ਪਿੰਡ ਸੁੱਖਾ ਸਿੰਘ ਵਾਲਾ ਦੀ ਨਵੀਂ ਮਹਿਲਾ ਸਰਪੰਚ ਨੇ ਸਿਆਸੀ ਵਗਾਰਾਂ ਨੂੰ ਚੁਣੌਤੀ ਦੇ ਕੇ ਸਮੁੱਚੇ ਪਿੰਡ ਤੋਂ ਸਿਆਸੀ ਬੋਝ ਲਾਹੁਣ ਦਾ ਫ਼ੈਸਲਾ ਕੀਤਾ ਹੈ। ਨਵੀਂ ਚੁਣੀ ਸਰਪੰਚ ਜਸਪਾਲ ਕੌਰ ਨੇ ਐਲਾਨ ਕੀਤਾ ਹੈ ਕਿ ਪੰਚਾਇਤ ਕਿਸੇ ਵੀ ਸਿਆਸੀ ਰੈਲੀ ਵਿਚ ਲੋਕਾਂ ਨੂੰ ਨਹੀਂ ਲੈ ਕੇ ਜਾਏਗੀ ਅਤੇ ਨਾ ਹੀ ਸਿਆਸੀ ਧਿਰਾਂ ਦੀਆਂ ਰੈਲੀਆਂ ਵਾਸਤੇ ਬੱਸਾਂ ਵਿਚ ਚੜ੍ਹਨ ਲਈ ਕਿਸੇ ਵੀ ਪਿੰਡ ਵਾਸੀ ਨੂੰ ਆਖੇਗੀ। ਸਮੁੱਚੀ ਪੰਚਾਇਤ ਦੀ ਹਾਜ਼ਰੀ ਵਿਚ ਮਹਿਲਾ ਸਰਪੰਚ ਨੇ ਆਖਿਆ ਕਿ ਉਹ ਪੰਚਾਇਤ ਨੂੰ ਹਰ ਤਰ੍ਹਾਂ ਦੀ ਵਗਾਰ ਤੋਂ ਮੁਕਤ ਕਰਨਗੇ। ਜੋ ਵਗਾਰਾਂ ਦਾ ਦਾਗ਼ ਸਰਪੰਚਾਂ ਦੇ ਮੱਥੇ ’ਤੇ ਲੱਗਦਾ ਹੈ, ਉਸ ਨੂੰ ਧੋਣ ਲਈ ਮੁਹਿੰਮ ਵੀ ਵਿੱਢੀ ਜਾਵੇਗੀ। ਪਿੰਡ ਸੁੱਖਾ ਸਿੰਘ ਵਾਲਾ ਨੂੰ ਪਿੰਡ ਦੇ ਨੌਜਵਾਨਾਂ ਨੇ ਪਛਾਣ ਦਿੱਤੀ ਹੈ ਜਿਨ੍ਹਾਂ ਨੇ ਸਮੁੱਚੇ ਪਿੰਡ ਨੂੰ ਸਫ਼ੈਦ ਰੰਗ ਕਰ ਕੇ ਅਤੇ ਸਾਫ਼ ਸੁਥਰਾ ਬਣਾ ਕੇ ਸਵੱਛ ਪਿੰਡ ਹੋਣ ਦਾ ਖ਼ਿਤਾਬ ਜਿੱਤਿਆ ਹੈ। ਸੁੱਖਾ ਸਿੰਘ ਵਾਲਾ ਇਕਲੌਤਾ ਪਿੰਡ ਹੋਵੇਗਾ ਜਿਸ ਦੇ ਟੋਭੇ ਵਿਚ ਕਿਸ਼ਤੀਆਂ ਚੱਲਦੀਆਂ ਹਨ। ਪਿੰਡ ਵਿਚ ਕਰੀਬ 200 ਘਰ ਹਨ ਅਤੇ 636 ਵੋਟਾਂ ਹਨ। ਹਾਲੀਆ ਚੋਣ ਵਿਚ ਜਸਪਾਲ ਕੌਰ ਨੇ ਆਪਣੀ ਵਿਰੋਧੀ ਕਾਂਗਰਸ ਉਮੀਦਵਾਰ ਨੂੰ ਹਰਾਇਆ ਹੈ। ਜਸਪਾਲ ਕੌਰ ਦਾ ਪਤੀ ਹਰਦੀਪ ਸਿੰਘ ਪਿੰਡ ਦੇ ਵਿਕਾਸ ਵਿਚ ਯੋਗਦਾਨ ਪਾਉਣ ਵਿਚ ਮੋਹਰੀ ਰਿਹਾ ਹੈ ਅਤੇ ਉਸ ਨੇ ਇੱਥੋਂ ਤੱਕ ਕਿ ਪਿੰਡ ਦੀਆਂ ਨਾਲੀਆਂ ਦੀ ਸਫ਼ਾਈ ਵੀ ਖੁਦ ਕੀਤੀ ਹੈ। ਪੰਚਾਇਤ ਮੈਂਬਰਾਂ ਵਿਚ ਜਸਵੀਰ ਸਿੰਘ, ਕਰਮਜੀਤ ਸਿੰਘ, ਜੀਤਾ ਰਾਮ, ਗੁਰਮੇਲ ਕੌਰ ਅਤੇ ਵੀਰਦਾਸ ਸ਼ਾਮਿਲ ਹਨ ਜਿਨ੍ਹਾਂ ਨੇ ਮਹਿਲਾ ਸਰਪੰਚ ਨੂੰ ਪੂਰਨ ਹਮਾਇਤ ਦਿੱਤੀ ਹੈ। ਮਹਿਲਾ ਸਰਪੰਚ ਨੇ ਦ੍ਰਿੜਤਾ ਨਾਲ ਆਖਿਆ ਕਿ ਉਹ ਪਿੰਡ ਨੂੰ ਸਿਆਸੀ ਧੜੇਬੰਦੀ ਤੋਂ ਮੁਕਤ ਕਰਨਾ ਚਾਹੁੰਦੀ ਹੈ ਅਤੇ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਉਸ ਦੀ ਤਰਜੀਹ ਹੋਵੇਗੀ। ਪੰਚਾਇਤ ਨੇ ਫ਼ੈਸਲਾ ਕੀਤਾ ਹੈ ਕਿ ਕਿਸੇ ਵੀ ਸਿਆਸੀ ਧਿਰ ਦਾ ਕੋਈ ਵੀ ਆਗੂ ਜਦੋਂ ਪਿੰਡ ਵਿਚ ਆਵੇਗਾ ਤਾਂ ਉਸ ਦਾ ਸਤਿਕਾਰ ਤੇ ਸਨਮਾਨ ਪੰਚਾਇਤ ਤਰਫ਼ੋਂ ਕੀਤਾ ਜਾਵੇਗਾ। ਪੰਚਾਇਤ ਪਿੰਡ ਦੇ ਵਿਕਾਸ ਲਈ ਹਰ ਸਿਆਸੀ ਨੇਤਾ ਕੋਲ ਜਾਏਗੀ। ਦੱਸਣਯੋਗ ਹੈ ਕਿ ਇਸ ਪਿੰਡ ਵਿਚ ਸ਼ਰਾਬ ਦਾ ਠੇਕਾ ਨਹੀਂ ਹੈ ਅਤੇ ਪਿੰਡ ਨੂੰ ਨਸ਼ਾ ਮੁਕਤ ਕਰਨ ਦਾ ਫ਼ੈਸਲਾ ਵੀ ਪੰਚਾਇਤ ਨੇ ਕੀਤਾ ਹੈ। ਪੰਚਾਇਤ ਨੇ ਦੱਸਿਆ ਕਿ ਉਹ ਪਿੰਡ ਦਾ ਕੋਈ ਝਗੜਾ ਥਾਣੇ ਜਾਂ ਕਚਹਿਰੀ ਨਹੀਂ ਜਾਣ ਦੇਣਗੇ। ਜਦੋਂ ਪੰਚਾਇਤ ਦੇ ਵਿੱਤੋਂ ਬਾਹਰੀ ਗੱਲ ਹੋ ਗਈ ਤਾਂ ਕੋਈ ਵੀ ਅਗਲਾ ਕਦਮ ਚੁੱਕ ਸਕਦਾ ਹੈ। ਪੰਚਾਇਤ ਨੂੰ ਪੁੱਛੇ ਬਿਨਾਂ ਕੋਈ ਵੀ ਵਿਅਕਤੀ ਸਿੱਧਾ ਥਾਣੇ ਰਪਟ ਲਿਖਾਏਗਾ ਤਾਂ ਪੰਚਾਇਤ ਉਸ ਦਾ ਬਿਲਕੁਲ ਸਾਥ ਨਹੀਂ ਦੇਵੇਗੀ। ਮਹਿਲਾ ਸਰਪੰਚ ਨੇ ਆਖਿਆ ਕਿ ਉਹ ਪਿੰਡ ਦੀਆਂ ਔਰਤਾਂ ਨੂੰ ਹਰ ਕੰਮ ਵਿਚ ਅੱਗੇ ਲਾਏਗੀ ਤਾਂ ਜੋ ਉਹ ਫ਼ੈਸਲੇ ਕਰਨ ਵਿਚ ਸਮਰੱਥ ਹੋ ਸਕਣ। ਪੰਚਾਇਤ ਨੇ ਪਿੰਡ ਦੇ ਸਰਕਾਰੀ ਸਕੂਲ ਵਿਚ ਸਹੁੰ ਚੁੱਕਣ ਤੋਂ ਪਹਿਲਾਂ ਹੀ ਵਿਕਾਸ ਕੰਮ ਸ਼ੁਰੂ ਕਰਾ ਦਿੱਤਾ ਹੈ। ਪਿੰਡ ਦੀਆਂ ਬਾਹਰੀ ਬਸਤੀਆਂ ਨੂੰ ਹੁਣ ਦਿੱਖ ਦੇਣ ਨੂੰ ਪੰਚਾਇਤ ਨੇ ਏਜੰਡੇ ’ਤੇ ਰੱਖਿਆ ਹੈ। ਵੱਡੀ ਸਮੱਸਿਆ ਗੰਦੇ ਪਾਣੀ ਨਿਕਾਸ ਦੀ ਹੈ ਜਿਸ ਦੇ ਹੱਲ ਲਈ ਕੰਮ ਬਾਜ਼ੀਗਰ ਬਸਤੀ ਤੋਂ ਸ਼ੁਰੂ ਕੀਤਾ ਜਾਣਾ ਹੈ। ਦੱਸਣਯੋਗ ਹੈ ਕਿ ਜ਼ਿਲਾ ਅਧਿਕਾਰੀ ਪਿੰਡ ਦੇ ਨੌਜਵਾਨਾਂ ਦੇ ਉੱਦਮ ਨੂੰ ਦੇਖਣ ਲਈ ਪਿੰਡ ਸੁੱਖਾ ਸਿੰਘ ਵਾਲਾ ਦਾ ਕਈ ਵਾਰ ਗੇੜਾ ਮਾਰ ਚੁੱਕੇ ਹਨ।
INDIA ਸੁੱਖਾ ਸਿੰਘ ਵਾਲਾ ਦੀ ਸਰਪੰਚ ਨੇ ਤੋੜਿਆ ਸਿਆਸੀ ਵਗਾਰਾਂ ਦਾ ਦੁੱਖ