ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸਿੰਘ ਨੇ ਕੌਮਾਂਤਰੀ ਹਾਕੀ ਨੂੰ ਅਧਿਕਾਰਤ ਤੌਰ ’ਤੇ ਅਲਵਿਦਾ ਕਹਿਣ ਦਾ ਅੱਜ ਇੱਥੇ ਐਲਾਨ ਕਰ ਦਿੱਤਾ ਹੈ। ਸਰਦਾਰ ਸਿੰਘ ਨੇ ਸਪਸ਼ਟ ਕੀਤਾ ਕਿ ਉਸ ਨੇ ਇਹ ਫ਼ੈਸਲਾ ਕਿਸੇ ਦਬਾਅ ਵਿਚ ਨਹੀਂ, ਬਲਕਿ ਆਪਣੇ ਪਰਿਵਾਰ ਨਾਲ ਸਲਾਹ-ਮਸ਼ਵਰੇ ਮਗਰੋਂ ਲਿਆ ਹੈ। 12 ਸਾਲ ਦੇ ਆਪਣੇ ਕਰੀਅਰ ਦੌਰਾਨ ਅੱਠ ਸਾਲ ਸੀਨੀਅਰ ਟੀਮ ਲਈ ਖੇਡਣ ਵਾਲੇ ਸਰਦਾਰ ਸਿੰਘ ਨੇ ਕਿਹਾ ਕਿ ਬੀਤੇ ਦਿਨ ਕੌਮੀ ਕੈਂਪ ਲਈ ਐਲਾਨੀ 25 ਮੈਂਬਰੀ ਟੀਮ ਵਿੱਚ ਉਹਦੀ ਗ਼ੈਰ-ਮੌਜੂਦਗੀ ਦਾ ਸੰਨਿਆਸ ਨਾਲ ਕੋਈ ਲਾਗਾ-ਦੇਗਾ ਨਹੀਂ। ਉਨ੍ਹਾਂ ਕਿਹਾ ਕਿ ਉਹ ਹਾਕੀ ਇੰਡੀਆ ਨੂੰ ਆਪਣੇ ਇਸ ਫੈਸਲੇ ਬਾਰੇ ਪਹਿਲਾਂ ਹੀ ਜਾਣੂ ਕਰਵਾ ਚੁੱਕਾ ਹੈ। ਇਸ ਦੌਰਾਨ ਸਰਦਾਰ ਨੇ ਮੰਨਿਆ ਕਿ ਏਸ਼ਿਆਈ ਖੇਡਾਂ ਦੇ ਸੈਮੀ ਫਾਈਨਲ ਵਿੱਚ ਉਨ੍ਹਾਂ ਦੀ ਟੀਮ ਨੇ ਆਖ਼ਰੀ ਡੇਢ ਮਿੰਟ ਵਿੱਚ ਖ਼ਰਾਬ ਖੇਡ ਖੇਡੀ। ਇਸ ਮੌਕੇ ਸਰਦਾਰ ਸਿੰਘ ਨਾਲ ਉਸ ਦਾ ਵੱਡਾ ਭਰਾ ਤੇ ਸਾਬਕਾ ਹਾਕੀ ਖਿਡਾਰੀ ਦੀਦਾਰ ਸਿੰਘ ਵੀ ਮੌਜੂਦ ਸੀ। ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਸਰਦਾਰ ਨੇ ਕਿਹਾ ਕਿ ਉਸ ਨੇ ਸੰਨਿਆਸ ਲੈਣ ਦਾ ਐਲਾਨ ਪਹਿਲਾਂ ਦਿੱਲੀ ਤੋਂ ਕਰਨਾ ਸੀ, ਪਰ ਸਥਾਨਕ ਮੀਡੀਆ ਦੇ ਕਹਿਣ ’ਤੇ ਉਨ੍ਹਾਂ ਇੱਥੋਂ ਐਲਾਨ ਕਰਨ ਦਾ ਮਨ ਬਣਾ ਲਿਆ।
ਭਾਰਤੀ ਹਾਕੀ ਖਿਡਾਰੀਆਂ ਨੂੰ ਮਨੋਵਿਗਿਆਨੀ ਦੀ ਲੋੜ
ਸਰਦਾਰ ਨੇ ਕਿਹਾ ਕਿ ਉਸ ਨੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੱਕ ਹਾਕੀ ਖੇਡੀ ਹੈ ਤੇ ਹੁਣ ਨੌਜਵਾਨਾਂ ਦੇ ਮੋਢਿਆਂ ’ਤੇ ਜ਼ਿੰਮੇਵਾਰੀ ਪਾਉਣ ਦਾ ਵੇਲਾ ਹੈ। ਸਰਦਾਰ ਨੇ ਕਿਹਾ ਕਿ ਏਸ਼ਿਆਈ ਖੇਡਾਂ ਵਿੱਚ ਉਤਰਨ ਤੋਂ ਪਹਿਲਾਂ ਟੀਮ ਨੂੰ ਆਪਣੇ ਖ਼ਿਤਾਬ ਦਾ ਬਚਾਅ ਕਰਦਿਆਂ ਸੋਨ ਤਗ਼ਮਾ ਜਿੱਤਣ ਦਾ ਪੂਰਾ ਯਕੀਨ ਸੀ। ਟੀਮ ਨੇ ਸਾਰੇ ਮੈਚ ਵੱਡੇ ਫ਼ਰਕ ਨਾਲ ਜਿੱਤੇ। ਸੈਮੀ ਫਾਈਨਲ ਵਿੱਚ ਵੀ ਟੀਮ 2-1 ਨਾਲ ਅੱਗੇ ਸੀ, ਪਰ ਆਖ਼ਰੀ ਪਲਾਂ ਵਿੱਚ ਵਰਤੀ ਢਿੱਲ ਦਾ ਖਮਿਆਜ਼ਾ ਭਾਰਤ ਨੂੰ ਹਾਰ ਵਜੋਂ ਭੁਗਤਣਾ ਪਿਆ। ਸਰਦਾਰ ਨੇ ਕਿਹਾ ਕਿ ਟੀਮ ਨੂੰ ਇਸ ਪਾਸੇ ਕੰਮ ਕਰਨ ਦੀ ਲੋੜ ਹੈ। ਸੈਮੀ ਫਾਈਨਲ ਮੁਕਾਬਲੇ ’ਚ ਪੈਨਲਟੀ ਸ਼ੂਟਆਊਟ ਦੌਰਾਨ ਗੋਲ ਕਰਨ ਤੋਂ ਖੁੰਝਣ ਬਾਰੇ ਪੁੱਛਣ ’ਤੇ ਸਰਦਾਰ ਨੇ ਕਿਹਾ ਕਿ ਅਜਿਹੇ ਅਹਿਮ ਮੁਕਾਬਲਿਆਂ ’ਚ ਜੂਨੀਅਰ ਹੀ ਨਹੀਂ, ਬਲਕਿ ਸੀਨੀਅਰ ਖਿਡਾਰੀਆਂ ’ਤੇ ਵੀ ਦਬਾਅ ਹੁੰਦਾ ਹੈ। ਸਾਬਕਾ ਕਪਤਾਨ ਨੇ ਮੰਨਿਆ ਕਿ ਪਿਛਲੇ ਕਈ ਅਹਿਮ ਟੂਰਨਾਮੈਂਟਾਂ ਦੌਰਾਨ ਟੀਮ ਆਖ਼ਰੀ ਪਲਾਂ ਵਿੱਚ ਗੋਲ ਬਚਾਉਣ ’ਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਸਰੀਰਕ ਫਿਟਨੈੱਸ ਦੇ ਨਾਲ-ਨਾਲ ਉਨ੍ਹਾਂ ਦੇ ਮਾਨਸਿਕ ਸੰਤੁਲਨ ਤੇ ਦ੍ਰਿੜ੍ਹਤਾ ਨੂੰ ਪੱਕਿਆਂ ਕਰਨ ਲਈ ਮਨੋਵਿਗਿਆਨਕ ਤੌਰ ’ਤੇ ਵੀ ਤਿਆਰ ਕੀਤਾ ਜਾਵੇ।
ਵਿਦੇਸ਼ੀ ਕੋਚਾਂ ਨਾਲ ਸੰਵਾਦ ਰਚਾਉਣਾ ਮੁਸ਼ਕਲ
ਵਿਦੇਸ਼ੀ ਤੇ ਦੇਸੀ ਕੋਚਾਂ ਬਾਰੇ ਪੁੱਛਣ ’ਤੇ ਸਰਦਾਰ ਨੇ ਕਿਹਾ ਕਿ ਉਸ ਨੇ ਆਪਣੇ ਕਰੀਅਰ ਦੌਰਾਨ 10 ਤੋਂ 12 ਕੋਚਾਂ ਨਾਲ ਕੰਮ ਕੀਤਾ ਹੈ ਤੇ ਸਾਰਿਆਂ ਨਾਲ ਹੀ ਜੁੜ ਕੇ ਮਜ਼ਾ ਆਇਆ। ਉਂਜ ਸਰਦਾਰ ਨੇ ਕਿਹਾ ਕਿ ਵਿਦੇਸ਼ੀ ਕੋਚ ਹੁੰਦਿਆਂ ਕਿਤੇ ਨਾ ਕਿਤੇ ਸੰਚਾਰ ਵਿੱਚ ਮੁਸ਼ਕਲ ਜ਼ਰੂਰ ਆਉਂਦੀ ਹੈ। ਮੈਦਾਨ ’ਤੇ ਕੁਆਰਟਰਾਂ ਦਰਮਿਆਨ ਦੋ ਮਿੰਟ ਦਾ ਸਮਾਂ ਮਿਲਦਾ ਹੈ, ਜੋ ਬੜਾ ਅਹਿਮ ਹੁੰਦਾ ਹੈ, ਇਸ ਮੌਕੇ ਕੋਈ ਅਨੁਵਾਦਕ ਨਾ ਹੋਣ ਕਾਰਨ ਕਈ ਵਾਰ ਵਿਦੇਸ਼ੀ ਕੋਚ ਦੇ ਦਿਸ਼ਾ-ਨਿਰਦੇਸ਼ ਕਈ ਖਿਡਾਰੀਆਂ ਦੇ ਸਿਰ ਉਪਰੋਂ ਲੰਘ ਜਾਂਦੇ ਹਨ। ਸਰਦਾਰ ਨੇ ਕਿਹਾ ਕਿ ਟੀਮ ਦੇ ਮੌਜੂਦਾ ਮੁੱਖ ਕੋਚ ਹਰਿੰਦਰ ਸਿੰਘ ਹੀ ਉਸ ਨੂੰ ਭਾਰਤੀ ਹਾਕੀ ਟੀਮ ’ਚ ਲਿਆਏ ਸਨ ਤੇ ਅੱਜ ਉਨ੍ਹਾਂ ਦੀ ਮੌਜੂਦਗੀ ਵਿੱਚ ਉਹ ਕੌਮਾਂਤਰੀ ਹਾਕੀ ਨੂੰ ਅਲਵਿਦਾ ਆਖ ਰਿਹਾ ਹੈ।
ਹਾਕੀ ਲੀਗ ਵਿੱਚ ਖੇਡਣਾ ਰਹੇਗਾ ਜਾਰੀ
ਭਵਿੱਖੀ ਯੋਜਨਾਵਾਂ ਦੀ ਗੱਲ ਕਰਦਿਆਂ ਸਰਦਾਰ ਨੇ ਕਿਹਾ ਕਿ ਉਹ ਘਰੇਲੂ ਟੂਰਨਾਮੈਂਟ ਦੇ ਨਾਲ ਹਾਕੀ ਲੀਗ ਵਿੱਚ ਖੇਡਣਾ ਜਾਰੀ ਰੱਖੇਗਾ। ਸਰਦਾਰ ਨੇ ਕਿਹਾ ਕਿ ਉਹ ਸਰਕਾਰ ਤੇ ਹਾਕੀ ਇੰਡੀਆ ਦੀ ਪ੍ਰਵਾਨਗੀ ਨਾਲ ਯੂਰੋਪ ਦੇ ਬਿਹਤਰੀਨ ਕਲੱਬਾਂ ਤੋਂ ਕੋਚਿੰਗ ਕਲਾਸਾਂ ਲਏਗਾ। ਯੂਰੋਪੀ ਮੁਲਕਾਂ ਵੱਲੋਂ ਹਾਕੀ ਖੇਡ ਦੇ ਨੇਮਾਂ ਨਾਲ ਛੇੜ-ਛਾੜ ਬਾਰੇ ਪੁੱਛਣ ’ਤੇ ਸਰਦਾਰ ਨੇ ਕਿਹਾ ਕਿ ਹਾਕੀ ਮੈਚ ਨੂੰ ਚਾਰ ਕੁਆਰਟਰਾਂ ਵਿੱਚ ਵੰਡੇ ਜਾਣ ਨੂੰ ਉਹ ਬਿਹਤਰੀਨ ਮੰਨਦਾ ਹੈ ਕਿਉਂਕਿ ਇਸ ਨਾਲ ਖੇਡ ਨਾ ਸਿਰਫ਼ ਦਿਲਚਸਪ, ਬਲਕਿ ਇਸ ਵਿੱਚ ਪਹਿਲਾਂ ਨਾਲੋਂ ਤੇਜ਼ੀ ਆਈ ਹੈ। ਇਸ ਦੌਰਾਨ ਸਰਦਾਰ ਦੇ ਵੱਡੇ ਭਰਾ ਦੀਦਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਸਰਦਾਰ ਦੇ ਸੰਨਿਆਸ ਦੇ ਫ਼ੈਸਲੇ ਦਾ ਸਤਿਕਾਰ ਕਰਦਾ ਹੈ।
ਸਰਦਾਰ ਸਿੰਘ ਬਾਰੇ
ਉਮਰ: 32 ਸਾਲ
ਪਿਛੋਕੜ: ਸਿਰਸਾ, ਹਰਿਆਣਾ
ਅਰਜੁਨ ਐਵਾਰਡ: ਸਾਲ 2012
ਪਦਮ ਸ਼੍ਰੀ : ਸਾਲ 2015
ਕਰੀਅਰ ਦੀ ਸ਼ੁਰੂਆਤ: ਸਾਲ 2006
ਮੈਚ: 350 ਤੋਂ ਵੱਧ ਖੇਡੇ
ਸਰਦਾਰ ਸਿੰਘ ਦੀਆਂ ਸਰਦਾਰੀਆਂ
* ਅਜ਼ਲਾਨ ਸ਼ਾਹ ਕੱਪ ਵਿੱਚ ਭਾਰਤ ਨੇ ਦੋ ਵਾਰ ਤਗ਼ਮੇ ਜਿੱਤੇ(2010 ਵਿੱਚ ਸੋਨਾ ਅਤੇ 2012 ਦੌਰਾਨ ਕਾਂਸੀ), ਜਿਸ ਵਿੱਚ ਸਰਦਾਰ ਸਿੰਘ ਪਲੇਅਰ ਆਫ ਟੂਰਨਾਮੈਂਟ ਰਿਹਾ
* 2008 ਤੋਂ 2016 ਤੱਕ ਭਾਰਤੀ ਟੀਮ ਦੀ ਕਪਤਾਨੀ ਕੀਤੀ (ਕੁੱਝ-ਕੁੱਝ ਵਕਫ਼ੇ ਮਗਰੋਂ)
* ਦੋ ਓਲੰਪਿਕ ਖੇਡਾਂ (2012, 2016) ਵਿੱਚ ਵੀ ਹਿੱਸਾ ਲਿਆ, ਜਿਸ ਵਿੱਚ ਭਾਰਤ ਦਾ ਖ਼ਰਾਬ ਪ੍ਰਦਰਸ਼ਨ ਰਿਹਾ।
* ਏਸ਼ਿਆਈ ਖੇਡਾਂ-2014 (ਇੰਚਿਓਨ) ਵਿੱਚ ਭਾਰਤ ਨੇ ਸੋਨ ਤਗ਼ਮਾ ਜਿੱਤਿਆ
* ਚੈਂਪੀਅਨਜ਼ ਟਰਾਫ਼ੀ-2018 (ਬਰੈਡਾ) ਵਿੱਚ ਭਾਰਤ ਨੂੰ ਚਾਂਦੀ ਦਾ ਤਗ਼ਮਾ ਮਿਲਿਆ
* ਏਸ਼ੀਆ ਕੱਪ ਵਿੱਚ ਦੋ ਵਾਰ ਸੋਨਾ (2007 ਅਤੇ 2017) ਅਤੇ ਇੱਕ ਵਾਰ ਚਾਂਦੀ (2013, ਇਪੋਹ) ਜਿੱਤੀ
* ਰਾਸ਼ਟਰਮੰਡਲ ਖੇਡਾਂ ਵਿੱਚ ਦੋ ਵਾਰ ਚਾਂਦੀ (2010, ਨਵੀਂ ਦਿੱਲੀ ਅਤੇ 2014 ਗਲਾਸਗੋ) ਦੇ ਤਗ਼ਮੇ ਜਿੱਤੇ।