ਫਰਾਂਸ ’ਚ ਭਾਰਤ ਵੱਲੋਂ ਬਣਾਈ ਜੰਗੀ ਯਾਦਗਾਰ ਦਾ ਵੈਂਕੱਈਆ ਨੇ ਕੀਤਾ ਉਦਘਾਟਨ

ਸ੍ਰੀ ਨਾਇਡੂ ਤਿੰਨ ਦਿਨਾਂ ਫਰਾਂਸ ਦੌਰੇ ’ਤੇ ਹਨ। ਉਨ੍ਹਾਂ ਵਿਲਰਸ ਗੁਇਸਲੇਨ ਵਿੱਚ ਬਣਾਈ ਭਾਰਤੀ ਜੰਗੀ ਯਾਦਗਾਰ ਦੇ ਉਦਘਾਟਨ ਮੌਕੇ ਫਰਾਂਸ ਫੌਜ ਦੇ ਬਜ਼ੁਰਗ ਸਿਪਾਹੀਆਂ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਗੱਲਬਾਤ ਕੀਤੀ। ਸ੍ਰੀ ਨਾਇਡੂ ਨੇ ਟਵੀਟ ਕੀਤਾ ਕਿ ਉਨ੍ਹਾਂ ਨੂੰ ਭਾਰਤੀ ਫੌਜ ਦੀ ਯਾਦਗਾਰ ਦਾ ਉਦਘਾਟਨ ਕਰ ਕੇ ਬਹੁਤ ਖੁਸ਼ੀ ਹੋਈ ਹੈ। ਇਹ ਕਈ ਹਜ਼ਾਰ ਭਾਰਤੀ ਫੌਜੀਆਂ ਨੂੰ ਸੱਚੀ ਸ਼ਰਧਾਂਜਲੀ ਹੈ ਜਿਨ੍ਹਾਂ ਦੀ ਬਹਾਦਰੀ ਅਤੇ ਸਮਰਪਣ ਨੂੰ ਪੂਰੀ ਦੁਨੀਆਂ ਵਿੱਚ ਮਾਨਤਾ ਮਿਲੀ ਹੈ। ਇਹ ਆਜ਼ਾਦੀ ਤੋਂ ਬਾਅਦ ਭਾਰਤ ਵੱਲੋਂ ਫਰਾਂਸ ਵਿੱਚ ਬਣਾਈ ਗਈ ਆਪਣੀ ਕਿਸਮ ਦੀ ਪਹਿਲੀ ਯਾਦਗਾਰ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਜੂਨ 2018 ਵਿੱਚ ਆਪਣੇ ਪੈਰਿਸ ਦੌਰੇ ਦੌਰਾਨ ਇਥੇ ਯਾਦਗਾਰ ਬਣਾਏ ਜਾਣ ਦਾ ਐਲਾਨ ਕੀਤਾ ਸੀ। ਸ੍ਰੀ ਨਾਇਡੂ ਨੇ ਕਿਹਾ ਕਿ ਭਾਰਤ ਨੇ ਲੋਕਾਂ ਅਤੇ ਸਮੱਗਰੀ ਦੇ ਤੌਰ ’ਤੇ ਪਹਿਲੀ ਸੰਸਾਰ ਜੰਗ ਵਿੱਚ ਬੇਅੰਤ ਸਹਿਯੋਗ ਦਿੱਤਾ। ਭਾਰਤ ਦੇ ਸਿਪਾਹੀ ਪੂਰੀ ਦੁਨੀਆਂ ਵਿੱਚ ਵੱਖ ਵੱਖ ਮੋਰਚਿਆਂ ’ਤੇ ਪੂਰੀ ਸ਼ਿੱਦਤ ਅਤੇ ਮਾਣ ਨਾਲ ਲੜੇ। ਉਨ੍ਹਾਂ ਕਿਹਾ ਕਿ ਭਾਰਤੀ ਸਿਪਾਹੀਆਂ ਦਾ ਲਹੂ ਇਥੋਂ ਦੀ ਧਰਤੀ ਵਿੱਚ ਪੂਰੀ ਤਰ੍ਹਾਂ ਮਿਲਿਆ ਹੋਇਆ ਹੈ। ਸ੍ਰੀ ਨਾਇਡੂ ਨੇ ਇਥੇ ਸਥਾਨਕ ਲੋਕਾਂ ਅਤੇ ਭਾਰਤੀ ਡਾਇਸਪੋਰਾ ਦੇ ਮੈਂਬਰਾਂ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਦੇ 8 ਲੱਖ ਜਵਾਨਾਂ ਨੇ ਵੱਖ ਮੋਰਚਿਆਂ ’ਤੇ ਜੰਗ ਲੜੀ। ਭਾਰਤੀ ਕੋਰ ਨੂੰ ਬਹਾਦਰੀ ਲਈ 12 ਵਿਕਟੋਰੀਆ ਕਰਾਸ ਸਮੇਤ 13000 ਤਗਮੇ ਮਿਲੇ। ਉਹ ਐਤਵਾਰ ਨੂੰ ਪਹਿਲੀ ਸੰਸਾਰ ਜੰਗ ਦੀ ਯਾਦ ਵਿੱਚ ਇਥੇ ਹੋਣ ਵਾਲੇ ਸਮਾਗਮ ਵਿੱਚ ਸ਼ਿਰਕਤ ਕਰਨਗੇ।

Previous articleਕਾਂਗਰਸੀ ਆਗੂ ਨੇ ਚੋਰਾਂ ’ਤੇ ਗੋਲੀ ਚਲਾਈ; ਇਕ ਹਲਾਕ
Next articleਪਾਕਿਸਤਾਨੀ ਧੂੰਏਂ ਨੇ ਭਾਰਤੀ ਸਰਹੱਦ ਟੱਪੀ