ਖਹਿਰਾ ਤੇ ਟਕਸਾਲੀਆਂ ਵੱਲੋਂ ‘ਮਹਾਗੱਠਜੋੜ’ ਦਾ ਫ਼ੈਸਲਾ

ਸੂਬੇ ਦੀਆਂ ਦੋ ਰਵਾਇਤੀ ਸਿਆਸੀ ਪਾਰਟੀਆਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਲਈ ‘ਪੰਜਾਬੀ ਏਕਤਾ ਪਾਰਟੀ’ ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਮਹਾਗੱਠਜੋੜ ਦਾ ਫ਼ੈਸਲਾ ਕੀਤਾ ਹੈ। ਇਸ ਵਿਚ ਪੰਜਾਬ ਦੀਆਂ ਸਾਰੀਆਂ ਵਿਰੋਧੀ ਧਿਰਾਂ ਨੂੰ ਸ਼ਾਮਲ ਕਰਨ ਦੀ ਯੋਜਨਾ ਹੈ। ਇਹ ਖ਼ੁਲਾਸਾ ਅੱਜ ਇੱਥੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕੀਤਾ ਹੈ। ਇਸ ਤੋਂ ਪਹਿਲਾਂ ਦੋਵਾਂ ਵਿਚਾਲੇ ਬੰਦ ਕਮਰਾ ਮੀਟਿੰਗ ਹੋਈ, ਜਿਸ ਤੋਂ ਬਾਅਦ ਇਹ ਸਾਂਝਾ ਬਿਆਨ ਜਾਰੀ ਕੀਤਾ ਗਿਆ। ਸ੍ਰੀ ਖਹਿਰਾ ਆਪਣੀ ਨਵੀਂ ਪਾਰਟੀ ਦੇ ਐਲਾਨ ਮਗਰੋਂ ਅੱਜ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਏ ਸਨ। ਉਪਰੰਤ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਲਗਭਗ ਦੋ ਘੰਟੇ ਬੰਦ ਕਮਰਾ ਮੀਟਿੰਗ ਤੋਂ ਬਾਅਦ ਦੋਵਾਂ ਆਗੂਆਂ ਨੇ ਖ਼ੁਲਾਸਾ ਕੀਤਾ ਕਿ ਦੋਵੇਂ ਪਾਰਟੀਆਂ ਪੰਜਾਬ ’ਚ ਸਾਰੀਆਂ ਵਿਰੋਧੀ ਪਾਰਟੀਆਂ ਦਾ ‘ਮਹਾਗੱਠਜੋੜ’ ਕਰਨ ਲਈ ਯਤਨ ਕਰਨਗੇ। ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਖਹਿਰਾ ਨੇ ਆਖਿਆ ਕਿ ਸ੍ਰੀ ਬ੍ਰਹਮਪੁਰਾ ਪੁਰਾਣੇ ਤੇ ਤਜਰਬੇਕਾਰ ਸਿਆਸਤਦਾਨ ਹਨ, ਜਿਨ੍ਹਾਂ ਦੀ ਉਨ੍ਹਾਂ ਦੇ ਪਿਤਾ ਮਰਹੂਮ ਸੁਖਜਿੰਦਰ ਸਿੰਘ ਖਹਿਰਾ ਨਾਲ ਵੀ ਨੇੜਤਾ ਸੀ। ਉਨ੍ਹਾਂ ਦੱਸਿਆ ਕਿ ਦੋਵਾਂ ਪਾਰਟੀਆਂ ਨੇ ਇਕ ਮੰਚ ਤੋਂ ਸੰਸਦੀ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਰਵਾਇਤੀ ਸਿਆਸੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਨੂੰ ਸਖ਼ਤ ਮੁਕਾਬਲਾ ਦੇਣ ਲਈ ਸੂਬੇ ਵਿਚ ਮਹਾਗੱਠਜੋੜ ਤਿਆਰ ਕੀਤਾ ਜਾਵੇਗਾ। ਇਸ ਸਬੰਧੀ ਸਮੂਹ ਵਿਰੋਧੀ ਪਾਰਟੀਆਂ ਨਾਲ ਮੁਲਾਕਾਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੁਝ ਸਿਆਸੀ ਪਾਰਟੀਆਂ ਨਾਲ ਇਸ ਬਾਰੇ ਗੱਲਬਾਤ ਤੈਅ ਹੋ ਵੀ ਚੁੱਕੀ ਹੈ ਅਤੇ ਅੱਜ ਅਕਾਲੀ ਦਲ ਟਕਸਾਲੀ ਵੀ ਇਸ ਗਠਜੋੜ ਵਿਚ ਸ਼ਾਮਲ ਹੋ ਗਿਆ ਹੈ। ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਜੇ ‘ਆਪ’ ਵੀ ਇਸ ਗਠਜੋੜ ਵਿਚ ਸ਼ਾਮਲ ਹੁੰਦੀ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਅਕਾਲੀ ਦਲ ਵਲੋਂ ਵਿਰੋਧੀਆਂ ਨੂੰ ਕਾਂਗਰਸ ਦੀ ‘ਬੀ’ ਟੀਮ ਆਖੇ ਜਾਣ ’ਤੇ ਇਤਰਾਜ਼ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਉਹ ਕਾਂਗਰਸ ਦੀ ‘ਬੀ’ ਟੀਮ ਹਨ ਤਾਂ ਕਾਂਗਰਸ ਵਲੋਂ ਉਨ੍ਹਾਂ ਖ਼ਿਲਾਫ਼ ਕੇਸ ਨਾ ਦਰਜ ਕਰਾਏ ਜਾਂਦੇ। ਉਨ੍ਹਾਂ ਆਖਿਆ ਕਿ ਉਹ ਸਪੱਸ਼ਟਵਾਦੀ ਹਨ, ਇਸੇ ਲਈ ਸਾਰਿਆਂ ਦੀਆਂ ਅੱਖਾਂ ਵਿਚ ਰੜਕਦੇ ਹਨ। ਇਸ ਦੌਰਾਨ ਸ੍ਰੀ ਬ੍ਰਹਮਪੁਰਾ ਨੇ ਇਸ ਦੀ ਪੁਸ਼ਟੀ ਕਰਦਿਆਂ ਮੀਡੀਆ ਨੂੰ ਦੱਸਿਆ ਕਿ ਖਹਿਰਾ ਪਰਿਵਾਰ ਨਾਲ ਉਨ੍ਹਾਂ ਦੀ ਪੁਰਾਣੀ ਸਾਂਝ ਹੈ। ਦੋਵਾਂ ਹੀ ਜਥੇਬੰਦੀਆਂ ਦਾ ਮੁੱਖ ਮੰਤਵ ਕਾਂਗਰਸ ਅਤੇ ਅਕਾਲੀ ਦਲ ਨੂੰ ਸੱਤਾ ਤੋਂ ਦੂਰ ਕਰਨਾ ਹੈ। ਉਨ੍ਹਾਂ ਆਖਿਆ ਕਿ ਸੰਸਦੀ ਚੋਣਾਂ ਵਿਚ ਸਮਾਂ ਘੱਟ ਰਹਿ ਗਿਆ ਹੈ, ਇਸ ਲਈ ਤੇਜ਼ੀ ਨਾਲ ਮਹਾਗਠਜੋੜ ਬਣਾਉਣ ਦਾ ਉਪਰਾਲਾ ਕੀਤਾ ਜਾਵੇਗਾ।

Previous articleਜਾਖੜ ਅਤੇ ਸੇਖੜੀ ’ਤੇ ਫੁੱਟਿਆ ਬਟਾਲਾ ਵਾਸੀਆਂ ਦਾ ਗੁੱਸਾ
Next article2019 polls third battle of Panipat, grand alliance an eyewash: Shah