ਸੜਕ ਹਾਦਸੇ ’ਚ ਦੋ ਸਹਾਇਕ ਥਾਣੇਦਾਰਾਂ ਦੀ ਮੌਤ; 2 ਜ਼ਖ਼ਮੀ

ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਬ੍ਰਾਂਚ ਦੇ ਗੇਟ ਸਾਹਮਣੇ ਅੱਜ ਇੱਕ ਤੇਜ਼ ਰਫ਼ਤਾਰ ਕਾਰ ਦੇ ਟਰੱਕ ਪਿੱਛੇ ਟਕਰਾ ਜਾਣ ਕਾਰਨ 2 ਸਹਾਇਕ ਥਾਣੇਦਾਰਾਂ ਦੀ ਮੌਤ ਹੋ ਗਈ ਜਦੋਂਕਿ ਕਾਰ ਵਿੱਚ ਹੀ ਸਵਾਰ ਦੋ ਹੋਰ ਸਹਾਇਕ ਥਾਣੇਦਾਰ ਜ਼ਖ਼ਮੀ ਹੋ ਗਏ। ਪੁਲੀਸ ਨੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਇਕ ਟਰੱਕ (ਨੰ.ਆਰ.ਜੇ.31ਜੀਏ-3363) ਹਨੂੰਮਾਨਗੜ੍ਹ ਤੋਂ ਲੁਧਿਆਣਾ ਵੱਲ ਜਾ ਰਿਹਾ ਸੀ। ਇਸੇ ਟਰੱਕ ਦੇ ਪਿੱਛੇ ਕਾਰ (ਨੰ. ਪੀ.ਬੀ.19ਐਫ਼- 0678) ਵਿੱਚ ਸਵਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਚਾਰ ਸਹਾਇਕ ਥਾਣੇਦਾਰ (ਏ.ਐਸ.ਆਈ.) ਗੁਰਮੀਤ ਸਿੰਘ, ਮਲਕੀਤ ਸਿੰਘ, ਰਛਪਾਲ ਸਿੰਘ ਅਤੇ ਸਾਧੂ ਸਿੰਘ, ਪਟਿਆਲਾ ਆਪਣੀ ਡਿਊਟੀ ’ਤੇ ਜਾ ਰਹੇ ਸਨ। ਇਸ ਦੌਰਾਨ ਟਰੱਕ ਚਾਲਕ ਨੇ ਅਚਾਨਕ ਬ੍ਰੇਕ ਲਾ ਦਿੱਤੀ ਜਿਸ ਕਾਰਨ ਪਿੱਛੇ ਆ ਰਹੀ ਕਾਰ, ਟਰੱਕ ਨਾਲ ਟਕਰਾਉਣ ਮਗਰੋਂ ਉਹਦੇ ਪਿਛਲੇ ਹਿੱਸੇ ਵਿੱਚ ਧਸ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਹਾਈਵੇ ਪੁਲੀਸ ਪਿਕਅੱਪ ਮੁਲਾਜ਼ਮ ਹੰਡਿਆਇਆ ਕਾਂਸਟੇਬਲ ਬਲਦੇਵ ਸਿੰਘ ਅਤੇ ਅਮਰਿੰਦਰ ਸਿੰਘ ਘਟਨਾ ਸਥਾਨ ’ਤੇ ਪਹੁੰਚ ਗਏ। ਉਨ੍ਹਾਂ ਜੇਸੀਬੀ ਸੱਦ ਕੇ ਕਾਰ ਨੂੰ ਟਰੱਕ ਹੇਠੋਂ ਕਢਵਾਇਆ ਤੇ ਮਗਰੋਂ ਕਾਰ ਸਵਾਰ ਪੁਲੀਸ ਮੁਲਾਜ਼ਮਾਂ ਨੂੰ ਕਾਫ਼ੀ ਜੱਦੋ ਜਹਿਦ ਨਾਲ ਬਾਹਰ ਕੱਢਿਆ। ਇਨ੍ਹਾਂ ਵਿਚੋਂ ਗੁਰਮੀਤ ਸਿੰਘ ਅਤੇ ਮਲਕੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਚੁੱਕੀ ਸੀ ਜਦੋਂਕਿ ਜ਼ਖ਼ਮੀ ਰਛਪਾਲ ਸਿੰਘ ਅਤੇ ਸਾਧੂ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਬਰਨਾਲਾ ਲਿਆਂਦਾ ਗਿਆ। ਇਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਬਾਹਰਲੇ ਹਸਪਤਾਲ ਲਈ ਰਵਾਨਾ ਕਰ ਦਿੱਤਾ ਗਿਆ।

Previous articleਕਿਸਾਨਾਂ ਦਾ 1771 ਕਰੋੜ ਦਾ ਕਰਜ਼ਾ ਮੁਆਫ਼
Next articleਪੰਚਾਇਤੀ ਚੋਣਾਂ ਦਾ ਐਲਾਨ ਹੁੰਦਿਆਂ ਹੀ ਕਾਂਗਰਸੀਆਂ ਦੇ ਘਰ ਰੌਣਕਾਂ ਸ਼ੁਰੂ