ਜਨਮ ਅਸ਼ਟਮੀ ਦੀ ਰਾਤ ਨੂੰ ਨਾਭਾ ਦੇ ਹੀਰਾ ਮਹਿਲ ਇਲਾਕੇ ਵਿੱਚ ਸਾਬਕਾ ਐੱਸਐੱਮਓ ਡਾਕਟਰ ਰਾਜੇਸ਼ ਗੋਇਲ ਅਤੇ ਪਤਨੀ ਨੂੰ ਬੰਧਕ ਬਣਾ ਕੇ ਨਗਦੀ, ਗਹਿਣੇ ਅਤੇ ਹੋਰ ਸਾਮਾਨ ਲੁੱਟਣ ਵਾਲ਼ੇ ਗਰੋਹ ਦਾ ਪਰਦਾਫਾਸ਼ ਕਰਦਿਆਂ, ਸੀਆਈਏ ਸਟਾਫ਼ ਪਟਿਆਲਾ ਦੀ ਪੁਲੀਸ ਨੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਲੁੱਟ ਦਾ ਮਾਲ ਬਰਾਮਦ ਕਰ ਲਿਆ ਹੈ। ਅਹਿਮ ਪਹਿਲੂ ਇਹ ਹੈ ਕਿ ਗਰੋਹ ਦਾ ਸਰਗਨਾ ਪੰਜਾਬ ਪੁਲੀਸ ਦਾ ਇੱਕ ਹੌਲਦਾਰ ਗੁਰਇਕਬਾਲ ਸਿੰਘ ਗੁਰੀ ਹੈ। ਪੁਲੀਸ ਲਾਈਨ ਪਟਿਆਲਾ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਪਟਿਆਲਾ ਦੇ ਐੱਸ.ਐੱਸ.ਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਹੌਲਦਾਰ ਨੂੰ ਅੱਜ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਹੌਲਦਾਰ ਗੁਰੀ (30) ਹਾਲ ਵਾਸੀ ਨਾਭਾ ਚੰਡੀਗੜ੍ਹ ਵਿੱਚ ਤਾਇਨਾਤ ਸੀ। ਬਾਕੀ ਮੁਲਜ਼ਮਾਂ ਵਿੱਚ ਰਣਜੀਤ ਸਿੰਘ ਜੀਤ (24) ਵਾਸੀ ਪਿੰਡ ਬਿਰੜਵਾਲ ਪਹਿਲਵਾਨ ਹੈ। ਗੱਡੀਆਂ ਦਾ ਮਕੈਨਿਕ ਬਾਰ੍ਹਵੀਂ ਪਾਸ (21) ਸਤਗੁਰ ਦਾਸ ਅਤੇ ਦਸਵੀਂ ਪਾਸ ਲਾਡੀ ਦਾਸ (23) ਲੁਬਾਣਾ ਕਰਮੂ ਦੇ ਵਾਸੀ ਹਨ। ਗਰੋਹ ਕੋਲੋਂ 6.30 ਲੱਖ ਵਿਚੋਂ ਛੇ ਲੱਖ ਦੀ ਨਗਦੀ ਸਮੇਤ ਸੋਨੇ ਦੇ ਝੁਮਕੇ, ਵਾਲ਼ੀਆਂ, ਘੜੀ, ਸਕੂਟਰ ਤੇ ਮੋਟਰਸਾਈਕਲ ਬਰਾਮਦ ਕਰ ਲਏ ਹਨ।ਇਸ ਸਬੰਧੀ ਐੱਸਪੀ (ਡੀ) ਮਨਜੀਤ ਬਰਾੜ ਦੀ ਅਗਵਾਈ ਹੇਠ ਡੀਐੱਸਪੀ (ਡੀ) ਸੁਖਮਿੰਦਰ ਚੌਹਾਨ, ਡੀਐੱਸਪੀ ਨਾਭਾ ਦਵਿੰਦਰ ਅੱਤਰੀ, ਇੰਸਪੈਕਟਰ ਸ਼ਮਿੰਦਰ ਸਿੰਘ ਆਦਿ ਦੀ ਟੀਮ ਗਠਿਤ ਕੀਤੀ ਗਈ ਸੀ, ਜਿਸ ਦੇ ਯਤਨਾਂ ਸਦਕਾ ਹੀ ਸੀਆਈਏ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਤੇ ਮੁਲਾਜ਼ਮਾਂ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡਾਕਟਰ ਰਾਜੇਸ਼ ਕੁਮਾਰ ਦਾ ਆਪਣੇ ਘਰ ਦੇ ਸਾਹਮਣੇ ਹੀ ‘ਨਰਸਿੰਗ ਹੋਮ ਐਂਡ ਹਾਰਟ ਕੇਅਰ ਸੈਂਟਰ’ ਹੈ। ਬੇਟਾ ਤੇ ਨੂੰਹ ਬੱਚਿਆਂ ਸਮੇਤ ਦਿੱਲੀ ਰਹਿੰਦੇ ਹਨ। ਤਿੰਨ ਸਤੰਬਰ ਦੀ ਰਾਤ ਨੂੰ ਮੁਲਜ਼ਮਾਂ ਨੇ ਘਰ ਵਿੱਚ ਦਾਖ਼ਲ ਕੇ ਦੋਵਾਂ ਜੀਆਂ ਨੂੰ ਬੰਧਕ ਬਣਾਉਂਦਿਆਂ ਨਗਦੀ ਤੇ ਜ਼ੇਵਰਾਤ ਲੁੱਟੇ ਸਨ।