ਭਾਰਤੀ ਹਾਕੀ ਲਈ ਸਾਲ-2018 ਉਤਰਾਅ-ਚੜ੍ਹਾਅ ਵਾਲਾ ਰਿਹਾ। ਭਾਰਤੀ ਹਾਕੀ ਟੀਮ ਆਪਣੇ ਘਰ
ਵਿਚ ਹੋਏ ਵਿਸ਼ਵ ਕੱਪ ਦੇ ਫਾਈਨਲ ’ਚ ਪਹੁੰਚਣ ਤੋਂ ਖੁੰਝ ਗਈ। ਜਕਾਰਤਾ ਵਿਚ ਹੋਈਆਂ ਏਸ਼ਿਆਈ
ਖੇਡਾਂ ਦੌਰਾਨ ਵੀ ਹਾਕੀ ਟੀਮ ਨੂੰ ਸੋਨੇ ਦਾ ਰੰਗ ਨਹੀਂ ਚੜ੍ਹ ਸਕਿਆ। ਉਸ ਨੂੰ ਕਾਂਸੀ ਦੇ
ਤਗ਼ਮੇ ਨਾਲ ਹੀ ਸਬਰ ਕਰਨਾ ਪਿਆ। ਆਸਟਰੇਲੀਆ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਵੀ
ਹਾਕੀ ਟੀਮ ਚੌਥੇ ਸਥਾਨ ’ਤੇ ਰਹੀ। ਇਸ ਦੇ ਬਾਵਜੂਦ ਦੁਨੀਆਂ ਦੀਆਂ ਪਹਿਲੀਆਂ ਦਸ ਟੀਮਾਂ
ਵਿੱਚ ਭਾਰਤੀ ਹਾਕੀ ਟੀਮ ਨੇ ਆਪਣਾ ਪੰਜਵਾਂ ਸਥਾਨ ਕਾਇਮ ਰੱਖਿਆ ਹੋਇਆ ਹੈ। ਏਸ਼ਿਆਈ ਦੇਸ਼ਾਂ
’ਚੋਂ ਭਾਰਤ ਦੀ ਟੀਮ ਹੀ ਪਹਿਲੀਆਂ ਦਸ ਟੀਮਾਂ ਵਿਚ ਸ਼ਾਮਲ ਹੈ। ਭਾਰਤੀ ਹਾਕੀ ਟੀਮ ਵਿਚ
ਪੰਜਾਬ ਦੇ ਨੌਂ ਖਿਡਾਰੀ ਸ਼ਾਮਲ ਹਨ। ਦਿਲਚਸਪ ਗੱਲ ਹੈ ਕਿ ਇਨ੍ਹਾਂ ਨੌਂ ਖਿਡਾਰੀਆਂ ਵਿਚ
ਚਾਰ ਖਿਡਾਰੀ ਜਲੰਧਰ ਦੇ ਹਨ। ਤਿੰਨ ਖਿਡਾਰੀ ਇਕੋ ਪਿੰਡ ਮਿੱਠਾਪੁਰ ਦੇ ਹਨ, ਜਿਨ੍ਹਾਂ ਵਿਚ
ਟੀਮ ਦਾ ਕਪਤਾਨ ਮਨਪ੍ਰੀਤ ਸਿੰਘ ਵੀ ਸ਼ਾਮਲ ਹੈ।
ਹਾਕੀ ਪ੍ਰੇਮੀਆਂ ਦਾ ਮੰਨਣਾ ਹੈ ਕਿ ਏਸ਼ਿਆਈ ਖੇਡਾਂ ਦੌਰਾਨ ਦੇਸ਼ ਦੇ ਲੋਕ ਸੋਨੇ ਦੀ ਆਸ ਲਾਈ
ਬੈਠੇ ਸਨ ਕਿਉਂਕਿ ਏਸ਼ਿਆਈ ਦੇਸ਼ਾਂ ਵਿਚ ਭਾਰਤ ਦੀ ਟੀਮ ਕਾਫੀ ਮਜ਼ਬੂਤ ਮੰਨੀ ਜਾਂਦੀ ਹੈ।
ਟੀਮ ਦੇ ਪ੍ਰਬੰਧਕ ਵੀ ਇਸ ਪ੍ਰਤੀ ਆਸਵੰਦ ਸਨ।
ਖੇਡ ਪ੍ਰੇਮੀਆਂ ਦਾ ਮੰਨਣਾ ਹੈ ਕਿ ਵਿਸ਼ਵ ਕੱਪ ਵਿਚ ਟੀਮ ਬਹੁਤ ਸੋਹਣਾ ਖੇਡ ਰਹੀ ਸੀ। ਵਿਸ਼ਵ
ਚੈਂਪੀਅਨ ਬਣੀ ਬੈਲਜੀਅਮ ਦੀ ਟੀਮ ਨਾਲ ਭਾਰਤੀ ਟੀਮ ਨੇ ਜਿਹੜਾ ਪਹਿਲਾ ਮੈਚ ਖੇਡਿਆ ਸੀ,
ਉਹ ਬਰਾਬਰੀ ਵਾਲਾ ਮੈਚ ਸੀ। ਖਿਡਾਰੀਆਂ ਲਈ ਬੁਨਿਆਦੀ ਸਹੂਲਤਾਂ ਦੀ ਘਾਟ ਨਾਲ ਹਮੇਸ਼ਾਂ ਹੀ
ਜਿੱਤਣ ਵਿਚ ਰੁਕਾਵਟਾਂ ਖੜ੍ਹੀਆਂ ਹੁੰਦੀਆਂ ਆ ਰਹੀਆਂ ਹਨ।
ਖੇਡਾਂ ਦੇ ਕੋਚ ਦਿਲਬਾਗ ਸਿੰਘ ਦਾ ਕਹਿਣਾ ਸੀ ਕਿ ਸਭ ਤੋਂ ਵੱਡੀ ਰੁਕਾਵਟ ਖਿਡਾਰੀਆਂ ਲਈ
ਲੋੜੀਂਦੇ ਐਸਟੋਟਰਫ ਦਾ ਨਾ ਹੋਣਾ ਹੈ। ਪੰਜਾਬ ਦੇ ਪਿੰਡਾਂ ਵਿੱਚੋਂ ਹਾਕੀ ਦੇ ਚੰਗੇ
ਖਿਡਾਰੀ ਪੈਦਾ ਹੋਣ ਦੀਆਂ ਸੰਭਾਵਨਾਵਾਂ ਅਜੇ ਵੀ ਮੌਜੂਦ ਹਨ, ਪਰ ਸਰਕਾਰ ਸਹੂਲਤਾਂ ਦੇਣ
ਤੋਂ ਲਗਾਤਾਰ ਹੱਥ ਘੁੱਟਦੀ ਆ ਰਹੀ ਹੈ।
ਪੰਜਾਬ ਹਾਕੀ ਦੇ ਜਨਰਲ ਸਕੱਤਰ ਤੇ ਸਾਬਕਾ ਓਲੰਪੀਅਨ ਪਰਗਟ ਸਿੰਘ ਦਾ ਕਹਿਣਾ ਹੈ ਕਿ ਹਾਕੀ
ਵਿਚ ਸੰਭਾਵਨਾ ਮੌਜੂਦ ਹਨ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਿੰਡਾਂ ਵਿੱਚ ਖੇਡ
ਸਹੂਲਤਾਂ ਅਤੇ ਖਿਡਾਰੀਆਂ ਨੂੰ ਹਾਣ ਦੀ ਟ੍ਰੇਨਿੰਗ ਦਿੱਤੇ ਬਿਨਾਂ ਆਲਮੀ ਪੱਧਰ ਦੇ
ਮੁਕਾਬਲਿਆਂ ਨੂੰ ਜਿੱਤਿਆ ਨਹੀਂ ਜਾ ਸਕਦਾ। ਦੋ ਵਾਰ ਓਲੰਪੀਅਨ ਵਿਚ ਭਾਰਤੀ ਹਾਕੀ ਟੀਮ ਦੇ
ਕਪਤਾਨ ਰਹੇ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਮੁੜ ਤੋਂ ਖੇਡ ਕਲਚਰ ਪੈਦਾ ਕਰਨ ਦੀ
ਲੋੜ ਹੈ।
Sports ਭਾਰਤੀ ਹਾਕੀ ਟੀਮ ’ਚ ਰਿਹਾ ਉਤਰਾਅ-ਚੜ੍ਹਾਅ