ਸੜਕ ਹਾਦਸੇ ਵਿੱਚ ਦੋ ਵਿਦਿਆਰਥੀ ਹਲਾਕ

ਸੁੰਦਰ ਨਗਰ ਇਲਾਕੇ ’ਚ ਜੀ ਟੀ ਰੋਡ ’ਤੇ ਇੱਕ ਬਰੈੱਡ ਕੰਪਨੀ ਦੇ ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਸਵਾਰ ਤਿੰਨ ਵਿਦਿਆਰਥੀਆਂ ਨੂੰ ਟੱਕਰ ਮਾਰ ਦਿੱਤੀ। ਇੰਨਾ ਹੀ ਨਹੀਂ, ਉਹ ਤਿੰਨਾਂ ਨੂੰ ਕਰੀਬ 40 ਮੀਟਰ ਤੱਕ ਦੂਰ ਖਿੱਚ ਕੇ ਲੈ ਗਿਆ, ਜਿਸ ਨਾਲ ਦੋ ਵਿਦਿਆਰਥੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਜ਼ਖਮੀ ਹੋ ਗਿਆ, ਜਿਸਨੂੰ ਸੀਐੱਮਸੀ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ, ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।
ਮ੍ਰਿਤਕਾਂ ਦੀ ਪਛਾਣ ਪ੍ਰਸ਼ੋਤਮ (15) ਤੇ ਜਗਦੀਸ਼ (16) ਵਜੋਂ ਹੋਈ ਹੈ ਜਦੋਂਕਿ ਸੀਐੱਮਸੀ ਹਸਪਤਾਲ ’ਚ ਦਾਖ਼ਲ ਨੌਜਵਾਨ ਦੀ ਪਛਾਣ ਅੰਕਿਤ ਵਜੋਂ ਹੋਈ ਹੈ। ਹਾਦਸੇ ਤੋਂ ਤੁਰੰਤ ਬਾਅਦ ਮੁਲਜ਼ਮ ਵਾਹਨ ਛੱਡ ਕੇ ਫ਼ਰਾਰ ਹੋ ਗਿਆ। ਸੂਚਨਾ ਮਿਲਣ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਪੁੱਜ ਗਏ ਤੇ ਹਾਈਵੇਅ ’ਤੇ ਧਰਨਾ ਲਾ ਦਿੱਤਾ। ਕਰੀਬ ਇੱਕ ਘੰਟੇ ਤੱਕ ਹਾਈਵੇਅ ਜਾਮ ਰਿਹਾ, ਜਿਸ ਕਾਰਨ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਉੱਚ ਅਧਿਕਾਰੀ ਕਈ ਥਾਣਿਆਂ ਦੀ ਪੁਲੀਸ ਸਮੇਤ ਮੌਕੇ ’ਤੇ ਪੁੱਜ ਗਏ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਨਹੀਂ ਮੰਨੇ ਤਾਂ ਪੁਲੀਸ ਨੇ ਲਾਠੀਚਾਰਜ ਕਰ ਉਨ੍ਹਾਂ ਨੂੰ ਖਦੇੜ ਦਿੱਤਾ। ਇਸ ਤੋਂ ਬਾਅਦ ਪੁਲੀਸ ਨੇ ਐਂਬੂਲੈਂਸ ਮੰਗਵਾ ਕੇ ਲਾਸ਼ਾਂ ਕਬਜ਼ੇ ’ਚ ਲੈਣ ਦੀ ਕਾਰਵਾਈ ਆਰੰਭੀ ਤਾਂ ਪ੍ਰਦਰਸ਼ਨਕਾਰੀਆਂ ਨੇ ਰੋੜੇ ਇੱਟਾਂ ਮਾਰ ਕੇ ਐਂਬੂਲੈਂਸ ਦੇ ਸ਼ੀਸ਼ੇ ਭੰਨ ਦਿੱਤੇ। ਪੁਲੀਸ ਨੇ ਕਿਸੇ ਤਰ੍ਹਾਂ ਐਬੂਲੈਂਸ ਨੂੰ ਉੱਥੋਂ ਕੱਢਿਆ। ਪੁਲੀਸ ਨੇ ਇਸ ਮਾਮਲੇ ’ਚ ਅਣਪਛਾਤੇ ਡਰਾਈਵਰ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਮਾਧੋਪੁਰੀ ਇਲਾਕੇ ਦੇ ਪ੍ਰਸ਼ੋਤਮ, ਜਗਦੀਸ਼ ਤੇ ਅੰਕਿਤ ਇਲਾਕੇ ’ਚ ਹੀ ਸਥਿਤ ਇੱਕ ਸਕੂਲ ’ਚ ਦਸਵੀਂ ਦੇ ਵਿਦਿਆਰਥੀ ਸਨ। ਤਿੰਨੋਂ ਇੱਕ ਹੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਟਿਊਸ਼ਨ ਲਈ ਨਿਕਲੇ ਸਨ। ਜਦੋਂ ਉਹ ਜੀਟੀ ਰੋਡ ਕੋਲ ਪੁੱਜੇ ਤਾਂ ਪਿੱਛੋਂ ਤੇਜ਼ ਰਫ਼ਤਾਰ ’ਚ ਆ ਰਹੀ ਬਰੈੱਡ ਕੰਪਨੀ ਦੇ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਡਰਾਈਵਰ ਤਿੰਨਾਂ ਨੂੰ ਕਾਫ਼ੀ ਦੂਰ ਤੱਕ ਘਸੀਟ ਕੇ ਲੈ ਗਿਆ। ਲੋਕਾਂ ਦੇ ਰੌਲਾ ਪਾਉਣ ’ਤੇ ਡਰਾਈਵਰ ਨੇ ਗੱਡੀ ਰੋਕੀ ਤੇ ਦੋਵਾਂ ਨੂੰ ਮ੍ਰਿਤਕ ਦੇਖ ਕੇ ਮੁਲਜ਼ਮ ਵਾਹਨ ਛੱਡ ਕੇ ਫ਼ਰਾਰ ਹੋ ਗਿਆ। ਪ੍ਰਸ਼ੋਤਮ ਦੀ ਤਾਂ ਗੱਡੀ ਥੱਲੇ ਆਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਜਗਦੀਸ਼ ਨੇ ਉਥੇਂ ਕੁਝ ਸਮੇਂ ਬਾਅਦ ਹੀ ਦਮ ਤੋੜ ਦਿੱਤਾ। ਲੋਕਾਂ ਨੇ ਅੰਕਿਤ ਨੂੰ ਸੀਐੱਮਸੀ ਹਸਪਤਾਲ ਪਹੁੰਚਾਇਆ। ਜਦੋਂ ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਤਾਂ ਉਹ ਵੀ ਮੌਕੇ ’ਤੇ ਪੁੱਜ ਗਏ, ਜਿਸ ਤੋਂ ਬਾਅਦ ਉਨ੍ਹਾਂ ਡਰਾਈਵਰ ਖਿਲਾਫ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪੁਲੀਸ ਅਨੁਸਾਰ ਜ਼ਖਮੀ ਦੀ ਹਾਲਤ ਕਾਫ਼ੀ ਗੰਭੀਰ ਹੈ। ਮੁਲਜ਼ਮ ਡਰਾਈਵਰ ਦੇ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਤੇ ਜਲਦੀ ਹੀ ਉਸਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Previous articleਸੰਨਿਆਸ ਦਾ ਫ਼ੈਸਲਾ ਕਿਸੇ ਦਬਾਅ ’ਚ ਨਹੀਂ ਲਿਆ: ਸਰਦਾਰ ਸਿੰਘ
Next articleਈਸਾਈ ਸਾਧਵੀ ਬਲਾਤਕਾਰ: ਪੁਲੀਸ ਜਾਂਚ ’ਤੇ ਹਾਈ ਕੋਰਟ ਵੱਲੋਂ ਤਸੱਲੀ ਦਾ ਪ੍ਰਗਟਾਵਾ