਨੇ ਸਨ ਜਿਨ੍ਹਾਂ ਨਾਲ ਪਿੰਡ ਵਿਚ ਸੀਵਰੇਜ ਪਾਇਆ ਸੀ। ਮਹਿਰਾਜ ਦੇ ਲੋਕਾਂ ਦਾ ਦਮ ਇਸੇ ਸੀਵਰੇਜ ਨੇ ਘੁੱਟਿਆ ਹੋਇਆ ਸੀ ਅਤੇ ਪਿੰਡ ਨਰਕ ਬਣਿਆ ਹੋਇਆ ਸੀ।
ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਪਿੰਡ ਮਹਿਰਾਜ ਵਿਚ ਹੋਏ ਕਰਜ਼ਾ ਮੁਆਫ਼ੀ ਸਮਾਰੋਹਾਂ ਵਿਚ ਪੁੱਜੇ ਹੋਏ ਸਨ। ਪਹਿਲਾਂ ਉਹ ਗੁਰਦੁਆਰਾ ਸਿੱਧ ਤਿਲਕ ਵਿਚ ਗਏ ਅਤੇ ਉਸ ਮਗਰੋਂ ਉਨ੍ਹਾਂ ਨੇ ਬਾਬਾ ਕਾਲਾ ਦੀ ਸਮਾਧ ’ਤੇ ਮੱਥਾ ਟੇਕਿਆ। ਗੁਰੂ ਘਰ ਵਿਚ ਉਨ੍ਹਾਂ ਮਿੱਟੀ ਵੀ ਕੱਢੀ। ਅਮਰਿੰਦਰ ਸਿੰਘ ਅੱਜ ਪਿੰਡ ਮਹਿਰਾਜ ਵਾਸੀਆਂ ਨੂੰ ਖੁੱਲ੍ਹਾ ਸਮਾਂ ਦਿੱਤਾ ਅਤੇ ਬਜ਼ੁਰਗ ਵੀ ਉਨ੍ਹਾਂ ਨੂੰ ਨੇੜਿਓਂ ਮਿਲੇ। ਲੋਕਾਂ ਨੇ ਉਨ੍ਹਾਂ ਨੂੰ ਮੁਸ਼ਕਲਾਂ ਬਾਰੇ ਦੱਸਿਆ। ਕੁਝ ਲੋਕਾਂ ਨੇ ਸੀਵਰੇਜ ਦੇ ਨਿਕਾਸ ਦੇ ਮੰਦੇ ਪ੍ਰਬੰਧਾਂ ਬਾਰੇ ਵੀ ਦੱਸਿਆ। ਅੱਜ ਪਿੰਡ ਮਹਿਰਾਜ ਵਿਚ ਪੂਰੀ ਗਹਿਮਾ ਗਹਿਮੀ ਸੀ ਅਤੇ ਪਿੰਡ ਪੂਰੀ ਤਰ੍ਹਾਂ ਪੁਲੀਸ ਛਾਉਣੀ ਵਿਚ ਬਦਲਿਆ ਹੋਇਆ ਸੀ।
ਮੁੱਖ ਮੰਤਰੀ ਪੰਜਾਬ ਨੇ ਸਟੇਜ ਤੋਂ ਪਿੰਡ ਮਹਿਰਾਜ ਦੇ ਵਿਕਾਸ ਕਾਰਜਾਂ ਲਈ ਕਰੀਬ 28 ਕਰੋੜ ਦਾ ਪ੍ਰਾਜੈਕਟ ਐਲਾਨਿਆ ਅਤੇ ਵਾਅਦਾ ਕੀਤਾ ਕਿ ਹੋਰ ਪੈਸੇ ਦੀ ਲੋੜ ਪਈ ਤਾਂ ਉਹ ਵੀ ਦਿੱਤਾ ਜਾਵੇਗਾ। ਉਨ੍ਹਾਂ ਮੁੱਖ ਤੌਰ ’ਤੇ ਸੀਵਰੇਜ ਨਿਕਾਸੀ,ਪੀਣ ਵਾਲੇ ਪਾਣੀ ਅਤੇ ਹਸਪਤਾਲ ਲਈ ਫ਼ੰਡ ਐਲਾਨੇ। ਮਹਿਰਾਜ ’ਚੋਂ ਜੋ ਅਲੱਗ ਅਲੱਗ ਪੰਚਾਇਤਾਂ ਨਿਕਲੀਆਂ ਹਨ, ਉਨ੍ਹਾਂ ਲਈ ਵੀ ਇਸ ਪੈਕੇਜ ’ਚੋਂ ਫ਼ੰਡ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਆਖਿਆ ਕਿ ਗੱਠਜੋੜ ਹਕੂਮਤ ਨੇ ਪਟਿਆਲਾ ਅਤੇ ਮਹਿਰਾਜ ਨਾਲ ਵਿਤਕਰਾ ਕੀਤਾ। ਇਸ ਕਰਕੇ ਮਹਿਰਾਜ ਪਿਛਲੇ ਸਮੇਂ ਦੌਰਾਨ ਨਰਕ ਬਣਿਆ ਰਿਹਾ। ਉਨ੍ਹਾਂ ਆਖਿਆ ਕਿ ਅੱਜ ਸਾਬਕਾ ਮੁੱਖ ਮੰਤਰੀ ਬਾਦਲ ਜੇ ਆਪਣੇ ਪਿੰਡ ਦੀ ਸੜਕ ਲਈ ਪੈਸੇ ਮੰਗਣ ਤਾਂ ਉਹ ਸੜਕ ਬਣਾ ਕੇ ਦੇਣਗੇ।
ਨੰਬਰਦਾਰ ਹਰਮੇਲ ਸਿੰਘ, ਮੈਂਗਲ ਸਿੰਘ ਨੰਬਰਦਾਰ, ਨਵਤੇਜ ਸਿੰਘ,ਹਰਮੀਤ ਸਿੰਘ ਮਹਿਰਾਜ, ਰਾਹੁਲ ਸਿੰਘ, ਸਰਪੰਚ ਪਰਮਿੰਦਰ ਸਿੰਘ, ਰਾਜਵੀਰ ਸਿੰਘ, ਮਿੱਠੂ ਸਿੰਘ, ਗੁਰਮੇਲ ਸਿੰਘ, ਕਾਂਗਰਸੀ ਨੇਤਾ ਸਤਵੀਰ ਸਿੰਘ ਰਾਮਪੁਰਾ ਆਦਿ ਮੁੱਖ ਮੰਤਰੀ ਦੀ ਆਮਦ ਮੌਕੇ ਹਾਜ਼ਰ ਸਨ।

Previous articleਲਾਲੂ, ਰਾਬੜੀ ਤੇ ਤੇਜਸਵੀ ਨੂੰ ਜ਼ਮਾਨਤ
Next articleਅਕਾਲ ਤਖ਼ਤ ਨੇ ਅਵਤਾਰ ਸਿੰਘ ਹਿੱਤ ਨੂੰ ਤਨਖਾਹ ਲਾਈ