ਆਮ ਆਦਮੀ ਪਾਰਟੀ ਬਣਾਉਣ ਦਾ ਫ਼ੈਸਲਾ ਗਲਤ ਸੀ: ਫੂਲਕਾ

ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇਣ ਮਗਰੋਂ ‘ਆਪ’ ਨੂੰ ਨਿਸ਼ਾਨਾ ਬਣਾਉਂਦਿਆਂ ਸੀਨੀਅਰ ਵਕੀਲ ਐੱਚਐੱਸ ਫੂਲਕਾ ਨੇ ਕਿਹਾ ਕਿ 2011 ’ਚ ਅੰਨਾ ਹਜ਼ਾਰੇ ਦੀ ਅਗਵਾਈ ਹੇਠ ਭ੍ਰਿਸ਼ਟਾਚਾਰ ਖ਼ਿਲਾਫ਼ ਚੱਲੇ ਕੌਮੀ ਪੱਧਰ ਦੇ ਅੰਦੋਲਨ ਮਗਰੋਂ 2012 ਵਿੱਚ ਸਿਆਸੀ ਪਾਰਟੀ ਦੇ ਗਠਨ ਦਾ ਫ਼ੈਸਲਾ ਗਲਤ ਸੀ। ਸ੍ਰੀ ਫੂਲਕਾ ਨੇ ਆਉਂਦੀਆਂ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਅੰਨਾ ਹਜ਼ਾਰੇ ਵਰਗੇ ਹੀ ਇਕ ਹੋਰ ਵੱਡੇ ਅੰਦੋਲਨ ਦੀ ਲੋੜ ਹੈ ਜੋ ਸਿਆਸੀ ਪਾਰਟੀਆਂ ਦੇ ਬਰਾਬਰ ਕੰਮ ਕਰੇ।
ਸ੍ਰੀ ਫੂਲਕਾ ਨੇ ਸਿਆਸਤ ਵਿੱਚ ਜਾਣ ਨੂੰ ਭੁੱਲ ਕਰਾਰ ਦਿੱਤਾ ਤੇ ਕਿਹਾ ਕਿ ਉਹ ਇਹ ਸਮਝ ਕੇ ਸਿਆਸਤ ’ਚ ਆਏ ਸਨ ਕਿ ਆਪਣੀ ਲੜਾਈ ਨੂੰ ਸਿਆਸੀ ਮੰਚ (‘ਆਪ’) ਤੋਂ ਸਮਾਜਿਕ ਹਿੱਤਾਂ ਲਈ ਲਿਜਾਣਗੇ ਪਰ ਪਿਛਲੇ 5 ਸਾਲਾਂ ਦੌਰਾਨ ਉਨ੍ਹਾਂ ਸਮਝਿਆ ਕਿ ਰਾਜਨੀਤੀ ਵਿੱਚ ਆਉਣਾ ਗਲਤ ਸੀ। ਸ੍ਰੀ ਫੂਲਕਾ ਨੇ ਕਿਹਾ ਕਿ ਅੰਨਾ ਹਜ਼ਾਰੇ ਵਰਗੇ ਹੀ ਇਕ ਹੋਰ ਅੰਦੋਲਨ ਦੀ ਲੋੜ ਹੈ ਜਿਸ ਨੂੰ ਸਿਆਸੀ ਦਲ ਅੱਖੋਂ-ਪਰੋਖੇ ਨਾ ਕਰ ਸਕਣ। ‘ਆਪ’ ਦੇ ਸਮਾਜਿਕ ਏਜੰਡੇ ਬਾਰੇ ਪੁੱਛੇ ਗਏ ਸਵਾਲ ਤੇ ‘ਆਪ’ ਆਗੂਆਂ ਨਾਲ ਮਤਭੇਦ ਬਾਰੇ ਉਨ੍ਹਾਂ ਲੋਕਾਂ ਨੂੰ ਹੀ ਅਨੁਮਾਨ ਲਾਉਣ ਲਈ ਆਖ ਦਿੱਤਾ। ਸ੍ਰੀ ਫੂਲਕਾ ਨੇ ਲੋਕ ਸਭਾ ਚੋਣਾਂ ਬਾਰੇ ਕਿਹਾ ਕਿ ਉਹ ਪੰਜਾਬ ਵਿੱਚੋਂ ਕਿਤੇ ਵੀ ਚੋਣ ਲੜ ਕੇ ਜਿੱਤ ਸਕਦੇ ਹਨ ਪਰ ਉਹ ਲੋਕ ਸਭਾ ਚੋਣਾਂ ਨਹੀਂ ਲੜਨਗੇ।
ਉਨ੍ਹਾਂ ਦੱਸਿਆ ਕਿ ਹਮਖ਼ਿਆਲ ਲੋਕਾਂ ਨਾਲ ਮਿਲ ਕੇ ਅਗਲੇ 6 ਮਹੀਨਿਆਂ ਦੌਰਾਨ ਅੰਦੋਲਨ ਖੜ੍ਹਾ ਕਰਨਗੇ ਤੇ ਉਨ੍ਹਾਂ ਸਵਰਾਜ ਅਭਿਆਨ ਬਾਰੇ ਵੀ ਹਾਂ-ਪੱਖੀ ਹੁੰਗਾਰਾ ਭਰਿਆ ਤੇ ਉਮੀਦ ਜ਼ਾਹਰ ਕੀਤੀ ਕਿ ‘ਆਪ’ ਤੋਂ ਨਿਰਾਸ਼ ਹੋ ਕੇ ਗਏ ਬੁੱਧੀਜੀਵੀਆਂ, ਵਕੀਲਾਂ, ਡਾਕਟਰਾਂ ਤੇ ਹੋਰ ਸ਼ਖ਼ਸੀਅਤਾਂ ਦਾ ਉਨ੍ਹਾਂ ਨੂੰ ਸਾਥ ਮਿਲ ਸਕਦਾ ਹੈ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਧਾਰਮਿਕ ਜਥੇਬੰਦੀ ਦੇ ਸਿਆਸੀਕਰਨ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਇਸ ਦੀਆਂ ਪਿਛਲੀਆਂ ਚੋਣਾਂ ਦੌਰਾਨ ਵੱਡੀ ਪੱਧਰ ’ਤੇ ਨਸ਼ੀਲੇ ਪਦਾਰਥ ਵਰਤੇ ਗਏ ਸਨ। ਉਨ੍ਹਾਂ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਲੋਕਾਂ ਤੋਂ ਆਜ਼ਾਦ ਕਰਵਾਉਣ ਤੇ ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਸੰਸਥਾ ਕਾਇਮ ਕੀਤੀ ਜਾਵੇਗੀ ਜਿਸ ਦਾ ਵਿਸਥਾਰ ਹੋਰ ਰਾਜਾਂ ਵਿੱਚ ਬਾਅਦ ਵਿੱਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਖ਼ਿਲਾਫ਼ ਮੁਹਿੰਮ ਜਾਰੀ ਰਹੇਗੀ ਤੇ ਭਰੋਸਾ ਦਿੱਤਾ ਕਿ ਸੱਜਣ ਕੁਮਾਰ ਵਾਂਗ ਹੀ ਹੋਰ ਦੋਸ਼ੀਆਂ ਖ਼ਿਲਾਫ਼ ਵੀ ਕਾਨੂੰਨੀ ਲੜਾਈ ਜਾਰੀ ਰਹੇਗੀ। ਉਨ੍ਹਾਂ ਨਵੰਬਰ 1984 ਦੇ ਸਿੱਖ ਕਤਲੇਆਮ ਦੀ ਲੜਾਈ ਗ਼ੈਰ-ਸਿਆਸੀ ਫਰੰਟ ਤੋਂ ਲੜਨ ਦੀ ਇੱਛਾ ਜ਼ਾਹਿਰ ਕੀਤੀ।

Previous articleਭਾਜਪਾ ਸਰਕਾਰ ਬਣਨ ਮਗਰੋਂ ਦੇਸ਼ ਦਾ ਵਿਕਾਸ ਹੋਇਆ: ਮੋਦੀ
Next articleਭਾਜਪਾ ਨੂੰ ਤਾਰੇਗਾ ਰਾਫਾਲ: ਸੀਤਾਰਾਮਨ