(ਸਮਾਜ ਵੀਕਲੀ)
ਪਤਨੀ — ਮਾਹੀਆ ਗੱਲ ਮੰਨ ਲੈ ਮੇਰੀ
ਬਦਲੀਏ ਫਸਲਾਂ ਨੂੰ
ਪਾਣੀ ਵੇ ਖਤਮ ਹੋ ਗਿਆ
ਖਤਰਾ ਏ ਨਸਲਾਂ ਨੂੰ
ਪੜ੍ਹ ਕੇ ਕੁਝ ਦੇਖ ਸੋਚ ਲੈ
ਵਰਤ ਕੇ ਅਕਲਾਂ ਨੂੰ
ਧਰਤੀ ਮਾਂ ਬੰਜ਼ਰ ਹੋ ਗਈ
ਬਹਿ ਕੇ ਵਿਚਾਰ ਲਈਏ
ਬਦਲੀਏ ਫ਼ਸਲੀ ਚੱਕਰ
ਮਨ ਵਿੱਚ ਹੀ ਧਾਰ ਲਈਏ
ਪਤੀ —- ਝੋਨੇ ਤੇ ਕਣਕ ਦੀ ਖੇਤੀ
ਲਾਹੇਵੰਦ ਬੱਲੀਏ ਨੀ
ਆਪਣੇ ਤਾਂ ਲੋਕਾਂ ਨਾਲੋਂ
ਟੁੱਟ ਕੇ ਨਾ ਚੱਲੀਏ ਨੀ
ਪੜ੍ਹੀ ਤੂੰ ਬਹੁਤ ਲਿਖੀ ਐਂ
ਪਰ ਸੋਚੇਂ ਨਾ ਝੱਲੀਏ ਨੀ
ਵਿਕਦੀ ਕੋਈ ਹੋਰ ਫ਼ਸਲ ਨਾ
ਦੱਸ ਕਿਧਰ ਨੂੰ ਜਾਵਾਂਗੇ
ਬੀਜਣੀ ਕਣਕ ਜੇ ਛੱਡਤੀ
ਬੱਲੀਏ ਕੀ ਖਾਵਾਂਗੇ
ਪਤਨੀ —- ਨਰਮਾ ਤੇ ਮੱਕੀ ਮਿਰਚਾਂ
ਬੀਜਿਆ ਕਰ ਤੂੰ ਵੇ ਢੋਲਾ
ਛੋਲੇ ਤੇ ਸਰੋਂ ਬਾਜ਼ਰਾ
ਭੁੰਨਕੇ ਵੇ ਖਾਈਏ ਹੋਲਾਂ
ਅਰਹ਼ਰ ਵੀ ਬੀਜਿਆ ਕਰ ਵੇ
ਆਖਾਂ ਗੱਲ ਆਨੇ ਸੋਲ੍ਹਾਂ
ਖੇਤ ਵੇ ਬੀਜ਼ ਕੇ ਸਬਜ਼ੀ
ਵੱਟ ਕਈ ਹਜ਼ਾਰ ਲਈਏ
ਬਦਲੀਏ ਫ਼ਸਲੀ ਚੱਕਰ
ਮਨ ਵਿੱਚ ਹੀ ਧਾਰ ਲਈਏ
ਪਤੀ —- ਦੋਹਾਂ ਹੀ ਫਸਲਾਂ ਤੋਂ ਬਿਨ
ਮਿਲਦਾ ਨਾ ਮੁੱਲ ਸਹੀ
ਨਰਮੇ ਨੂੰ ਖਾ ਜਾਏ ਸੂੰਡੀ
ਬੱਸ ਮੋਢੇ ਤੇ ਰਹੇ ਕਹੀ
ਮੱਕੀ ਨੂੰ ਖਾ ਜਾਣ ਤੋਤੇ
ਮਿਰਚਾਂ ਨਾ ਹੋਣ ਸਹੀ
ਛੋਲਿਆਂ ਨੂੰ ਪਵੇ ਚਾਨਣੀ
ਨੀ ਭੁੱਖੇ ਮਰ ਜਾਵਾਂਗੇ
ਬੀਜਣੀ ਕਣਕ ਜੇ ਛੱਡਤੀ
ਬੱਲੀਏ ਕੀ ਖਾਵਾਂਗੇ
ਪਤਨੀ—- ਸਾਰਾ ਸੁਨਾਮ ਸੋਹਣਿਆਂ
ਲਾਂਉਦਾ ਏ ਸਬਜ਼ੀ ਵੇ
ਆਪਣੇ ਜਵਾਕ ਖੇਡਦੇ
ਸਾਰਾ ਦਿਨ ਪੱਬ ਜੀ ਵੇ
ਕਿੰਨੇ ਪਰਿਵਾਰ ਮਿਹਨਤੀ
ਗੁੱਡ ਦੇ ਐ ਸਬਜ਼ੀ ਵੇ
ਛੱਡਤੀ ਅਸੀਂ ਮਿਹਨਤ ਕਰਨੀ
ਸਿਹਤਾਂ ਸੁਧਾਰ ਲਈਏ
ਬਦਲੀਏ ਫ਼ਸਲੀ ਚੱਕਰ
ਮਨ ਵਿੱਚ ਹੀ ਧਾਰ ਲਈਏ
ਪਤੀ—– ‘ਜੀਤ’ ਅੱਜ ਨਮੋਲ਼ ਗੋਰੀਏ
ਦੱਸ ਗਿਆ ਸੀ ਮੈਨੂੰ ਨੀ
ਮਿਰਚਾਂ ਤੇ ਮੱਕੀ ਬੀਜੀਏ
ਵਾਅਦਾ ਬੱਸ ਤੈਨੂੰ ਨੀ
ਸੁੱਤਾ ਪਿਆ ਜਾਗ਼ ਪਿਆ ਮੈਂ
ਸਿਜਦਾ ਐ ਤੈਨੂੰ ਨੀ
ਸੋਚ ਕੇ ਲੋਕਾਂ ਖਾਤਿਰ
ਰੀਤ ਨਵੀਂ ਪਾਵਾਂਗੇ
ਬੀਜਣੀ ਕਣਕ ਛੱਡ ਕੇ
ਫ਼ਸਲ ਨਵੀਂ ਲਿਆਵਾਂਗੇ
ਸਰਬਜੀਤ ਸਿੰਘ ਨਮੋਲ਼
ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ
9877358044
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly