ਮਜਦੂਰ

(ਸਮਾਜ ਵੀਕਲੀ)

ਕਦੇ ਜੂਨ ਹੰਢਾ ਕੇ ਦੇਖ ਸਾਡੀ,
ਕਿਵੇਂ ਤੇਰਾ, ਟੁੱਟ ਗਰੂਰ ਹੁੰਦਾ!

ਤੈਨੂੰ ਪਤਾ ਗਰੀਬੀ ਦਾ ਲੱਗਦਾ,
ਜੇ ਮੈਂ ਰੱਬ ਤੇ,ਤੂੰ ਮਜਦੂਰ ਹੁੰਦਾ!

ਚੁੱਕੀ ਫਿਰਦਾ ਸੁੱਕੀਆਂ ਰੋਟੀਆਂ ਨੂੰ,
ਤੈਨੂੰ ਮੰਗਿਆਂ ਨਾ ਕੋਈ ਅਚਾਰ ਦਿੰਦਾ!
ਦਰ ਦਰ ਦੀਆਂ ਠੋਕਰਾਂ ਖਾਂਦਾ ਤੂੰ,
ਤੈਨੂੰ ਹਰ – ਦਰ ਤੋਂ ਦੁਰਕਾਰ ਦਿੰਦਾ!
ਸੁੱਕ ਜੀਭ ਤਾਲੂਵੇ ਲੱਗ ਜਾਂਦੀ,
ਪਾਣੀ ਕੋਹਾਂ ਤੈਥੋਂ ਦੂਰ ਹੁੰਦਾ..
ਤੈਨੂੰ ਪਤਾ ਗਰੀਬੀ ਦਾ ਲੱਗ ਜਾਂਦਾ,
ਜੇ ਮੈਂ ਰੱਬ ਤੇ, ਤੂੰ ਮਜਦੂਰ ਹੁੰਦਾ !

ਮੇਰੀ ਧੀ ਵਾਂਗਰ ਇਕ ਧੀ ਤੇਰੀ,
ਜੀਹਦੇ ਸਿਰ ਤੇ ਚੁੱਕਿਆ ਭਾਰ ਹੋਵੇ!
ਹੋਵੇ ਚੈਨ ਨਾ ਸਿਖ਼ਰ ਦੁਪਹਿਰਾਂ ਨੂੰ,
ਓਹਦੀ ਕਿਸੇ ਨੂੰ ਨਾ ਕੋਈ ਸਾਰ ਹੋਵੇ!
ਟੇਡੀ ਅੱਖ ਨਾ ਹਰ ਕੋਈ ਤੱਕ
ਜਾਂਦਾ,
ਤੱਕ ਕਾਲਜਾ ਚਕਨਾ ਚੂਰ ਹੁੰਦਾ!
ਤੈਨੂੰ ਪਤਾ ਗਰੀਬੀ ਦਾ ਲੱਗ ਜਾਂਦਾ,
ਜੇ ਮੈਂ ਰੱਬ ਤੇ, ਤੂੰ ਮਜਦੂਰ ਹੁੰਦਾ!

ਇੱਕਲਾ ਕਹਿਰਾ ਇਕ ਪੁੱਤ ਤੇਰਾ,
ਭੈੜੇ ਸਮੇ ਦੇ ਵਿੱਚ ਬਿਮਾਰ ਹੁੰਦਾ,
ਹੁੰਦੀ ਸਿਰ ਤੇ ਨਾ ਕੋਈ ਛੱਤ ਤੇਰੇ,
ਜਨਾਜ਼ਾ ਦੁਨੀਆਂ ਦੇ ਵਿਚਕਾਰ ਹੁੰਦਾ,
ਹੱਥ ਜੋੜ ਕੇ ਮੰਗਦਾ ਮੌਤ ਮੈਥੋਂ,
ਮੈਂ ਵੀ ਤੇਰੇ ਵਾਂਗ ਮਗਰੂਰ ਹੁੰਦਾ
ਤੈਨੂੰ ਪਤਾ ਗਰੀਬੀ ਦਾ ਲੱਗ ਜਾਂਦਾ,
ਜੇ ਮੈਂ ਰੱਬ ਤੇ, ਤੂੰ ਮਜਦੂਰ ਹੁੰਦਾ…

ਗੁਰਸਾਹਬ ਸਿੰਘ ਤੇਜੀ
34P. S. ਸ੍ਰੀ ਗੰਗਾ ਨਗਰ, ਰਾਜਸਥਾਨ
+918875716034

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਗਾਮੀ ਖੇਡ ਸੀਜ਼ਨ ਨੂੰ ਲੈ ਕੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀ ਅਹਿਮ ਮੀਟਿੰਗ ਹੋਈ ।
Next articleਮਜ਼ਦੂਰ ਔਰਤ