ਜਾਖੜ ਅਤੇ ਸੇਖੜੀ ’ਤੇ ਫੁੱਟਿਆ ਬਟਾਲਾ ਵਾਸੀਆਂ ਦਾ ਗੁੱਸਾ

ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਨੀਲ ਜਾਖੜ ਨੂੰ ਅੱਜ ਬਟਾਲਾ ਵਿੱਚ ਲੋਕਾਂ ਦੇ ਭਾਰੀ ਗੁੱਸੇ ਦਾ ਸਾਹਮਣਾ ਕਰਨਾ ਪਿਆ। ਉਹ ਇਥੇ ਸੀਵਰੇਜ ਬੰਦ ਹੋਣ ਅਤੇ ਖਸਤਾ ਹਾਲ ਸੜਕ ਦੀ ਹਾਲਤ ਸੁਧਾਰਨ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੇ ਲੋਕਾਂ ਨੂੰ ਸ਼ਾਂਤ ਕਰਨ ਪੁੱਜੇ ਸਨ। ਲੋਕਾਂ ਨੇ ਸ੍ਰੀ ਜਾਖੜ ਅਤੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਨੂੰ ਖਰੀਆਂ ਖਰੀਆਂ ਸੁਣਾਈਆਂ।
ਲੋਕਾਂ ਨੇ ਸ੍ਰੀ ਜਾਖੜ ਅਤੇ ਸੇਖੜੀ ਨੂੰ ਟੁੱਟੀ ਸੜਕ ਅਤੇ ਸੀਵਰੇਜ ਦੇ ਪਾਣੀ ਵਿੱਚ ਘੁਮਾਇਆ। ਉਨ੍ਹਾਂ ਦੱਸਿਆ ਕਿ ਉਹ ਬੀਤੇ ਕਈ ਸਾਲਾਂ ਤੋਂ ਨਰਕ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਇਸ ਮੌਕੇ ਸ੍ਰੀ ਜਾਖੜ ਨੇ ਲੋਕਾਂ ਕੋਲੋਂ ਮੁਆਫ਼ੀ ਮੰਗਦਿਆਂ ਕਿਹਾ ਕਿ ਸੜਕ ਦੀ ਮੁਰੰਮਤ ਅਤੇ ਸਫਾਈ ਦਾ ਕੰਮ ਛੇਤੀ ਸ਼ੁਰੂ ਹੋ ਰਿਹਾ ਹੈ ਜਿਸ ਤੋਂ ਬਾਅਦ ਲੋਕ ਸ਼ਾਂਤ ਹੋਏ। ਉਨ੍ਹਾਂ ਭਰੋਸਾ ਦਿੱਤਾ ਕਿ 15 ਦਿਨਾਂ ’ਚ ਸੀਵਰੇਜ ਦੀ ਗੰਦਗੀ ਤੋਂ ਲੋਕਾਂ ਨੂੰ ਛੁਟਕਾਰਾ ਮਿਲ ਜਾਵੇਗਾ ਅਤੇ ਸੜਕ ਵੀ ਛੇਤੀ ਬਣਾਈ ਜਾਵੇਗੀ। ਇਹ ਮਾਰਗ ਦਾ ਨਾਂ ਕਾਂਗਰਸ ਦੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਨੇ ਆਪਣੇ ਪਿਤਾ ਵਿਸ਼ਵਾਮਿੱਤਰ ਸੇਖੜੀ ਦੇ ਨਾਮ ’ਤੇ ਰੱਖਿਆ ਹੈ,ਜਿਸ ਦੀ ਲੰਘੇ ਕਈ ਸਾਲਾਂ ਤੋਂ ਮਾੜੀ ਹਾਲਤ ਹੈ। ਸ੍ਰੀ ਜਾਖੜ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਸ਼ਾਸਨ ਨੇ ਬਟਾਲਾ ਨੂੰ ਤਰਸਯੋਗ ਹਾਲਤ ਵਿੱਚ ਪੁਹੰਚਾਇਆ ਹੈ।
ਜ਼ਿਕਰਯੋਗ ਹੈ ਕਿ ਲੋਕਾਂ ਵੱਲੋਂ ਬੀਤੇ ਕਈ ਦਿਨਾਂ ਤੋਂ ਇਥੇ ਬਾਂਸ ਨਾਲ ਰਸਤਾ ਬੰਦ ਕਰ ਕੇ ਪੰਜਾਬ ਸਰਕਾਰ ਤੇ ਪ੍ਰਸਾਸ਼ਨਿਕ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ। ਸ੍ਰੀ ਜਾਖੜ ਨੇ ਇਸ ਮੌਕੇ ਧਰਮਪੁਰਾ ਕਲੋਨੀ ਅਤੇ ਕ੍ਰਿਸ਼ਚਨ ਕਲੋਨੀ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਅਫ਼ਸਰਾਂ ਨੂੰ ਤਾੜਨਾ ਕੀਤੀ ਕਿ ਉਹ ਸੇਵਕ ਬਣ ਕੇ ਲੋਕਾਂ ਦੀ ਸੇਵਾ ਕਰਨ ਅਤੇ ਮੁਸ਼ਕਲਾਂ ਮੌਕੇ ’ਤੇ ਹੱਲ ਕਰਨ।
ਸਾਬਕਾ ਮੰਤਰੀ ਅਸ਼ਵਨੀ ਸੇਖੜੀ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸੀਵਰੇਜ ਬੋਰਡ ਦੇ ਐਕਸੀਅਨ ਐੱਸ.ਕੇ ਰੰਗਾ ਨੇ ਸ੍ਰੀ ਜਾਖੜ ਨੂੰ ਭਰੋਸਾ ਦਿੱਤਾ ਕਿ ਸੀਵਰੇਜ ਦੀ ਸਫ਼ਾਈ 12 ਜਨਵਰੀ ਤੋਂ ਸ਼ੁਰੂ ਹੋ ਜਾਵੇਗੀ। ਇਸੇ ਦੌਰਾਨ ਅੱਜ ਸ੍ਰੀ ਜਾਖੜ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਸਬਾ ਕਲਾਨੌਰ ਵਿੱਚ ਵੀ ਇਕ ਸਮਾਗਮ ਵਿੱਚ ਸ਼ਿਰਕਤ ਕੀਤੀ। ਉਹ ਇਥੇ ਨਵੇਂ ਬਣੇ ਪੰਚ ਤੇ ਸਰਪੰਚਾਂ ਨੂੰ ਵਧਾਈ ਦੇਣ ਤੇ ਰੂਬਰੂ ਹੋਣ ਲਈ ਪੁੱਜੇ ਸਨ।
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸੰਸਦ ਮੈਂਬਰ ਸੁਨੀਲ ਜਾਖੜ ਨੇ ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ਮਾਲਕ ਕਿਸਾਨਾਂ ਨੂੰ 6 ਕਰੋੜ ਰੁਪਏ ਦੇ ਚੈੱਕ ਵੰਡੇ। ਸ੍ਰੀ ਜਾਖੜ ਨੇ ਨਵੀਆਂ ਪੰਚਾਇਤਾਂ ਨੂੰ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਪਿੰਡਾਂ ਦੇ ਵਿਕਾਸ ਕਾਰਜ ਕਰਵਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਰਤਾਪਪੁਰ ਸਾਹਿਬ ਲਾਂਘੇ ਬਾਰੇ ਕਿਹਾ ਕਿ ਰੱਬ ਨੇ ਭਾਰਤ ਤੇ ਪਾਕਿਸਤਾਨ ਸਰਕਾਰਾਂ ਨੂੰ ਸਮੁੱਤ ਦਿੱਤੀ ਤੇ ਸੰਗਤਾਂ ਦੀ ਅਰਦਾਸ ਪੂਰੀ ਹੋਈ। ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਰੰਧਾਵਾ ਨੇ ਮਰਹੂਮ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦਾ ਵਿਸ਼ੇਸ ਤੌਰ ’ਤੇ ਜ਼ਿਕਰ ਕੀਤਾ। ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਵਿਧਾਇਕ ਪਾਹੜਾ ਤੇ ਹੋਰ ਹਸਤੀਆਂ ਵੀ ਇਸ ਦੌਰਾਨ ਮੌਜੂਦ ਸਨ।

Previous articleਕਸ਼ਮੀਰ ਮੁੱਦੇ ਬਾਰੇ ਹੁਰੀਅਤ ਨਾਲ ਗੱਲ ਕਰੇ ਕੇਂਦਰ: ਅਬਦੁੱਲਾ
Next articleਖਹਿਰਾ ਤੇ ਟਕਸਾਲੀਆਂ ਵੱਲੋਂ ‘ਮਹਾਗੱਠਜੋੜ’ ਦਾ ਫ਼ੈਸਲਾ