ਅਯੱਪਾ ਮੰਦਰ ਵਿਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਦੋ ਰੋਜ਼ਾ ਵਿਸ਼ੇਸ਼ ਪੂਜਾ ਅਰਚਨਾ ਲਈ ਦੁਆਰ ਖੋਲ੍ਹੇ ਗਏ। ਤਿੰਨ ਹਫ਼ਤੇ ਪਹਿਲਾਂ ਸੁਪਰੀਮ ਕੋਰਟ ਨੇ ਇਸ ਮੰਦਰ ਵਿਚ ਔਰਤਾਂ ਨੂੰ ਮੱਥਾ ਟੇਕਣ ਦਾ ਹੱਕ ਦਿੱਤਾ ਸੀ। ਹਾਲਾਂਕਿ ਅੱਜ ਮੰਦਰ ਦੇ ਆਸ ਪਾਸ 10-50 ਸਾਲ ਦੀ ਉਮਰ ਦੀ ਕੋਈ ਔਰਤ ਨਜ਼ਰ ਨਹੀਂ ਆਈ ਪਰ ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਹੈ ਕਿ 25 ਸਾਲ ਦੀ ਇਕ ਔਰਤ ਆਪਣੇ ਪਤੀ ਤੇ ਬੱਚਿਆਂ ਸਹਿਤ ਮੰਦਰ ਵੱਲ ਆ ਰਹੀ ਹੈ।ਇਸ ਔਰਤ ਦੀ ਪਛਾਣ ਅੰਜੂ ਅਲਾਪੁੜਾ ਜ਼ਿਲੇ ਵਿਚ ਚੇਰਥਾਲਾ ਵਾਸੀ ਵਜੋਂ ਹੋਈ ਹੈ ਜੋ ਪੁਲੀਸ ਕੰਟਰੋਲ ਰੂਮ ਵਿਚ ਪੁੱਜ ਗਈ ਹੈ। ਉਹ ਸ਼ਬਰੀਮਾਲਾ ਮੰਦਰ ਵਿਚ ਮੱਥਾ ਟੇਕਣ ਲਈ ਪੁਲੀਸ ਤੋਂ ਸੁਰੱਖਿਆ ਮੰਗ ਰਹੀ ਹੈ ਪਰ ਇਸ ਸਬੰਧੀ ਦੇਰ ਰਾਤ ਤੱਕ ਕੋਈ ਫੈਸਲਾ ਨਹੀਂ ਹੋ ਸਕਿਆ ਸੀ। ਸ਼ਬਰੀਮਾਲਾ ਦੇ ਚੱਪੇ ਚੱਪੇ ’ਤੇ ਪੁਲੀਸ ਦਾ ਪਹਿਰਾ ਹੈ ਤੇ ਬਹੁਤ ਸਾਰੀਆਂ ਥਾਵਾਂ ’ਤੇ ਸਰਵੇਲੈਂਸ ਕੈਮਰੇ ਤੇ ੋਬਾਈਲ ਫੋਨ ਜੈਮਰ ਲਾਏ ਗਏ ਹਨ। ਕੇਰਲਾ ਸਰਕਾਰ ਨੇ ਮੰਦਰ ਵਿਚ ਔਰਤਾਂ ਨੂੰ ਮੱਥਾ ਟੇਕਣ ਦਾ ਹੱਕ ਦੇਣ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਾਉਣ ਦਾ ਅਹਿਦ ਲਿਆ ਹੈ। ਮੰਦਰ ਦੇ ਮੁੱਖ ਪੁਜਾਰੀ ਕੰਦਾਰਾਰੂ ਰਾਜੀਵਰੂ ਤੇ ਉੂਨੀਕ੍ਰਿਸ਼ਨਨ ਨੰਬੂਤਿਰੀ ਦੋਵਾਂ ਨੇ ਸ਼ਾਮੀਂ ਪੰਜ ਵਜੇ ਮੰਦਰ ਦੇ ਦੁਆਰ ਖੋਲ੍ਹੇ। ਮੰਦਰ ਦੇ ਅਹਿਲਕਾਰਾਂ ਮੁਤਾਬਕ ਮੰਦਰ ਦੇ ਦੁਆਰ ਭਲਕੇ ਰਾਤੀਂ ਦਸ ਵਜੇ ਬੰਦ ਕੀਤੇ ਜਾਣਗੇ। ਇਸ ਮੌਕੇ ਭਾਜਪਾ ਦੇ ਕਈ ਆਗੂ ਤੇ ਅਯੱਪਾ ਧਰਮ ਸੈਨਾ ਦੇ ਮੁਖੀ ਰਾਹੁਲ ਈਸ਼ਵਰ ਵੀ ਪਹੁੰਚੇ ਹੋਏ ਸਨ।ਇਸ ਦੌਰਾਨ, ਕੁਝ ਟੀਵੀ ਚੈਨਲਾਂ ਨੇ ਇਕ ਵੀਡਿਓ ਕਲਿਪ ਨਸ਼ਰ ਕੀਤੀ ਹੈ ਜਿਸ ਵਿਚ ਭਾਜਪਾ ਦੀ ਕੇਰਲਾ ਇਕਾਈ ਦੇ ਮੁਖੀ ਪੀ ਐਸ ਸ੍ਰੀਧਰਨ ਪਿੱਲੇ ਇਹ ਕਹਿੰਦੇ ਸੁਣੇ ਜਾ ਰਹੇ ਹਨ ਕਿ ਸ਼ਬਰੀਮਾਲਾ ਮੰਦਰ ਦੇ ਮੁੱਖ ਪੁਜਾਰੀ ਨੇ ਉਨ੍ਹਾਂ ਨਾਲ ਸਲਾਹ ਕਰ ਕੇ ਹੀ ਇਹ ਧਮਕੀ ਦਿੱਤੀ ਸੀ ਕਿ ਜੇ ਮਾਹਵਾਰੀ ਦੀ ਉਮਰ ਦੀਆਂ ਔਰਤਾਂ ਮੱਥਾ ਟੇਕਣ ਆਈਆਂ ਤਾਂ ਉਹ ਮੰਦਰ ਦੇ ਦਰਵਾਜ਼ੇ ਬੰਦ ਕਰਵਾ ਦੇਣਗੇ। ਪਿੱਲੇ ਨੇ ਐਤਵਾਰ ਨੂੰ ਕੋੜੀਕੋਡ ਵਿਚ ਭਾਜਪਾ ਯੁਵਾ ਮੋਰਚੇ ਦੇ ਸਮਾਗਮ ’ਚ ਇਹ ਟਿੱਪਣੀ ਕੀਤੀ ਸੀ ਜਿਸ ’ਤੇ ਸੱਤਾਧਾਰੀ ਸੀਪੀਐਮ ਤੇ ਵਿਰੋਧੀ ਕਾਂਗਰਸ ਪਾਰਟੀ ਨੇ ਸਖ਼ਤ ਰੱਦੇਅਮਲ ਕੀਤਾ ਹੈ। ਵੀਡੀਓ ਵਿਚ ਪਿੱਲੇ ਕਹਿ ਰਹੇ ਹਨ ਕਿ ਆਯੱਪਾ ਮੰਦਰ ਦੇ ਪੁਜਾਰੀ ਨੇ ਉਨ੍ਹਾਂ ਤੋਂ ਪੁੱਛਿਆ ਕਿ ਜੇ ਉਨ੍ਹਾਂ ਮਹਿਲਾ ਸ਼ਰਧਾਲੂਆਂ ਨੂੰ ਦੇਖ ਕੇ ਮੰਦਰ ਦੇ ਦਰ ਬੰਦ ਕਰਵਾ ਦਿੱਤੇ ਤਾਂ ਕਿ ਸੁਪਰੀਮ ਕੋਰਟ ਦੇ ਹੁਕਮਾਂ ਦਾ ਨਿਰਾਦਰ ਹੋਵੇਗਾ। ਇਸ ’ਤੇ ਪਿੱਲੇ ਨੇ ਕਿਹਾ ਕਿ ਨਹੀਂ, ਬਿਲਕੁਲ ਨਹੀਂ। ਹਜ਼ਾਰਾਂ ਸ਼ਰਧਾਲੂ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਸ਼ਾਂਤੀ ਸਾਡੀ ਤਾਕਤ ਹੈ, ਕਮਜ਼ੋਰੀ ਨਹੀਂ।