ਦਵਾਈ ਵਿਕਰੇਤਾ ਨੂੰ ਗੋਲੀ ਮਾਰ ਕੇ ਪੈਸਿਆਂ ਵਾਲਾ ਬੈਗ ਖੋਹਿਆ

ਜੰਡਿਆਲਾ ਗੁਰੂ–  ਇੱਥੇ ਵਾਲਮੀਕ ਚੌਕ ਨੇੜੇ ਸਥਿਤ ਐਮਕੇ ਮੈਡੀਕਲ ਸਟੋਰ ਦੇ ਸਾਹਮਣੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਥੋਕ ਦਵਾਈ ਵਿਕਰੇਤਾ ਨੂੰ ਗੋਲੀ ਮਾਰ ਕੇ ਉਸ ਦਾ ਪੈਸਿਆਂ ਵਾਲਾ ਬੈਗ ਖੋਹ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਾਸੀ ਪਰਮਜੀਤ ਸਿੰਘ ਜੋ ਗਗਨ ਵੈਟ ਫਾਰਮਾ ਦਾ ਮਾਲਕ ਹੈ ਅਤੇ ਜੰਡਿਆਲਾ ਗੁਰੂ ’ਚ ਮੈਡੀਕਲ ਸਟੋਰਾਂ ’ਤੇ ਦਵਾਈਆਂ ਸਪਲਾਈ ਕਰਦਾ ਹੈ। ਅੱਜ ਮੈਡੀਕਲ ਸਟੋਰਾਂ ਤੋਂ ਪੈਸਿਆਂ ਦੀ ਉਗਰਾਹੀ ਕਰਨ ਲਈ ਆਇਆ ਸੀ। ਜਿਵੇਂ ਹੀ ਐਮਕੇ ਮੈਡੀਕਲ ਸਟੋਰ ਤੋਂ ਪੈਸੇ ਲੈਣ ਲਈ ਆਪਣੀ ਕਾਰ ਵਿਚੋਂ ਉਤਰਿਆ ਕਿ ਪਿੱਛੋਂ ਮੋਟਰਸਾਈਕਲ ਸਵਾਰ ਦੋ ਮੋਨੇ ਵਿਆਕਤੀ ਜਿਨ੍ਹਾਂ ਵਿੱਚੋਂ ਇੱਕ ਨੇ ਆਪਣਾ ਮੂੰਹ ਢਕਿਆ ਹੋਇਆ ਸੀ ਤੇ ਦੂਜੇ ਨੇ ਟੋਪੀ ਪਾਈ ਹੋਈ ਸੀ, ਆਏ ਅਤੇ ਆਉਂਦਿਆਂ ਹੀ ਕਾਰ ਸਵਾਰ ਵਿਅਕਤੀ ਦੇ ਗੋਲੀ ਮਾਰ ਦਿੱਤੀ ਜੋ ਉਸਦੀ ਖੱਬੀ ਲੱਤ ਵਿੱਚ ਲੱਗੀ ਅਤੇ ਉਸ ਦਾ ਪੈਸਿਆਂ ਵਾਲਾ ਬੈਗ ਜਿਸ ਵਿੱਚ ਕਰੀਬ ਲੱਖ ਸਵਾ ਲੱਖ ਰੁਪਏ ਸਨ, ਖੋਹ ਲਏ। ਜ਼ਖ਼ਮੀ ਪਰਮਜੀਤ ਸਿੰਘ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਜ਼ਖ਼ਮੀ ਦੀ ਹਾਲਤ ਨਾਜ਼ੁਕ ਹੋਣ ਕਾਰਣ ਉਸ ਨੂੰ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਸ ਘਟਨਾ ਬਾਰੇ ਪਤਾ ਲੱਗਣ ’ਤੇ ਐੱਸਪੀ ਡੀ ਹਰਪਾਲ ਸਿੰਘ, ਡੀਐੱਸਪੀ ਡੀ ਗੁਰਪ੍ਰਤਾਪ ਸਿੰਘ ਸਹੋਤਾ, ਡੀਐੱਸਪੀ ਹਰਪ੍ਰੀਤ ਸਿੰਘ, ਐੱਸਐੱਚਓ ਜੰਡਿਆਲਾ ਗੁਰੂ ਰਾਜਬੀਰ ਸਿੰਘ, ਇੰਸਪੈਕਟਰ ਸੀਆਈਏ ਸਟਾਫ ਰਵਿੰਦਰ ਸਿੰਘ ਤੇ ਚੌਕੀ ਇੰਚਾਰਜ ਵਿਕਟਰ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਐੱਸਪੀਡੀ ਹਰਪਾਲ ਸਿੰਘ ਨੇ ਦੱਸਿਆ ਕਿ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀਸੀਟੀ ਕੈਮਰਿਆਂ ਦੀ ਰਿਕਾਰਡਿੰਗ ਦੇਖੀ ਜਾ ਰਹੀ ਹੈ ਬਹੁਤ ਜਲਦੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਜੰਡਿਆਲਾ ਗੁਰੂ ਵਾਸੀਆਂ ਅਤੇ ਸਥਾਨਕ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਭਜਨ ਸਿੰਘ ਨੇ ਪੁਲੀਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਤੋਂ ਜਲਦੀ ਇਨ੍ਹਾਂ ਸਾਰੀਆਂ xਘਟਨਾਵਾਂ ਦੇ ਦੋਸ਼ੀਆਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਮਜਬੂਰਨ ਆਪਣੀ ਸੁਰੱਖਿਆ ਵਾਸਤੇ ਸੰਘਰਸ਼ ਕਰਨਾ ਪਵੇਗਾ।

Previous articleਲਖਨੌਰ ਫਰਨੀਚਰ ਮਾਰਕੀਟ ਨੂੰ ਅੱਗ ਲੱਗੀ; ਕਰੋੜਾਂ ਦਾ ਨੁਕਸਾਨ
Next articleਕਾਰੋਬਾਰੀ ਦੇ ਘਰੋਂ ਦਸ ਲੱਖ ਰੁਪਏ ਤੇ ਗਹਿਣੇ ਲੁੱਟੇ