ਕਾਂਗਰਸੀਆਂ ਨੇ ਆਪਣੇ ਮੈਦਾਨ ’ਚ ਉਤਾਰੇ, ਅਕਾਲੀਆਂ ਨੇ ਸਕੇ ਸੇਕ ਤੋਂ ਬਚਾਏ

ਪੰਚਾਇਤੀ ਚੋਣਾਂ ਵਿੱਚ ਕਾਂਗਰਸੀ ਨੇਤਾ ਆਪਣੇ ਸਿਆਸੀ ਵਾਰਸ ਤਿਆਰ ਕਰਨ ਵਿੱਚ ਜੁਟ ਗਏ ਹਨ। ਚੇਅਰਮੈਨੀ ਦਾ ਤਾਜ ਕੋਈ ਆਪਣੀ ਪਤਨੀ ਦੇ ਸਿਰ ਸਜਾਉਣਾ ਚਾਹੁੰਦੇ ਹੈ ਅਤੇ ਕੋਈ ਆਪਣੇ ‘ਲਾਡਲੇ’ ਦੇ ਸਿਰ। ਕਾਂਗਰਸੀ ਧਨੰਤਰਾਂ ਨੇ ਤਾਂ ਪਰਿਸ਼ਦ ਚੋਣਾਂ ਵਿੱਚ ਆਪਣੇ ਧੀਆਂ-ਪੁੱਤਾਂ ਨੂੰ ਉਤਾਰਿਆ ਹੈ ਜਦੋਂ ਕਿ ਵੱਡੇ ਅਕਾਲੀ ਲੀਡਰਾਂ ਨੇ ਆਪਣਿਆਂ ਨੂੰ ਸਿਆਸੀ ਸੇਕ ਤੋਂ ਬਚਾ ਲਿਆ ਹੈ। ਕਾਂਗਰਸੀ ਲੀਡਰਾਂ ਦੇ ‘ਕਾਕਿਆਂ’ ਦੀ ਅੱਖ ਜ਼ਿਲ੍ਹਾ ਪਰਿਸ਼ਦ ਚੇਅਰਮੈਨੀਆਂ ਉੱਤੇ ਹੈ। ਜਾਣਕਾਰੀ ਅਨੁਸਾਰ ਦੋ ਵਜ਼ੀਰਾਂ, ਛੇ ਸਾਬਕਾ ਵਜ਼ੀਰਾਂ ਅਤੇ ਦਰਜਨ ਦੇ ਕਰੀਬ ਮੌਜੂਦਾ ਤੇ ਸਾਬਕਾ ਕਾਂਗਰਸੀ ਵਿਧਾਇਕਾਂ ਨੇ ਆਪਣੇ ਪਰਿਵਾਰਕ ਜੀਅ ਮੈਦਾਨ ਵਿੱਚ ਉਤਾਰੇ ਹਨ। ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਗੁਰਦਾਸਪੁਰ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਵਡਾਲਾ ਗ੍ਰੰਥੀਆਂ ਤੋਂ ਆਪਣੇ ਲੜਕੇ ਰਵੀਨੰਦਨ ਸਿੰਘ ਬਾਜਵਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਜਦੋਂ ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੰਮ੍ਰਿਤਸਰ ਜ਼ਿਲ੍ਹਾ ਪਰਿਸ਼ਦ ਦੇ ਚੋਣ ਮੈਦਾਨ ਵਿੱਚ ਆਪਣੇ ਭਤੀਜੇ ਦਿਲਰਾਜ ਸਰਕਾਰੀਆ ਨੂੰ ਉਮੀਦਵਾਰ ਬਣਾਇਆ ਹੈ। ਦਿਲਚਸਪ ਤੱਥ ਹਨ ਕਿ ਭੁੱਚੋ ਤੋਂ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਮੁਕਤਸਰ ਪਰਿਸ਼ਦ ਚੋਣ ’ਚ ਆਪਣੀ ਪਤਨੀ ਪਰਮਜੀਤ ਕੌਰ ਨੂੰ, ਦਸੂਹਾ ਤੋਂ ਵਿਧਾਇਕ ਅਰੁਣ ਡੋਗਰਾ ਨੇ ਸੰਸਾਰਪੁਰ ਜ਼ੋਨ ਤੋਂ ਆਪਣੀ ਪਤਨੀ ਮੀਨਾਕਸ਼ੀ ਡੋਗਰਾ ਨੂੰ ਅਤੇ ਸ੍ਰੀ ਹਰਗੋਬਿੰਦ ਸਾਹਿਬ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਆਪਣੀ ਪਤਨੀ ਸਰਬਜੀਤ ਕੌਰ ਨੂੰ ਉਮੀਦਵਾਰ ਬਣਾਇਆ ਹੈ। ਫ਼ਿਰੋਜ਼ਪੁਰ (ਦਿਹਾਤੀ) ਤੋ ਵਿਧਾਇਕ ਸਤਿਕਾਰ ਕੌਰ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਆਪਣੇ ਪਤੀ ਲਾਡੀ ਗਹਿਰੀ ਨੂੰ ਉਮੀਦਵਾਰ ਬਣਾਇਆ ਹੈ। ਸਾਬਕਾ ਕਾਂਗਰਸੀ ਵਜ਼ੀਰ ਜਗਮੋਹਨ ਸਿੰਘ ਕੰਗ, ਮਹਿੰਦਰ ਰਿਣਵਾਂ ਅਤੇ ਹੰਸ ਰਾਜ ਜੋਸਨ ਨੇ ਆਪਣੇ ਲੜਕਿਆਂ ਨੂੰ ਅਤੇ ਸਾਬਕਾ ਅਕਾਲੀ ਮੰਤਰੀ ਬੀਬੀ ਜਗੀਰ ਕੌਰ ਨੇ ਆਪਣੀ ਧੀ ਰਾਜਨੀਤ ਕੌਰ ਨੂੰ ਉਮੀਦਵਾਰ ਬਣਾਇਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਪੁੱਤਰ ਮਨਜਿੰਦਰ ਸਿੰਘ ਬਿੱਟੂ ਮੁਕਤਸਰ ਦੇ ਜ਼ੋਨ ਉਦੇਕਰਨ ਤੋਂ ਅਕਾਲੀ ਉਮੀਦਵਾਰ ਹੈ। ਮਰਹੂਮ ਸਾਬਕਾ ਮੰਤਰੀ ਸ਼ੇਰ ਸਿੰਘ ਗਾਗੋਵਾਲ ਦਾ ਪੋਤਰਾ ਅਰਸ਼ਦੀਪ ਅਤੇ ਮਰਹੂਮ ਸਾਬਕਾ ਮੰਤਰੀ ਬਲਦੇਵ ਸਿੰਘ ਖ਼ਿਆਲਾ ਦਾ ਪੋਤਰਾ ਬੱਬਲਜੀਤ ਸਿੰਘ ਮਾਨਸਾ ਪਰਿਸ਼ਦ ਦੇ ਚੋਣ ਮੈਦਾਨ ਵਿੱਚ ਨਿੱਤਰੇ ਹਨ ਜਦੋਂ ਕਿ ਲੁਧਿਆਣਾ ਜ਼ਿਲ੍ਹੇ ਤੋਂ ਸਾਬਕਾ ਵਿਧਾਇਕ ਧਨਰਾਜ ਸਿੰਘ ਗਿੱਲ ਦਾ ਪੋਤਰਾ ਰਵਨੀਤ ਸਿੰਘ ਗਿੱਲ ਵੀ ਕਿਸਮਤ ਅਜ਼ਮਾ ਰਿਹਾ ਹੈ। ਇਵੇਂ ਹੀ ਘਨੌਰ ਤੋਂ ਕਾਂਗਰਸੀ ਵਿਧਾਇਕ ਮਦਨ ਲਾਲ ਅਤੇ ਸ਼ੁਤਰਾਣਾ ਤੋਂ ਵਿਧਾਇਕ ਨਿਰਮਲ ਸਿੰਘ ਨੇ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਚੋਣ ਮੈਦਾਨ ਵਿੱਚ ਆਪਣੇ ਪੁੱਤਰ ਉਤਾਰੇ ਹਨ। ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਆਪਣੇ ਲੜਕੇ ਅਰਜਨ ਪ੍ਰਤਾਪ ਬਾਜਵਾ ਨੂੰ ਗੁਰਦਾਸਪੁਰ ਦੇ ਚੀਮਾ ਜ਼ੋਨ ਤੋਂ ਉਮੀਦਵਾਰ ਬਣਾਇਆ ਹੈ। ਵਿਧਾਇਕ ਸੁਖਪਾਲ ਭੁੱਲਰ ਦਾ ਵੱਡਾ ਭਰਾ ਅਨੂਪ ਸਿੰਘ ਭੁੱਲਰ ਤਰਨਤਾਰਨ ਦੇ ਜ਼ੋਨ ਮਹਿਮੂਦਪੁਰਾ ਤੋਂ ਉਮੀਦਵਾਰ ਹੈ ਜਦੋਂ ਕਿ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਬਲਾਚੌਰ ਤੋਂ ਵਿਧਾਇਕ ਦਰਸ਼ਨ ਲਾਲ ਦੇ ਜਵਾਈ ਵੀ ਚੋਣਾਂ ਲੜ ਰਹੇ ਹਨ। ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੇ ਆਪਣੇ ਲੜਕੇ ਬਿਕਰਮ ਮੋਫਰ ਨੂੰ ਮਾਨਸਾ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਵਿੱੱਚ ਅਤੇ ਸਾਬਕਾ ਵਿਧਾਇਕ ਕੰਵਲਜੀਤ ਲਾਲੀ ਨੇ ਆਪਣੇ ਬੇਟੇ ਮਹਿਤਾਬ ਸਿੰਘ ਨੂੰ ਜਲੰਧਰ ਜ਼ਿਲ੍ਹਾ ਪਰਿਸ਼ਦ ਦੇ ਪਤਾਰਾ ਜ਼ੋਨ ਤੋਂ ਉਮੀਦਵਾਰ ਬਣਾਇਆ ਹੈ। ਆਮ ਵਰਤਾਰਾ ਹੈ ਕਿ ਜਦੋਂ ਜਿੱਤ ਦੀ ਸੰਭਾਵਨਾ ਹੁੰਦੀ ਹੈ ਤਾਂ ਹਰ ਪਾਰਟੀ ਦੇ ਆਮ ਆਗੂ ਹਾਸ਼ੀਏ ਉੱਤੇ ਧੱਕ ਦਿੱਤੇ ਜਾਂਦੇ ਹਨ, ਜਦੋਂ ਹੁਣ ਮਾਹੌਲ ਸਿਆਸੀ ਪੱਖ ‘ਚ ਨਹੀਂ ਜਾਪਦਾ ਤਾਂ ਅਕਾਲੀ ਲੀਡਰਾਂ ਨੇ ਆਪਣਿਆਂ ਨੂੰ ਚੋਣਾਂ ਵਿੱਚ ਨਹੀਂ ਉਤਾਰਿਆ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਲੜਕਾ ਗੁਰਪ੍ਰੀਤ ਸਿੰਘ ਮਲੂਕਾ ਪਹਿਲਾਂ ਜ਼ਿਲ੍ਹਾ ਪਰਿਸ਼ਦ ਬਠਿੰਡਾ ਦਾ ਚੇਅਰਮੈਨ ਸੀ ਪਰ ਉਹ ਹੁਣ ਚੋਣ ਨਹੀਂ ਲੜ ਰਿਹਾ। ਸਾਬਕਾ ਮੁੱਖ ਸੰਸਦੀ ਸਕੱਤਰ ਮਨਤਾਰ ਬਰਾੜ ਦਾ ਭਰਾ ਕੁਲਤਾਰ ਬਰਾੜ ਪਹਿਲਾਂ ਜ਼ਿਲ੍ਹਾ ਪਰਿਸ਼ਦ ਫ਼ਰੀਦਕੋਟ ਦਾ ਚੇਅਰਮੈਨ ਰਿਹਾ ਪਰ ਐਤਕੀਂ ਚੋਣ ਮੈਦਾਨ ਵਿੱਚ ਨਹੀਂ ਉੱਤਰਿਆ। ਸਾਬਕਾ ਵਿਧਾਇਕ ਹਰਪ੍ਰੀਤ ਕੋਟਭਾਈ ਦੀ ਪਤਨੀ ਅਬਨੀਤ ਕੌਰ ਐਤਕੀਂ ਚੋਣ ਮੈਦਾਨ ਵਿੱਚ ਨਹੀਂ ਉੱਤਰੀ ਜੋ ਪਹਿਲਾਂ ਮੁਕਤਸਰ ਦੀ ਚੇਅਰਪਰਸਨ ਸੀ। ਇਵੇਂ ਹੀ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ, ਸਾਬਕਾ ਸੰਸਦ ਮੈਂਬਰ ਚਤਿੰਨ ਸਿੰਘ ਸਮਾਓਂ, ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ, ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਨੇ ਆਪਣੇ ਲੜਕੇ ਚੋਣ ਮੈਦਾਨ ਵਿੱਚ ਨਹੀਂ ਉਤਾਰੇ ਜੋ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਨ। ਹਾਲਾਂਕਿ ਗੱਠਜੋੜ ਸਰਕਾਰ ਸਮੇਂ ਦੇ ਮਾਨਸਾ, ਰੋਪੜ ਅਤੇ ਫ਼ਾਜ਼ਿਲਕਾ ਦੀ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਮੁੜ ਮੈਦਾਨ ਵਿਚ ਨਿੱਤਰੇ ਹੋਏ ਹਨ ਜੋ ਪਾਰਟੀ ਦੇ ਆਮ ਆਗੂ ਰਹੇ ਹਨ।

Previous articleUN-led peace talks on Yemen collapse in Geneva
Next articleਹੌਲਦਾਰ ਨਿਕਲਿਆ ਗਰੋਹ ਦਾ ਸਰਗਨਾ, ਲੁੱਟ ਦਾ ਮਾਲ ਬਰਾਮਦ