ਪੜ੍ਹ ਕੇ

(ਸਮਾਜ ਵੀਕਲੀ)

ਭਖਾ ਕੇ ਲਾਟ ਹੁਨਰਾਂ ਦੀ,ਲਿਸ਼ਕਣਾ ਵੀ ਜ਼ਰਾ ਕੁ ਏ।
ਸਿਰਾਂ ਤੇ ਤਾਜ ਪਹਿਨਣ ਨੂੰ,ਮਚਲਣਾ ਵੀ ਜ਼ਰਾ ਕੁ ਏ।

ਸੰਭਲਣਾ ਵੀ ਜ਼ਰਾ ਕੁ ਏ,ਦਿਲਾਂ ਨੂੰ ਮਾਰ ਕੇ ਜਿੰਦੇ,
ਜਗਾ ਕੇ ਆਰਜ਼ੂਆਂ ਨੂੰ,ਬਹਿਕਣਾ ਵੀ ਜ਼ਰਾ ਕੁ ਏ ।

ਕਮਲ ਦੇ ਫੁੱਲ ਵਰਗਾ ਉਹ ਕਿ ਲੱਦਿਆ ਖ਼ੁਸ਼ਬੋਈਆਂ ਏ,
ਜ਼ਰਾ ਕੁ ਪਾਸਿਓਂ ਲੰਘਣਾ,ਮਹਿਕਣਾ ਵੀ ਜ਼ਰਾ ਕੁ ਏ।

ਚੰਦਨ ਦਾ ਰੁੱਖ ਜਿਹੜਾ,ਜੰਗਲ ਬੇਲੇ ਉੱਗਿਆ ਹੋਵੇ,
ਜ਼ਰਾ ਕੁ ਠਹਿਰਨਾ ਉਸ ਥਾਂ,ਗੁਜ਼ਰਨਾ ਵੀ ਜ਼ਰਾ ਕੁ ਏ।

“ਫ਼ਕੀਰੀ,ਸਾਦਗੀ ਗਹਿਣੇ ਮੁਹੱਬਤਾਂ ਦੇ”ਕਹਿੰਦੇ ਨੇ,
ਦਿਲਾਂ ਤੇ ਰਾਜ ਕਰਨੇ ਨੂੰ,ਸੰਵਰਨਾ ਵੀ ਜ਼ਰਾ ਕੁ ਏ।

ਮੁਹੱਬਤ ਜਦੋਂ ਵੀ ਕੀਤੀ ਮੈਂ,ਰਹੀ ਕੁਝ ਖ਼ਾਸ ਹੀ ਫ਼ਿਤਰਤ,
ਜ਼ਰਾ ਕੁ ਸਬਰ ਵਿੱਚ ਰਹਿਣਾ,ਭਟਕਣਾ ਵੀ ਜ਼ਰਾ ਕੁ ਏ।

ਪੜ੍ਹੀ ਸੱਜਰੀ ਤੇ ਤਾਜੀ ਹੀਰ,ਵਾਰਿਸ ਦੀ ਲਿਖੀ ਹੋਈ,
ਇਸ਼ਕ ਦੀ ਬਾਤ ਵੀ ਕਰਸਾਂ,ਵਰਜਣਾ ਵੀ ਜ਼ਰਾ ਕੁ ਏ।

ਮੀਨਾ ਮਹਿਰੋਕ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਲਾਸਕਾ ਚੌਕ ਲਾਡੋਵਾਲੀ ਰੋਡ ‘ਤੇ ਪਏ ਨੇ ਅਨੇਕ ਲਾਵਾਰਿਸ ਵਾਹਨ, ਜਲੰਧਰ ਦੇ ਲੋਕ ਔਖੇ
Next articleਕਾਸ਼ ਫਿਰ ਰੰਗਲਾ ਪੰਜਾਬ ਬਣਜੇ