ਅਨੁਮਾਨ, ਸਰਵੇ ਤੇ ਵਿਸ਼ਲੇਸ਼ਣ

ਸ਼ਾਮ ਸਿੰਘ ਅੰਗ-ਸੰਗ

  ਭਾਰਤ ਦੀ ਪਾਰਲੀਮੈਂਟ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਜਿਸ ਕਾਰਨ ਰਾਜਨੀਤਕ ਅਖਾੜੇ ਵਿੱਚ ਗਰਜਣ ਵਾਲੇ ਆਪਣੇ-ਆਪਣੇ ਪਰ ਤੋਲਣ ਲੱਗ ਪਏ। ਰਾਜਨੀਤੀਵਾਨ ਆਪੋ-ਆਪਣੇ ਹਲਕੇ ਵਿੱਚ ਲੋਕਾਂ ਦੇ ਚਿਹਰੇ ਅਤੇ ਮਨ ਪੜ੍ਹ ਕੇ ਅਨੁਮਾਨ ਲਾਉਣ ਲੱਗ ਪਏ ਕਿ ਹਵਾ ਦਾ ਰੁਖ ਕਿਸ ਪਾਸੇ ਵੱਲ ਚੱਲ ਰਿਹੈ। ਅਨੁਮਾਨ ਲਾਉਣ ਵੇਲੇ ਹਰ ਕੋਈ ਆਪਣੇ ਹੀ ਹੱਕ ਵਿੱਚ ਭੁਗਤਣ ਵਾਸਤੇ ਆਪਣੇ ਸੋਚੇ ਸਮਝੇ ਪੈਮਾਨੇ ਵਰਤਣ ਤੋਂ ਗੁਰੇਜ਼ ਨਹੀਂ ਕਰਦਾ। ਆਪਣੀ ਜਿੱਤ ਦਾ ਭਰਮ ਪਾਲਣ ਲਈ ਅਨੁਮਾਨ ਲਗਾਉਂਦਿਆਂ ਜ਼ਮੀਨੀ ਹਕੀਕਤ ਦਾ ਵੀ ਧਿਆਨ ਨਹੀਂ ਰੱਖਦਾ। ਅਨੁਮਾਨ ਆਪੇ ਸਿਰਜੀ ਕਿਰਿਆ ਹੁੰਦੀ ਹੈ, ਜਿਸ ਦੇ ਠੋਸ ਆਧਾਰ ਵੀ ਨਹੀਂ ਹੁੰਦੇ ਅਤੇ ਕਲਪਨਾ ਦੇ ਰੁੱਖ ਨੂੰ ਖੜ੍ਹਾ ਕਰਨ ਲਈ ਜੜ੍ਹਾਂ ਵੀ ਨਹੀਂ ਹੁੰਦੀਆਂ।
ਅਨੁਮਾਨ ਲਾਉਣ ਦਾ ਕੰਮ ਕੱਲਾ-ਕੱਲਾ ਸਿਆਸਤਦਾਨ ਵੀ ਕਰਦਾ ਹੈ ਅਤੇ ਸਿਆਸੀ ਪਾਰਟੀਆਂ ਵੀ। ਹਰੇਕ ਆਪਣੇ ਕੀਤੇ ਕੰਮਾਂ ਨੂੰ ਵੀ ਦੇਖਦਾ ਹੈ ਅਤੇ ਪਾਰਟੀ ਦੀ ਨਿਭਾਈ ਕਾਰਗੁਜ਼ਾਰੀ ਵੀ। ਸਿਆਸੀ ਪਾਰਟੀ ਕੀਤੇ ਕੰਮਾਂ ਉੱਤੇ ਨਜ਼ਰ ਫੇਰਦੀ ਹੈ ਅਤੇ ਬੀਤੇ ਵਿੱਚ ਲੋਕਾਂ ਦੇ ਸੰਘਰਸ਼ਾਂ ਵਿੱਚ ਦਿੱਤੇ ਸਾਥ ਅਤੇ ਸਹਿਯੋਗ ਨੂੰ ਪੜ੍ਹਦੀ ਵੀ ਹੈ ਅਤੇ ਵਿਚਾਰਦੀ ਵੀ ਤਾਂ ਕਿ ਉਸ ਦੇ ਆਧਾਰ ‘ਤੇ ਭਵਿੱਖ ਦੀ ਜਿੱਤ-ਹਾਰ ਦੇ ਅੰਦਾਜ਼ੇ ਲਾਏ ਜਾ ਸਕਣ। ਅਜਿਹਾ ਕਰਦਿਆਂ ਬਹੁਤਾ ਕਰਕੇ ਆਪਣੇ ਵਿਰੁੱਧ ਤਾਂ ਉੱਕਾ ਹੀ ਸੋਚਿਆ ਨਹੀਂ ਜਾਂਦਾ, ਪਰ ਅਨੁਮਾਨ ਤਾਂ ਅਨੁਮਾਨ ਹੀ ਹੁੰਦਾ, ਜਿਸ ‘ਤੇ ਭਰੋਸਾ ਨਹੀਂ ਹੁੰਦਾ।
ਜਿਵੇਂ-ਜਿਵੇਂ ਚੋਣਾਂ ਦੀ ਤਾਰੀਖ ਨੇੜੇ ਆਉਂਦੀ ਰਹਿੰਦੀ ਹੈ, ਤਿਵੇਂ-ਤਿਵੇਂ ਹਰ ਸਿਆਸੀ ਪਾਰਟੀ ਵੱਖੋ-ਵੱਖ ਹਲਕਿਆਂ ਵਿੱਚ ਚੋਣ ਸਰਵੇ ਕਰਵਾਉਂਦੀ ਹੈ ਤਾਂ ਕਿ ਲੋਕ ਰਾਇ ਪੈਦਾ ਕੀਤੀ ਜਾ ਸਕੇ। ਵੱਖ-ਵੱਖ ਏਜੰਸੀਆਂ ਅਤੇ ਚੈਨਲਾਂ ਵੱਲੋਂ ਕੀਤੇ ਜਾਂਦੇ ਇਹ ਸਰਵੇ ਏਹੀ ਪ੍ਰਭਾਵ ਪਾਉਂਦੇ ਹਨ ਕਿ ਇਹ ਕੀਤੇ ਗਏ ਹਨ, ਪਰ ਅਸਲ ਵਿੱਚ ਇਹ ਵੱਖ-ਵੱਖ ਪਾਰਟੀਆਂ ਵੱਲੋਂ ਕਰਵਾਏ ਜਾਂਦੇ ਹਨ ਤਾਂ ਜੋ ਵੋਟਰਾਂ (ਭੋਲੇ-ਭਾਲੇ ਨਾਗਰਿਕਾਂ) ਨੂੰ ਬੜੀ ਹੀ ਆਸਾਨੀ ਨਾਲ ਆਪਣੇ ਹੱਕ ਵਿੱਚ ਭੁਗਤਾਉਣ ਲਈ ਸਬਜ਼ਬਾਗ ਦਿਖਾ ਕੇ ਗੁੰਮਰਾਹ ਕੀਤਾ ਜਾ ਸਕੇ। ਬੀਤੇ ਵਿੱਚ ਕੀਤੇ/ਕਰਵਾਏ ਗਏ ਸਰਵੇ ਜਿਨ੍ਹਾਂ ਨਤੀਜਿਆਂ ਨਾਲ ਮੇਲ ਕੇ ਦੇਖੇ ਹਨ, ਉਹ ਇਸ ਸਿੱਟੇ ‘ਤੇ ਪਹੁੰਚ ਸਕਦੇ ਹਨ ਕਿ ਬਹੁਤਾ ਸ਼ੋਰ ਕਰਨ ਵਾਲੀ ਪਾਰਟੀ ਪਿੱਛੇ ਹੀ ਰਹਿ ਗਈ।
ਪਿਛਲੇ ਸਰਵਿਆਂ ਦੇ ਆਧਾਰ ‘ਤੇ ਉਸੇ ਏਜੰਸੀ ਜਾਂ ਚੈਨਲ ਨੂੰ ਸਰਵੇ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ, ਜਿਸ ਦਾ ਸਰਵੇ ਨਿਰਪੱਖ ਤੇ ਸਹੀ ਰਿਹਾ ਹੋਵੇ। ਅਜਿਹਾ ਹੋ ਜਾਵੇ ਤਾਂ ਸਰਵੇ ਸਹੀ ਵੀ ਹੋਣਗੇ, ਨਿਰਪੱਖ ਵੀ ਅਤੇ ਸਰਵੇ ਕਰਵਾਉਣ ਵਾਲੇ ਆਪੇ ਚਿੱਤ ਹੋ ਜਾਣਗੇ। ਉਂਜ ਵੋਟਾਂ ਪੈਣ ਬਾਅਦ ਨਤੀਜੇ ਸਾਹਮਣੇ ਆ ਹੀ ਜਾਣੇ ਹੁੰਦੇ ਹਨ, ਜਿਸ ਕਾਰਨ ਸਰਵੇ ਕਰਨ ਜਾਂ ਫਿਰ ਕਰਵਾਉਣ ਦੀ ਲੋੜ ਹੀ ਨਹੀਂ। ਇਨ੍ਹਾਂ ‘ਤੇ ਕਾਨੂੰਨਨ ਪਾਬੰਦੀ ਹੋਣੀ ਚਾਹੀਦੀ ਹੈ ਤਾਂ ਜੋ ਵੋਟਰਾਂ ਨੂੰ ਗੁੰਮਰਾਹ ਕਰਨ-ਕਰਵਾਉਣ ਦਾ ਮੌਕਾ ਹੀ ਨਾ ਦਿੱਤਾ ਜਾ ਸਕੇ।
ਰਹੀ ਗੱਲ ਵਿਸ਼ਲੇਸ਼ਣਾਂ ਦੀ। ਸਿਆਸੀ ਮਾਹਿਰ ਆਪਣੀ-ਆਪਣੀ ਬੋਲੀ ਬੋਲਦੇ ਹਨ, ਜੋ ਨਿਰਪੱਖ ਅਤੇ ਵਿਸ਼ਾਲ ਦਿਲੀ ਵਾਲੀ ਨਹੀਂ ਹੁੰਦੀ। ਹਰ ਕੋਈ ਆਪਣੀ ਇੱਛਾ ਅਤੇ ਰੁਝਾਨ ਮੁਤਾਬਕ ਬੋਲਦਾ ਹੈ, ਜੋ ਆਪਣਾ ਪ੍ਰਭਾਵ ਪਾਉਣ ਵਿੱਚ ਕਾਮਯਾਬ ਨਹੀਂ ਹੁੰਦਾ। ਕਈ ਵਾਰ ਤਾਂ ਬੁਲਾਰੇ ਦੀ ਗੱਲ ਅੱਧ ਅਧੂਰੀ ਵੀ ਰਹਿ ਜਾਂਦੀ ਹੈ, ਕਿਉਂਕਿ ਉਸ ਨੂੰ ਵਿੱਚੋਂ ਹੀ ਟੋਕ ਦਿੱਤਾ ਜਾਂਦਾ ਹੈ, ਜਿਸ ਕਾਰਨ ਉਸ ਦੀ ਸੋਚ ਕਿਸੇ ਸਿਰੇ ਨਹੀਂ ਲੱਗਦੀ। ਬਹੁਤੀ ਵਾਰ ਐਂਕਰ ਆਪਣੇ ਗਿਆਨ ਅਤੇ ਅਧਿਕਾਰ ਦੀ ਹੈਂਕੜ ਕਾਰਨ ਆਪਣਾ ਪ੍ਰਭਾਵ ਵੱਧ ਪਾਉਣ ਦੇ ਜਤਨ ਵਿੱਚ ਹੁੰਦਾ ਹੈ, ਜਿਸ ਨਾਲ ਬੁਲਾਰੇ ਠਿੱਬੀ ਤਾਂ ਖਾ ਲੈਂਦੇ ਹਨ, ਪਰ ਵਿਸ਼ਾ-ਵਸਤੂ ਨਜਿੱਠੇ ਨਹੀਂ ਜਾਂਦੇ।
ਕਈ ਵਾਰ ਬਹਿਸ ਵਿੱਚ ਉਹ ਵੀ ਬੈਠੇ ਹੁੰਦੇ ਹਨ, ਜਿਨ੍ਹਾਂ ਕੋਲ ਤਾਜ਼ਾ-ਤਰੀਨ ਹਾਲਤ ਦੀ ਜਾਣਕਾਰੀ ਵੀ ਨਹੀਂ ਹੁੰਦੀ ਅਤੇ ਨਾ ਹੀ ਸਹੀ ਤੱਥ ਅਤੇ ਤਾਰੀਖਾਂ ਦੀ। ਇਹ ਇੱਕ ਨਹੀਂ, ਹਰ ਚੈਨਲ ਦੀ ਇਹੋ ਸੱਚਾਈ ਹੈ ਜਿਸ ਕਰਕੇ ਸਰੋਤੇ/ਦਰਸ਼ਕ ਤੁਰੰਤ ਚੈਨਲ ਬਦਲਣ ਲਈ ਰੀਮੋਟ ਦੀ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਕਈ ਵਾਰ ਬਹਿਸ ਦੌਰਾਨ ਗਰਮਾ ਗਰਮੀ ਇਸ ਹੱਦ ਤੱਕ ਵਧ ਜਾਂਦੀ ਹੈ ਕਿ ਸਾਰੇ ਇੱਕ-ਦੂਜੇ ‘ਤੇ ਸਵਾਰ ਹੋਣ ਨੂੰ ਫਿਰਦੇ ਹਨ ਅਤੇ ਉਨ੍ਹਾਂ ਦੀ ਗੱਲਬਾਤ ਸੁਣਨ ਵਾਲਿਆਂ ਤੱਕ ਪਹੁੰਚਦੀ ਹੀ ਨਹੀਂ।
ਚੰਗਾ ਹੋਵੇ ਜੇ ਏਜੰਸੀਆਂ, ਚੈਨਲ ਅਤੇ ਮੀਡੀਆ ਦੇ ਹੋਰ ਸਾਧਨ ਸਿਆਸੀ ਪਾਰਟੀਆਂ ਦੇ ਬੁਲਾਰੇ ਵਾਹਨ ਨਾ ਬਣਨ ਅਤੇ ਨਿਰਪੱਖਤਾ ਨਾਲ ਸਿਆਸੀ ਹਾਲਾਤ ਤੋਂ ਦੇਸ਼ ਵਾਸੀਆਂ ਨੂੰ ਜਾਣੂ ਕਰਵਾਉਣ, ਪਰ ਅਜਿਹਾ ਮੀਡੀਆ ਤਾਂ ਹੁਣ ਬੀਤੇ ਦੀ ਗੱਲ ਹੋ ਕੇ ਰਹਿ ਗਈ। ਅੱਜ ਬਹੁਤਾ ਮੀਡੀਆ ਬਹੁਤਾ ਕਰਕੇ ਹੱਥ-ਠੋਕਾ ਹੈ ਜਾਂ ਫਿਰ ਵਪਾਰਕ। ਪਿਛਲੇ ਕੁਝ ਸਮੇਂ ਵਿੱਚ ਤਾਂ ਮੀਡੀਆਂ ਵਿੱਚੋਂ ਜੁਰਅੱਤ ਹੀ ਗੁਆਚ ਕੇ ਰਹਿ ਗਈ। ਅੱਖਰਾਂ/ਸ਼ਬਦਾਂ/ਫਿਕਰਿਆਂ ਦੇ ਸਿਰ ਝੁਕਾਉਣ ਦੀ ਗੱਲ ਤਾਂ ਪਹਿਲਾਂ ਵੀ ਹੁੰਦੀ ਰਹੀ, ਪਰ ਹੁਣ ਤਾਂ ਫਿਕਰਿਆਂ ਦੇ ਫਿਕਰੇ ਰੀਂਘਣ ਹੀ ਲੱਗ ਪਏ।
ਕੋਈ-ਕੋਈ ਪੱਤਰਕਾਰ ਬੋਲਣਾ ਚਾਹੁੰਦਾ ਹੈ, ਪਰ ਉਸ ਨੂੰ ਬੋਲਣ ਹੀ ਨਹੀਂ ਦਿੱਤਾ ਜਾਂਦਾ। ਕਈ ਇੱਕ ਤਾਂ ਜੁਰਅੱਤ ਦਿਖਾਉਂਦੇ ਹੋਏ ਪੱਤਰਕਾਰੀ ਦੇ ਮੈਦਾਨ ਵਿੱਚੋਂ ‘ਸ਼ਹੀਦ’ (ਬਾਹਰ) ਹੀ ਹੋ ਗਏ। ਲੋਕਤੰਤਰ ਦੇ ਚੌਥੇ ਥੰਮ੍ਹ ਮੀਡੀਆ ਨਾਲ ਅਜਿਹਾ ਹੋਣਾ ਵੱਡੀ ਮੰਦਭਾਗੀ ਗੱਲ ਹੈ, ਕਿਉਂਕਿ ਅਜਿਹਾ ਹੋਣ ਨਾਲ ਤਾਂ ਹਰ ਪਾਸੇ ਹਨੇਰਾ ਹੋ ਕੇ ਰਹਿ ਜਾਵੇਗਾ ਅਤੇ
ਅਸਲੀਅਤ ਉੱਤੇ ਪਰਦਾ ਹੀ ਪਿਆ ਰਹੇਗਾ। ਸੱਚ ਅਤੇ ਹਕੀਕਤ ਉਤੇ ਪਰਦਾ ਪੈਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਜਾਗ ਕੇ ਦਲੇਰੀ ਨਾਲ ਪਹਿਰਾ ਦੇਣਾ ਪਵੇਗਾ।

ਆਮ ਆਦਮੀ ਪਾਰਟੀ
ਪੰਜਾਬ ਦੇ ਸਿਆਸੀ ਹਾਲਾਤ ਆਮ ਆਦਮੀ ਲਈ ਬਹੁਤੇ ਚੰਗੇ ਅਤੇ ਕਾਰਗਰ ਨਹੀਂ। ਪਰੰਪਰਿਕ ਪਾਰਟੀਆਂ ਰਵਾਇਤੀ ਕਦਮ ਹੀ ਭਰਦੀਆਂ ਹਨ ਅਤੇ ਲੀਕ ਤੋਂ ਪਰਲਾ ਕੰਮ ਨਹੀਂ ਕਰਦੀਆਂ, ਜਿਸ ਕਾਰਨ ਆਮ ਆਦਮੀ ਦੇ ਜੀਵਨ-ਪੱਧਰ ਵਿੱਚ ਕੋਈ ਤਬਦੀਲੀ ਨਹੀਂ ਹੋ ਰਹੀ। ਇਹ ਨਵੀਂ ਆਮ ਆਦਮੀ ਪਾਰਟੀ ਨਵੇਂ ਅੰਦਾਜ਼ ਦਾ ਵਾਅਦਾ ਕਰਕੇ ਮੈਦਾਨ ਵਿੱਚ ਨਿੱਤਰੀ ਸੀ ਕਿ ਪਰਿਵਰਤਨ ਲਿਆਂਦਾ ਜਾਵੇਗਾ, ਪਰ ਸਭ ਸਿਫ਼ਰ ਹੋ ਕੇ ਰਹਿ ਗਿਆ। ਪਾਰਟੀ ਟੁੱਟ ਗਈ ਅਤੇ ਭਾਨ ਵਾਂਗ ਖਿੱਲਰ ਗਈ।
ਜਿਸ ਪਾਰਟੀ ਦਾ ਸੰਚਾਲਕ ਹੀ ਵਪਾਰਕ ਬਿਰਤੀ ਦਾ ਹੋਵੇ, ਉਸ ਵੱਲੋਂ ਪਰਿਵਰਤਨ ਦੀ ਆਸ ਰੱਖਣੀ ਸੁਫ਼ਨਾ ਦੇਖਣਾ ਵੀ ਹੋ ਸਕਦਾ ਹੈ, ਕਲਪਨਾ ‘ਚ ਉਡਣਾ ਵੀ। ਆਮ ਆਦਮੀ ਪਾਰਟੀ ਦੇ ਸੰਚਾਲਕ ਨੇ ਆਪਣੀ ਹੈਂਕੜ ਤਾਂ ਕਾਇਮ ਰੱਖੀ, ਜਿਸ ਨਾਲ ਪਾਰਟੀ ਲੀਰੋ-ਲੀਰ ਹੋ ਗਈ। ਸੁੱਚਾ ਸਿੰਘ ਛੋਟੇਪੁਰ ਤੋਂ ਲੈ ਕੇ ਘੁੱਗੀ ਤੱਕ ਸਭ ਰਾਹੇ ਪਾ ਦਿੱਤੇ ਗਏ ਜਾਂ ਫੇਰ ਉਡ-ਪੁਡ ਗਏ। ਨੁਕਸਾਨ ਨੇਤਾਵਾਂ ਦਾ ਘੱਟ ਹੋਇਆ, ਉਸ ਆਦਮੀ ਦਾ ਵੱਧ, ਜਿਸ ਦੇ ਅੱਗੇ ਵਾਅਦੇ ਵੀ ਪਰੋਸੇ ਗਏ ਅਤੇ ਉਮੀਦਾਂ ਵੀ।
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਹੀ ਵੱਡੇ ਨੇਤਾ ਪਾਰਟੀ ਤੋਂ ਬਾਹਰ ਹੋ ਗਏ। ਸਰਕਾਰ ਬਣਾਉਂਦੇ-ਬਣਾਉਂਦੇ ਵਿਰੋਧੀ ਧਿਰ ਵਿੱਚ ਆ ਗਏ। ਵਿਰੋਧੀ ਧਿਰ ਦੇ ਨੇਤਾ ਤੋਂ ਲਾਹੇ ਸੁਖਪਾਲ ਸਿੰਘ ਖਹਿਰਾ ਨੇ ਅਜਿਹਾ ਖੌਰੂ ਪਾਇਆ ਕਿ ਪਾਰਟੀ ਫਿਰ ਖੇਰੂੰ-ਖੇਰੂੰ ਹੋ ਗਈ। ਘਮਾਸਾਣ ਚੱਲਦਾ ਰਿਹਾ। ਲੋਕ ਆਮ ਆਦਮੀ ਪਾਰਟੀ ਨੂੰ ਭੁੱਲਣ ਲੱਗ ਪਏ, ਪਰ ਖਹਿਰਾ ਖਹਿਰਾ ਹੋ ਗਈ। ਉਹ ਵੀ ਆਪਣੇ ਅੱਠ ਵਿਧਾਇਕਾਂ ਤੋਂ ਅੱਗੇ ਨਾ ਵਧ ਸਕਿਆ, ਸਗੋਂ ਇੱਕ ਹੋਰ ਬੇੜੀ ‘ਚੋਂ ਲਹਿ ਗਿਆ। ਸੁਖਪਾਲ ਅਤੇ ਕੰਵਰ ਸੰਧੂ ਪਾਰਟੀ ‘ਚੋਂ ਮੁਅੱਤਲ ਕਰ ਦਿੱਤੇ ਗਏ।
ਹੁਣ ਤਾਂ ਪਾਰਟੀ ਟੁੱਟ ਫੁੱਟ ਹੀ ਗਈ। ਖਹਿਰੇ ਹੁਰਾਂ ਨਵੀਂ ਪਾਰਟੀ ਬਣਾਉਣ ਵੱਲ ਮੂੰਹ ਕਰ ਲਿਆ। ਲੋਕਾਂ ਨੂੰ ਬੁਰਾ ਸੁਫ਼ਨਾ ਜਾਪਿਆ ਤਾਂ ਉਨ੍ਹਾਂ ਆਪਣਾ ਮੂੰਹ ਪਾਰਟੀ ਵੱਲੋਂ ਹਟਾ ਲਿਆ। ਹੁਣ ਨਵੀਂ ਪਾਰਟੀ ਦਾ ਕੀ ਨਕਸ਼ਾ ਬਣਦਾ ਹੈ, ਇਸ ਦਾ ਅਜੇ ਕਿਸੇ ਨੂੰ ਪਤਾ ਨਹੀਂ, ਪਰ ਇਹ ਚੰਗਾ ਨਹੀਂ ਹੋ ਰਿਹਾ। ਆਮ ਆਦਮੀ ਪਾਰਟੀ ਨੂੰ ਖਾਲੀ ਥਾਂ ਮਿਲੀ ਸੀ ਪਰ ਉਹ ਮੱਲ ਨਾ ਸਕੇ, ਸਗੋਂ ਇੱਕ ਤੋਂ ਵੱਧ ਕਾਰਨਾਂ ਕਰਕੇ ਬਣੀ ਬਣਾਈ ਗੱਲ ਗੁਆ ਲਈ ਕਿ ਨਾ ਖੇਲ੍ਹਣਾ ਨਾ ਹੀ ਖੇਲ੍ਹਣ ਦੇਣਾ।
ਸੁਖਪਾਲ ਖਹਿਰਾ ਪਾਰਟੀ ਤੋਂ ਅਸਤੀਫ਼ਾ ਦੇ ਕੇ ਤਾਂ ਸੁਰਖਰੂ ਹੋ ਗਿਆ, ਪਰ ਕੰਵਰ ਕੀ ਕਰੇ। ਦੂਜਾ ਵਿਧਾਨ ਸਭਾ ਦੀ ਮੈਂਬਰੀ ਦਾ ਕੀ ਬਣੂ। ਜੇ ਅਸਤੀਫ਼ਾ ਦਿੰਦੇ ਹਨ ਤਾਂ ਸੱਤੇ ਵਿਧਾਇਕ ਤਾਂ ਹੱਥ-ਪੱਲੇ ਕੁੱਝ ਵੀ ਨਹੀਂ ਰਹੇਗਾ। ਜੇ ਮੁੜ ਚੋਣ ਹੁੰਦੀ ਹੈ ਤਾਂ ਪੰਜਾਬ ਦੇ ਖ਼ਜ਼ਾਨੇ ਸਿਰ ਮੁੜ ਚੋਣਾਂ ਦਾ ਖਰਚਾ। ਇਹ ਕੋਈ ਚੰਗੀ ਖੇਲ੍ਹ ਨਹੀਂ, ਜੋ ਪੰਜਾਬੀਆਂ ਨਾਲ ਧੋਖਾ ਹੈ, ਜਿਸ ਨੂੰ ਉਹ ਕਿਸੇ ਤਰ੍ਹਾਂ ਵੀ ਮੁਆਫ਼ ਨਹੀਂ ਕਰਨਗੇ। ਸੋਚਣਾ ਕੌਮੀ ਸੰਚਾਲਕ ਨੇ ਹੈ ਜਾਂ ਫੇਰ ਖਹਿਰਾ ਅਤੇ ਉਸ ਦੇ ਸਾਥੀਆਂ ਨੇ ਕਿ ਪੰਜਾਬ ਨੂੰ ਇਸੇ ਹਾਲਾਤ ਵਿੱਚ ਰਹਿਣ ਦੇਣਾ ਹੈ ਜਾਂ ਫੇਰ ਇਸ ਦੇ ਮੁਹਾਂਦਰੇ ਨੂੰ ਬਦਲਣ ਲਈ ਕੁਝ ਹਾਂ-ਵਾਚਕ ਕਰਨਗੇ। ਪੰਜਾਬ ਕਰਜ਼ੇ ਹੇਠ ਦੱਬਿਆ ਪਿਆ ਹੈ, ਜਿਸ ਬਾਰੇ ਕੋਈ ਸੰਜੀਦਗੀ ਨਾਲ ਸੋਚ ਹੀ ਨਹੀਂ ਰਿਹਾ।
ਚੰਗਾ ਹੋਵੇ ਜੇ ਸਾਰੀਆਂ ਸਿਆਸੀ ਧਿਰਾਂ ਪੰਜਾਬ ਅਤੇ ਪੰਜਾਬੀਆਂ ਦੀ ਫਿਕਰਮੰਦੀ ਕਰਨ ਅਤੇ ਇਸ ਨੂੰ ਤਰੱਕੀ ਦੇ ਰਾਹ ਉੱਤੇ ਪਾਉਣ ਵਾਸਤੇ ਆਪੋ-ਆਪਣਾ ਸਹੀ ਅਤੇ ਬਣਦਾ ਯੋਗਦਾਨ ਪਾਉਣ। ਅਜਿਹਾ ਹੋ ਜਾਵੇ ਤਾਂ ਪੰਜਾਬ ਤਰੱਕੀ ਕਰ ਸਕੇਗਾ, ਨਹੀਂ ਤਾਂ ਨਸ਼ੇ, ਬੇਰੁਜ਼ਗਾਰੀ ਅਤੇ ਗਰੀਬੀ ਇਸ ਨੂੰ ਹੋਰ ਨੀਵਾਣਾਂ ਵੱਲ ਲੈ ਜਾਣਗੇ।

ਲਤੀਫ਼ੇ ਦਾ ਚਿਹਰਾ-ਮੋਹਰਾ
ਵਕੀਲ : ਤੂੰ ਪੰਜਵੀਂ ਵਾਰ ਕਚਹਿਰੀ ਵਿੱਚ ਆਇਆ ਹੈਂ, ਤੈਨੂੰ ਜ਼ਰਾ ਵੀ ਸ਼ਰਮ ਨਹੀਂ ਆਉਂਦੀ?
ਆਦਮੀ : ਜਨਾਬ ਵਕੀਲ ਸਾਹਿਬ, ਇਸ ਹਿਸਾਬ ਤੁਹਾਨੂੰ ਤਾਂ ਸ਼ਰਮ ਨਾਲ ਡੁੱਬ ਹੀ ਜਾਣਾ ਚਾਹੀਦਾ।
***
ਹਜਾਮਤੀ : ਚਾਚਾ ਵਾਲ ਛੋਟੇ ਕਰਨੇ ਹੈ ਕਿ?
ਚਾਚਾ : ਮੈਂ ਤਾਂ ਛੋਟੇ ਕਰਾਉਣ ਲਈ ਹੀ ਆਇਆ ਹਾਂ, ਪਰ ਜੇ ਤੂੰ ਵੱਡੇ ਕਰ ਸਕਦਾ ਤਾਂ ਵੱਡੇ ਕਰ ਦੇ।
***
ਛੋਹਰਾ   : ਤਾਇਆ ਆਪਣੀ ਇਸਤਰੀ ਦੇ ਦੇ
ਤਾਇਆ : ਉਹ ਸਾਹਮਣੇ ਬੈਠੀ ਹੈ ਲੈ ਜਾ
ਛੋਹਰਾ  : ਇਹ ਨਹੀਂ, ਕੱਪੜਿਆਂ ਵਾਲੀ
ਤਾਇਆ : ਤੈਨੂੰ ਤਾਈ ਦੇ ਕੱਪੜੇ ਨਜ਼ਰ ਨਹੀਂ ਆ ਰਹੇ।
ਛੋਹਰਾ  : ਤਾਇਆ ਨਹੀਂ, ਕਰੰਟ ਮਾਰਨ ਵਾਲੀ
ਤਾਇਆ : ਜ਼ਰਾ ਹੱਥ ਲਾ ਕੇ ਦੇਖ, ਕਰੰਟ ਨਾ ਮਾਰਿਆ ਤਾਂ ਮੇਰਾ ਨਾਂਅ ਬਦਲ ਦੇਈਂ।

–  ਸ਼ਾਮ ਸਿੰਘ ਅੰਗ-ਸੰਗ

Previous articleਰਾਖਵੇਂਕਰਨ ਦੀ ਅਸਲ ਜਰੂਰਤ ਕਿਸ ਨੂੰ ਹੈ :- ਇੰਜੀ. ਅਮਨਦੀਪ ਸਿੱਧੂ
Next articleਛਤਰਪਤੀ ਹੱਤਿਆ ਮਾਮਲਾ: ਡੇਰਾ ਸਿਰਸਾ ਮੁਖੀ ਦੋਸ਼ੀ ਕਰਾਰ