ਦਿੱਲੀ ਹਿੰਸਾ: ਕਾਂਗਰਸ ਦੀ ਤੱਥ-ਖੋਜ ਕਮੇਟੀ ਨੇ ਸੋਨੀਆ ਨੂੰ ਸੌਂਪੀ ਰਿਪੋਰਟ

ਦਿੱਲੀ ਹਿੰਸਾ ਸਬੰਧੀ ਮਾਮਲੇ ਵਿੱਚ ਕਾਂਗਰਸ ਦੀ ਇਕ ਤੱਥ-ਖੋਜ ਕਮੇਟੀ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਸੂਤਰਾਂ ਅਨੁਸਾਰ ਇਸ ਰਿਪੋਰਟ ਵਿੱਚ ਕਮੇਟੀ ਵੱਲੋਂ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ’ਚ ਕੇਂਦਰ ਤੇ ਦਿੱਲੀ ਸਰਕਾਰ ਦੀ ਕਥਿਤ ਅਸਫ਼ਲਤਾ ਦਾ ਜ਼ਿਕਰ ਕੀਤਾ ਗਿਆ ਹੈ।
ਇਸ ਰਿਪੋਰਟ ਵਿੱਚ ਦਿੱਲੀ ਦੰਗਿਆਂ ਦੌਰਾਨ ਪ੍ਰਭਾਵਿਤ ਹੋਏ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਵਿੱਚ ਦੋਹਾਂ ਸਰਕਾਰਾਂ ਦੀ ਕਥਿਤ ਨਾਕਾਬਲੀਅਤ ਦਾ ਜ਼ਿਕਰ ਵੀ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੁਲੀਸ ਦੀ ਹਾਜ਼ਰੀ ਵਿੱਚ ਕੁਝ ਭਾਜਪਾ ਆਗੂਆਂ ਵੱਲੋਂ ਕੀਤੀਆਂ ਗਈਆਂ ਭੜਕਾਊ ਤਕਰੀਰਾਂ ਕਾਰਨ ਹੀ ਝੜਪਾਂ ਸ਼ੁਰੂ ਹੋਈਆਂ। ਰਿਪੋਰਟ ਵਿੱਚ ਦੰਗਿਆਂ ਨੂੰ ਕਾਬੂ ਹੇਠ ਲਿਆਉਣ ਵਿੱਚ ਦਿੱਲੀ ਪੁਲੀਸ ਅਸਫ਼ਲਤਾ ਦਾ ਜ਼ਿਕਰ ਵੀ ਕੀਤਾ ਗਿਆ ਹੈ। ਇਸ ਕਮੇਟੀ ਵੱਲੋਂ ਉੱਤਰ-ਪੂਰਬੀ ਦਿੱਲੀ ਵਿੱਚ ਦੰਗਾ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ ਅਤੇ ਹਸਪਤਾਲਾਂ ਤੇ ਘਰਾਂ ਵਿੱਚ ਜਾ ਕੇ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਕਮੇਟੀ ਦੇ ਮੈਂਬਰਾਂ ਵੱਲੋਂ ਦੰਗਿਆਂ ਵਿੱਚ ਮਰਨ ਵਾਲੇ ਦਿੱਲੀ ਪੁਲੀਸ ਦੇ ਹੌਲਦਾਰ ਤੇ ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀ ਦੇ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ ਗਈ। ਜ਼ਿਕਰਯੋਗ ਹੈ ਕਿ ਉੱਤਰ-ਪੂਰਬੀ ਦਿੱਲੀ ਵਿੱਚ ਹੋਈ ਹਿੰਸਾ ਮਾਮਲੇ ਦੀ ਘੋਖ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਇਕ ਕਮੇਟੀ ਬਣਾਈ ਗਈ ਸੀ ਜਿਸ ਵਿੱਚ ਮੁਕੁਲ ਵਾਸਨਿਕ, ਤਾਰਿਕ ਅਨਵਰ, ਸੁਸ਼ਮਿਤਾ ਦੇਵ, ਸ਼ਕਤੀ ਸਿੰਘ ਗੋਹਿਲ ਅਤੇ ਕੁਮਾਰੀ ਸ਼ੈਲਜਾ ਸ਼ਾਮਲ ਸਨ। ਦਿੱਲੀ ਸਰਕਾਰ ਨੇ ਮੰਨਿਆ ਹੈ ਕਿ ਪਿਛਲੇ ਮਹੀਨੇ ਸ਼ਹਿਰ ਦੇ ਉੱਤਰ-ਪੂਰਬੀ ਖੇਤਰਾਂ ਵਿੱਚ ਹੋਈ ਫਿਰਕੂ ਹਿੰਸਾ ਵਿੱਚ 53 ਵਿਅਕਤੀਆਂ ਦੀ ਮੌਤ ਹੋਈ ਅਤੇ ਤਕਰੀਬਨ 200 ਵਿਅਕਤੀ ਜ਼ਖ਼ਮੀ ਹੋਏ ਹਨ।

Previous articleJapan cancels memorial service amid COVID-19 concerns
Next articleਅਮਿਤ ਪੰਘਾਲ ਨੇ ਓਲੰਪਿਕ ਦੀ ਟਿਕਟ ਕਟਾਈ