ਭਾਰਤ ਪਾਕਿਸਤਾਨ ਸਰਹੱਦ ਵੀ ਅਸਮਾਨੀਂ ਚੜ੍ਹੇ ਪਰਾਲੀ ਦੇ ਧੂੰਏਂ ਨੂੰ ਰੋਕ ਨਹੀਂ ਸਕੀ। ਕੌਮਾਂਤਰੀ ਸਰਹੱਦ ’ਤੇ ਪੈਂਦੇ ਪਿੰਡਾਂ ਨੂੰ ਦਿਨ ਵੇਲੇ ਹੀ ਗ਼ੁਬਾਰ ਦੀ ਚਾਦਰ ਢਕ ਲੈਂਦੀ ਹੈ। ਬੇਸ਼ੱਕ ਪੂਰਾ ਪੰਜਾਬ ਗ਼ੁਬਾਰ ਦੀ ਲਪੇਟ ਵਿਚ ਹੈ। ਸਰਹੱਦੀ ਪਿੰਡਾਂ ‘ਤੇ ਧੂੰਏਂ ਦਾ ਹੱਲਾ ਦੋਹਰਾ ਹੈ। ਪਾਕਿਸਤਾਨੀ ਖੇਤਾਂ ‘ਚ ਵੀ ਦੋ ਹਫ਼ਤਿਆਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਜਾ ਰਹੀ ਹੈ ਜਿਸ ਦਾ ਦੋ ਦਿਨਾਂ ਤੋਂ ਧੂੰਆਂ ਭਾਰਤੀ ਸੀਮਾ ਅੰਦਰ ਪ੍ਰਵੇਸ਼ ਕਰ ਰਿਹਾ ਹੈ। ਇੱਧਰ ਸਰਹੱਦੀ ਖੇਤਾਂ ‘ਚ ਵੀ ਬਾਸਮਤੀ ਦੀ ਫ਼ਸਲ ਦੀ ਕਟਾਈ ਹੁਣੇ ਹੋਈ ਹੈ। ਸਰਹੱਦੀ ਪਿੰਡਾਂ ਵਿਚ ਵੀ ਪਰਾਲੀ ਸਾੜੀ ਜਾ ਰਹੀ ਹੈ। ਪਾਕਿ ਤਰਫ਼ੋਂ ਧੂੰਆਂ ਆਉਣ ਕਰਕੇ ਇਨ੍ਹਾਂ ਪਿੰਡਾਂ ‘ਚ ਸ਼ਾਮ ਨੂੰ ਸਾਢੇ ਚਾਰ ਵਜੇ ਹੀ ਲਾਈਟਾਂ ਜਗ ਪੈਂਦੀਆਂ ਹਨ। ਫ਼ਾਜ਼ਿਲਕਾ ਦੇ ਪਿੰਡ ਤੇਜਾ ਰੁਹੇਲਾ ਦੇ ਕਿਸਾਨ ਬਲਵੀਰ ਸਿੰਘ ਦਾ ਖੇਤ ਕੰਡਿਆਲੀ ਤਾਰ ਲਾਗੇ ਹੈ। ਉਸ ਦਾ ਕਹਿਣਾ ਸੀ ਕਿ ਪਾਕਿਸਤਾਨ ਦੇ ਖੇਤਾਂ ਚੋਂ ਧੂੰਏਂ ਦਾ ਗ਼ੁਬਾਰ ਉੱਠ ਰਿਹਾ ਹੈ ਜੋ ਸਰਹੱਦੀ ਪਿੰਡਾਂ ਤੱਕ ਪੁੱਜ ਰਿਹਾ ਹੈ। ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਕੌਮਾਂਤਰੀ ਤਸਕਰ ਇਸ ਧੂੰਏਂ ਦਾ ਲਾਹਾ ਲੈ ਸਕਦੇ ਹਨ। ਸਰਹੱਦੀ ਪਿੰਡਾਂ ਦੇ ਲੋਕਾਂ ਦੀ ਸਿਹਤ ਨੂੰ ਹੁਣ ਦੁੱਗਣਾ ਖ਼ਤਰਾ ਬਣ ਗਿਆ ਹੈ। ਗੁਲਾਬਾ ਭੈਣੀ ਦੇ ਕੰਡਿਆਲੀ ਪਾਰ ਦੇ ਖੇਤਾਂ ਵਿਚ ਵੀ ਕੰਬਾਈਨਾਂ ਚੱਲ ਪਈਆਂ ਹਨ। ਇਸ ਪਿੰਡ ਦੇ ਲੋਕਾਂ ਨੂੰ ਸਾਹ ਲੈਣਾ ਔਖਾ ਹੋ ਗਿਆ ਹੈ। ਪਿੰਡ ਦੋਨਾ ਨਾਨਕਾ ਦੇ ਆਰ.ਐਮ.ਪੀ. ਜੋਗਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਦਿਨਾਂ ਤੋਂ ਪਾਕਿਸਤਾਨ ਵਾਲੇ ਪਾਸਿਓ ਕਾਫ਼ੀ ਧੂੰਆਂ ਆ ਰਿਹਾ ਹੈ। ਦਿਨ ਵੇਲੇ ਵੀ ਵਾਹਨਾਂ ਦੀਆਂ ਲਾਈਟਾਂ ਚਲਾਉਣੀਆਂ ਪੈਂਦੀਆਂ ਹਨ। ਪਾਕਿਸਤਾਨ ਦੇ ਸੀਮਾ ਨੇੜਲੇ ਪਿੰਡਾਂ ਵਿਚ ਵੀ ਬਾਸਮਤੀ ਦੀ ਬਿਜਾਂਦ ਹੁੰਦੀ ਹੈ। ਇੱਧਰ ਵੀ ਸਰਹੱਦੀ ਪਿੰਡਾਂ ਦੇ ਲੋਕ ਬਾਸਮਤੀ ਦੀ ਕਾਸ਼ਤ ਕਰਦੇ ਹਨ ਜੋ ਆਮ ਫ਼ਸਲ ਨਾਲੋਂ ਲੇਟ ਹੁੰਦੀ ਹੈ। ਖੇਤੀ ਅਫ਼ਸਰ ਫ਼ਿਰੋਜ਼ਪੁਰ ਗੁਰਮੀਤ ਸਿੰਘ ਚੀਮਾ ਦਾ ਕਹਿਣਾ ਸੀ ਕਿ ਹੁਣ ਪਾਕਿਸਤਾਨ ਵਾਲੇ ਪਾਸਿਓਂ ਹਵਾ ਦਾ ਮੁਹਾਣ ਇੱਧਰ ਦਾ ਹੋ ਗਿਆ ਹੈ ਜਿਸ ਕਰ ਕੇ ਪਰਾਲੀ ਦਾ ਧੂੰਆਂ ਸਿਹਤ ਸਮੱਸਿਆਵਾਂ ਪੈਦਾ ਕਰਨ ਲੱਗਾ ਹੈ। ਸੂਤਰ ਦੱਸਦੇ ਹਨ ਕਿ ਬੀ.ਐੱਸ.ਐਫ. ਦੇ ਜਵਾਨਾਂ ਦਾ ਵੀ ਧੂੰਏਂ ਨੇ ਦਮ ਘੁੱਟ ਦਿੱਤਾ ਹੈ। ਸ਼ਾਮ ਢਲਣ ਤੋਂ ਪਹਿਲਾਂ ਹੀ ਸਰਹੱਦ ’ਤੇ ਫਲੱਡ ਲਾਈਟਾਂ ਜਗਾਉਣੀਆਂ ਪੈ ਰਹੀਆਂ ਹਨ। ਕਿਸਾਨ ਦੱਸਦੇ ਹਨ ਕਿ ਕੰਡਿਆਲੀ ਤਾਰ ਤੋਂ ਪਾਰਲੇ ਖੇਤਾਂ ਵਿਚ ਪਰਾਲੀ ਨੂੰ ਅੱਗ ਲਾਉਣ ਤੋਂ ਬੀ.ਐਸ.ਐਫ. ਜਵਾਨ ਹੀ ਰੋਕ ਰਹੇ ਹਨ। ਪਿੰਡ ਝੰਗੜ ਭੈਣੀ ਦੇ ਬਲਾਕ ਸਮਿਤੀ ਮੈਂਬਰ ਸੁਬੇਗ ਸਿੰਘ ਦਾ ਕਹਿਣਾ ਸੀ ਕਿ ਐਤਕੀਂ ਪਾਕਿਸਤਾਨੀ ਧੂੰਏਂ ਦਾ ਹੱਲਾ ਵੀ ਝੱਲਣਾ ਪੈ ਰਿਹਾ ਹੈ। ਪਹਿਲਾਂ ਹੜ੍ਹ ਅਤੇ ਜੰਗ ਦਾ ਡਰ ਸੀ ਅਤੇ ਇਸ ਵਾਰ ਪਾਕਿਸਤਾਨੀ ਖੇਤਾਂ ਦਾ ਧੂੰਆਂ ਵੀ ਇੱਧਰਲੇ ਪਿੰਡਾਂ ਤੱਕ ਪੁੱਜ ਗਿਆ ਹੈ। ਪੰਜਾਬ ਸਰਕਾਰ ਤਰਫ਼ੋਂ ਪਰਾਲੀ ਜਲਾਉਣ ਵਾਲੇ ਖੇਤਾਂ ਦੀ ਰਿਪੋਰਟ ਵੀ ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ਦੇ ਜ਼ਿਲਾ ਖੇਤੀ ਅਫ਼ਸਰਾਂ ਨੂੰ ਭੇਜੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਕੌਮਾਂਤਰੀ ਸੀਮਾ ‘ਤੇ ਧੂੰਏਂ ਕਾਰਨ ਮੁਸਤੈਦੀ ਵਧੀ ਹੋਈ ਹੈ। ਦੱਸਦੇ ਹਨ ਕਿ ਪਿਛਲੇ ਵਰ੍ਹੇ ਪੰਜਾਬ ਦੇ ਸਰਹੱਦੀ ਪਿੰਡਾਂ ਵਿਚ ਜਲਾਈ ਪਰਾਲੀ ਦਾ ਧੂੰਆਂ ਪਾਕਿਸਤਾਨ ਦੇ ਪਿੰਡਾਂ ਤੇ ਸ਼ਹਿਰਾਂ ਤੱਕ ਪੁੱਜ ਗਿਆ ਸੀ।