ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਕਿਹਾ ਹੈ ਕਿ ਪੰਜਾਬ ਸਰਕਾਰ ਵਿਚ ਪਹਿਲ ਦੇ ਆਧਾਰ ’ਤੇ ਪਾਰਟੀ ਵਰਕਰਾਂ ਭਾਵ ਹੇਠਲੀ ਕਤਾਰ ਦੇ ਆਗੂਆਂ ਨੂੰ ਬੋਰਡਾਂ, ਨਿਗਮਾਂ, ਮਾਰਕੀਟ ਕਮੇਟੀਆਂ ਆਦਿ ਦੇ ਚੇਅਰਮੈਨ, ਉਪ ਚੇਅਰਮੈਨ ਅਤੇ ਮੈਂਬਰ ਲਾ ਕੇ ਨੁਮਾਇੰਦਗੀ ਦਿੱਤੀ ਜਾਵੇ ਅਤੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਜਾਣ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ , ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਸਹਾਇਕ ਇੰਚਾਰਜ ਹਰੀਸ਼ ਚੌਧਰੀ ਅੱਜ ਦੁਪਹਿਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲੇ ਤੇ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਭ ਤੋਂ ਪਹਿਲਾਂ ਪਾਰਟੀ ਵਰਕਰਾਂ ਨੂੰ ਐਡਜਸਟ ਕੀਤਾ ਜਾਵੇ ਤੇ ਉਨ੍ਹਾਂ ਦੀਆਂ ਜਲਦੀ ਤਜਵੀਜ਼ਾਂ ਤਿਆਰ ਕਰ ਕੇ ਹਾਈਕਮਾਂਡ ਨੂੰ ਭੇਜੋ ਤੇ ਪ੍ਰਵਾਨਗੀ ਲੈ ਕੇ ਐਡਜਸਟ ਕਰੋ। ਸੂਬੇ ਵਿਚ ਸਰਕਾਰ ਬਣਿਆਂ ਤਕਰੀਬਨ ਦੋ ਸਾਲ ਹੋ ਚਲੇ ਹਨ ਪਰ ਅਜੇ ਤਕ ਪਾਰਟੀ ਵਰਕਰ ਐਡਜਸਟ ਨਹੀਂ ਕੀਤੇ ਗਏ ਤੇ ਇਸ ਲਈ ਪਹਿਲਾਂ ਉਨ੍ਹਾਂ ਵੱਲ ਧਿਆਨ ਦਿਓ। ਇਸ ਫੈਸਲੇ ਨਾਲ ਵਿਧਾਇਕਾਂ ਨੂੰ ਚੇਅਰਮੈਨ ਲਾਉਣ ਦਾ ਕੰਮ ਇਕ ਵਾਰ ਮੁੜ ਅੱਗੇ ਪੈ ਗਿਆ ਜਾਪਦਾ ਹੈ। ਇਸ ਮੰਤਵ ਲਈ ਪੰਜਾਬ ਸਰਕਾਰ ਨੇ ਐਕਟ ਵਿਚ ਸੋਧ ਪਾਸ ਕਰਵਾ ਕੇ ਨਵਾਂ ਐਕਟ ਬਣਾ ਲਿਆ ਹੈ ਪਰ ਮਾਮਲਾ ਹੋਰ ਲਟਕਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਣ ਤੇ ਵੱਖ ਵੱਖ ਕਮੇਟੀਆਂ ਜਿਨਾਂ ਵਿਚ ਚੋਣ ਪ੍ਰਚਾਰ ਕਮੇਟੀ, ਉਮੀਦਵਾਰ ਦੀ ਚੋਣ ਬਾਰੇ ਕਮੇਟੀਆਂ ਗਠਿਤ ਕੀਤੀਆਂ ਜਾਣ ਤੇ ਉਮੀਦਵਾਰਾਂ ਦੇ ਸੰਭਾਵੀ ਨਾਵਾਂ ਦੇ ਪੈਨਲ ਤਿਆਰ ਕੀਤੇ ਜਾਣ। ਪੰਜਾਬ ਤੋਂ ਕਾਂਗਰਸ ਪਾਰਟੀ ਦੇ ਚਾਰ ਸਿਟਿੰਗ ਲੋਕ ਸਭਾ ਮੈਂਬਰਾਂ ਅਤੇ ਪਟਿਆਲਾ ਤੋਂ ਸਾਬਕਾ ਕੇਂਦਰੀ ਰਾਜ ਮੰਤਰੀ ਪ੍ਰਨੀਤ ਕੌਰ ਨੂੰ ਮੁੜ ਮੈਦਾਨ ’ਚ ਉਤਾਰਨ ਦੀ ਤਿਆਰੀ ਹੈ। ਪੰਜਾਬ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਚੋਣ ਗਠਜੋੜ ਹੋਣ ਦੀ ਸੰਭਾਵਨਾ ਨਹੀਂ ਹੈ ਅਤੇ ਕਾਂਗਰਸ ਪਾਰਟੀ ਆਪਣੇ ਬਲਬੂਤੇ ’ਤੇ ਸਾਰੀਆਂ ਲੋਕ ਸਭਾ ਦੀਆਂ ਸੀਟਾਂ ਤੇ ਉਮੀਦਵਾਰ ਉਤਾਰੇਗੀ। ਇਸੇ ਦੌਰਾਨ ਆਲ ਕਾਂਗਰਸ ਕਮੇਟੀ ਨੇ ਸਾਰੇ ਸੂਬਾਈ ਕਾਂਗਰਸ ਪ੍ਰਧਾਨਾਂ ਦੀ ਮੀਟਿੰਗ 9 ਜਨਵਰੀ ਨੂੰ ਨਵੀਂ ਦਿੱਲੀ ਵਿਚ ਸੱਦ ਲਈ ਹੈ ਜਿਸ ਵਿਚ ਅਗਲੀਆਂ ਲੋਕ ਸਭਾ ਚੋਣਾਂ ਲਈ ਤਿਆਰੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਮੀਟਿੰਗ ਦੇ ਨਾਲ ਕਾਂਗਰਸ ਪਾਰਟੀ ਵਲੋਂ ਲੋਕ ਸਭਾ ਚੋਣ ਮੁਹਿੰਮ ਦਾ ਆਗਾਜ਼ ਹੋ ਜਾਵੇਗਾ।
HOME ਰਾਹੁਲ ਗਾਂਧੀ ਵਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਸੱਦਾ