(ਸਮਾਜ ਵੀਕਲੀ)
ਸਕੂਲ ਦੇ ਨਵੇਂ ਹੈਡਮਾਸਟਰ ਪਹਿਲੇ ਦਿਨ ਸਕੂਲ ਦੇ ਅਧਿਆਪਕਾਂ ਨਾਲ ਜਾਣ-ਪਛਾਣ ਕਰਨ ਤੋਂ ਬਾਅਦ ਸ਼ਾਮ ਦੇ ਸਮੇਂ ਸਕੂਲ ਦੇ ਸੀਨੀਅਰ ਮਾਸਟਰ ਅਤੇ ਬਰਸਰ ਨਾਲ ਸਕੂਲ ਗਰਾਊਂਡ ਦਾ ਚੱਕਰ ਲਾਉਣ ਚਲੇ ਗਏ। ਸੱਤਰ ਬਿੱਗੇ ਵਿਚ ਫ਼ੈਲੇ ਖੇਡ ਮੈਦਾਨਾਂ ਦੀ ਹਰਿਆਵਲ ਅਤੇ ਰੱਖ-ਰਖਾਵ ਦੂਰੋਂ ਦੇਖਣ ਵਾਲਿਆਂ ਨੂੰ ਪ੍ਰਭਾਵਿਤ ਕਰਦਾ ਸੀ। ਗਰਾਊਂਡ ਦਾ ਮੁੱਖ ਗੇਟ ਅੰਦਰ ਲੰਘਦੇ ਹੀ ਨਵੇਂ ਹੈਡਮਾਸਟਰ ਸਾਹਿਬ ਕੁਝ ਦੇਰ ਲਈ ਰੁਕ ਗਏ। ਚਾਰੋ ਪਾਸੇ ਨਿਗਾਹ ਘੁਮਾਈ। ਹਰਾ ਭਰਾ ਘਾਅ ਅੱਖਾਂ ਨੂੰ ਸਕੂਨ ਦੇ ਰਿਹਾ ਸੀ। ਥੋੜ੍ਹਾ ਅੱਗੇ ਗਏ ਤਾਂ ਹਾਕੀ ਮੈਦਾਨ ਦੀ ਮਾਰਕਿੰਗ ਦੂਰੋਂ ਹੀ ਦਿਖਾਈ ਦੇ ਰਹੀ ਸੀ।
ਹਾਕੀ ਗਰਾਊਂਡ ਤੋਂ ਬਾਅਦ ਕੱਚੇ ਪਹੇ ਤੋਂ ਬਾਅਦ ਐਥਲੈਟਿਕ ਗਰਾਊਂਡ ਦੇ ਟਰੈਕ ਤੇ ਵੀ ਕਲੀ ਦੀਆਂ ਲਾਈਨਾਂ ਜੱਚ ਰਹੀਆਂ ਸਨ। ਅਥਲੈਟਿਕ ਗਰਾਊਂਡ ਦੇ ਵਿਚ ਹੀ ਕ੍ਰਿਕਟ ਦੀ ਪਿੱਚ ਵੀ ਦਿਖਾਈ ਦੇ ਰਹੀ ਸੀ। ਇਸ ਤੋਂ ਅੱਗੇ ਫੁਟਬਾਲ ਗਰਾਊਂਡ ਦੀ ਮਾਰਕਿੰਗ ਵੀ ਦੂਰੋਂ ਹੀ ਦਿਖ ਰਹੀ ਸੀ। ਨਵੇਂ ਹੈਡਮਾਸਟਰ ਸਾਹਿਬ ਨੂੰ ਇਹ ਸਾਰਾ ਕੁਝ ਬਹੁਤ ਵਧੀਆ ਲੱਗਿਆ। ਅਥਲੈਟਿਕ ਗਰਾਊਂਡ ਦੇ ਇਕ ਪਾਸੇ ਕ੍ਰਿਕਟ ਪ੍ਰੈਕਟਿਸ ਲਈ ਨੈਟ ਲੱਗੇ ਹੋਏ ਸੀ। ਉਹਨਾਂ ਨੇ ਆਪਣੇ ਨਾਲ ਖੜੇ ਬਰਸਰ ਨੂੰ ਪੁੱਛਿਆ, “ਇਹਨਾਂ ਗਰਾਊਂਡ ਦੀ ਦੇਖ ਭਾਲ ਕੌਣ ਕਰਦਾ ਹੈ?”
“ਮਿਸਟਰ ਗਿੱਲ ” ਉਹਨ ਨੇ ਸੰਖੇਪ ਜਿਹਾ ਜੁਆਬ ਦਿੱਤਾ।
“ਹਾਕੀ, ਕ੍ਰਿਕਟ, ਫੁਟਬਾਲ, ਬਾਸਕਟਬਾਲ ਲਈ ਕਿੰਨੇ ਕੋਚ ਹਨ?”
“ਮਿਸਟਰ ਗਿੱਲ।” ਬਰਸਰ ਸਾਹਿਬ ਨੇ ਫੇਰ ਸੰਖੇਪ ਜਿਹਾ ਹੀ ਉੱਤਰ ਦਿੱਤਾ।
“ਆਪਣੇ ਸਕੂਲ ਦਾ ਸਵੀਮਿੰਗ ਪੂਲ ਵੀ ਹੈ, ਉਸ ਲਈ ਕੋਈ ਕੋਚ ਤਾਂ ਹੋਵੇ ਗਾ ਹੀ?”
ਇਸ ਬਾਰ ਸੀਨੀਅਰ ਮਾਸਟਰ ਨੇ ਦੱਸਿਆ ਕਿ ਮਿਸਟਰ ਗਿੱਲ ਸਵੀਮਿੰਗ ਦੇ ਇੰਚਾਰਜ ਹਨ
ਹੈਡਮਾਸਟਰ ਨੂੰ ਇਕੋ ਦਮ ਖਿਆਲ ਆਇਆ ਕਿ ਇਸ ਸਕੂਲ ਦੇ ਬੱਚਿਆਂ ਦੀ ਪੀ ਟੀ ਅਤੇ ਜਿਮਨਾਸਟਿਕ ਵੀ ਬੜੀ ਮਸ਼ਹੂਰ ਹੈ ਤਾਂ ਉਹਨਾਂ ਨੇ ਇਹਨਾਂ ਦੇ ਇੰਚਾਰਜ ਸੰਬੰਧੀ ਵੀ ਪੁੱਛਿਆ ਕਿ ਪੀ ਟੀ ਅਤੇ ਜਿਮਨਾਸਟਿਕ ਲਈ ਅਲੱਗ-ਅਲੱਗ ਕੋਚ ਹਨ ਤਾਂ ਫੇਰ ਉਹੀ ਜਵਾਬ ਮਿਲਿਆ ਕਿ ਇਹਨਾਂ ਦੋਹਾਂ ਨੂੰ ਮਿਸਟਰ ਗਿੱਲ ਹੀ ਦੇਖਦੇ ਹਨ।
ਹੈਡਮਾਸਟਰ ਸਾਹਿਬ ਨੇ ਬਰਸਰ ਅਤੇ ਸੀਨੀਅਰ ਮਾਸਟਰ ਵੱਲ ਹੈਰਾਨੀ ਦੇਖਦੇ ਹੋਏ ਕਿਹਾ, ” ਹਾਉ ਮੈਨੀ ਗਿੱਲਸ ਆਰ ਇਨ ਦਾ ਸਕੂਲ?”
“ਸਰ, ਦਿਅਰ ਇਜ਼ ਓਨਲੀ ਵਨ ਗਿੱਲ ਇਨ ਅਵਰ ਸਕੂਲ!” ਬਰਸਰ ਨੇ ਹੱਸਦੇ ਹੋਏ ਕਿਹਾ।
“ਯੂ ਮੀਨ ਓਨਲੀ ਵਨ ਮੈਨ ਇਜ਼ ਕੋਚਿੰਗ ਆਲ ਦੀਸ ਗੇਮਜ਼?”
“ਯਸ ਸਰ”, ਬਰਸਰ ਦਾ ਜਵਾਬ ਸੀ।
“ਮੈਂ ਮਿਸਟਰ ਗਿੱਲ ਨੂੰ ਮਿਲਣਾ ਚਾਹੁੰਦਾ ਹਾਂ।” ਇਹ ਕਹਿੰਦੇ ਉਹ ਅੱਗੇ ਚੱਲ ਪਏ।
ਉਨੀ ਦੇਰ ਨੂੰ ਹੀ ਸਾਹਮਣਿਓ ਢਿਲਕਵਾਂ ਜਿਹਾ ਟਰੈਕ ਸੂਟ ਪਾਈ, ਪੈਰਾਂ ਵਿਚ ਮਿੱਟੀ ਨਾਲ ਭਰੇ ਪੀ ਟੀ ਬੂਟ(ਗਰਾਊਂਡ ਵਿਚ ਗਰਾਊਂਡ ਮੈਨਾਂ ਤੋਂ ਕੋਲ ਖੜ ਕੇ ਕੰਮ ਕਰਵਾਉਣ ਕਰਕੇ), ਸਿਰ ਤੇ ਫਿਡੀ ਜਿਹੀ ਪੱਗ ਅਤੇ ਅੱਧੀ ਬੰਨੀ ਅਤੇ ਅੱਧੀ ਖੁੱਲ੍ਹੀ ਦਾਹੜੀ ਵਾਲਾ ਤਕਰੀਬਨ ਛੇ ਫੁੱਟ ਦਾ ਮਸਤ-ਚਾਲ ਤੁਰਦਾ ਇਕ ਚਾਲੀ ਕੁ ਸਾਲ ਦਾ ਮਸਤ-ਮੌਲਾ ਆਦਮੀ ਗਰਾਊਂਡ ਵਿਚ ਦਾਖਲ ਹੋਇਆ। ਦੂਰ ਖੜੇ ਦੋ ਗਰਾਊਂਡ ਮੈਨਾਂ ਨੇ ਦੂਰੋਂ ਹੀ ਉਹਨਾਂ ਨੂੰ ਸਲੂਟ ਜਿਹਾ ਮਾਰਿਆ। ਉਹਨਾਂ ਨੂੰ ਦੇਖ ਕੇ ਬਰਸਰ ਸਾਹਿਬ ਅਤੇ ਸੀਨੀਅਰ ਮਾਸਟਰ ਹੱਸ ਪਏ ਅਤੇ ਸੀਨੀਅਰ ਮਾਸਟਰ ਨੇ ਕਿਹਾ, “ਸਰ, ਹੀ ਇਜ਼ ਮਿਸਟਰ ਗਿੱਲ।”
ਬਰਸਰ ਸਾਹਿਬ ਨੇ ਦੂਰੋਂ ਹੀ ਗਿੱਲ ਸਾਹਿਬ ਨੂੰ ਹੱਥ ਦੇ ਇਸ਼ਾਰੇ ਨਾਲ ਆਪਣੇ ਕੋਲ ਬੁਲਾਇਆ। ਉਹਨਾਂ ਦਾ ਇਸ਼ਾਰਾ ਦੇਖ ਕੇ ਹੀ ਉਹ ਆਦਮੀ ਭੱਜ ਕੇ ਉਹਨਾਂ ਕੋਲ ਪਹੁੰਚ ਗਿਆ ਅਤੇ ਅੱਧਾ ਫੌਜੀ ਸਲੂਟ ਅਤੇ ਅੱਧਾ ਪੰਜਾਬੀਆਂ ਦੇ ਬਿਨਾਂ ਹੱਥ ਜੋੜੇ ਤੋਂ ਸੱਤ ਸ੍ਰੀ ਅਕਾਲ ਕਹਿਣ ਦੇ ਅੰਦਾਜ ‘ਚ ਆਪਣਾ ਸੱਜਾ ਹੱਥ ਮੱਥੇ ਕੋਲ ਲੈ ਗਿਆ।
ਉਪਰੋਕਤ ਦ੍ਰਿਸ਼ ਕਿਸੇ ਮਨੋ ਕਲਪਤ ਕਹਾਣੀ, ਨਾਵਲ ਜਾਂ ਪੰਜਾਬੀ ਫਿਲਮ ਦਾ ਨਹੀਂ ਸਗੋਂ ਪੰਜਾਬ ਦੇ ਹੀ ਨਹੀਂ ਦੇਸ਼ ਦੇ ਸਿਰਮੌਰ ਰਿਹਾਇਸ਼ੀ ਸਕੂਲ ਪੰਜਾਬ ਪਬਲਿਕ ਸਕੂਲ , ਨਾਭਾ ਵਿਚ ਵਾਪਰੀ ਸੱਚੀ ਘਟਨਾ ਹੈ, ਜਦੋਂ ਸਕੂਲ ਦੇ ਫਾਊਂਡਰ ਹੈਡਮਾਸਟਰ ਸ੍ਰੀ ਜੇ ਕੇ ਕਾਟੇ ਤੋਂ ਬਾਅਦ ਨਵੇਂ ਹੈਡਮਾਸਟਰ ਸ੍ਰੀ ਏ ਕੇ ਗੁਪਤਾ ਨੇ ਸਕੂਲ ਦੀ ਵਾਗਡੋਰ ਸੰਭਾਲੀ ਸੀ। ਉਸ ਤੋਂ ਬਾਅਦ ਕਈ ਖੇਡਾਂ ਦਾ ਇਕਲੌਤਾ ਕੋਚ ਪੀ ਐਸ ਗਿੱਲ( ਸ੍ਰੀ ਪ੍ਰੀਤਮ ਸਿੰਘ ਗਿੱਲ) ਨੇ ਸਕੂਲ ਦੇ ਚਾਰ ਹੈਡਮਾਸਟਰ ਸਹਿਬਾਨ ਨਾਲ ਆਪਣੀਆਂ ਸੇਵਾਵਾਂ ਤਨਦੇਹੀ ਨਾਲ ਨਿਭਾਈਆਂ। ਉਹਨਾਂ ਫੌਜ ਵਿਚੋਂ ਰਿਟਾਇਰਮੈਂਟ ਲੈਣ ਤੋਂ ਬਾਅਦ ਤਕਰੀਬਨ ਤਿੰਨ ਦਹਾਕੇ(1967 ਤੋਂ 1995 ਤੱਕ) ਪੀ ਪੀ ਐਸ ਵਿਚ ਪੀ ਟੀ ਆਈ/ਕੋਚ ਦੇ ਤੌਰ ਤੇ ਕੰਮ ਕੀਤਾ।
ਪੀ ਪੀ ਐਸ ਦੇ ਇਸ ਬਾਬਾ ਬੋਹੜ ਦੀ ਖਾਸੀਅਤ ਇਹ ਰਹੀ ਕਿ ਉਹਨਾਂ ਨੂੰ ਬੱਚਿਆਂ ਨੂੰ ਕਦੇ ਵੀ ਸਜਾ ਦੇਣ ਦੀ ਲੋੜ ਨਹੀਂ ਪਈ , ਦੂਰੋ ਹੀ ਸਿਰਫ ਉਹਨਾਂ ਦੀ ਇਕ ਝਲਕ ਦੇਖ ਕੇ ਵਿਦਿਆਰਥੀ ਸੁਚੇਤ ਹੋ ਜਾਂਦੇ। ਵੱਧ ਤੋਂ ਵੱਧ ਉਹ ਜਦੋਂ ਕਿਸੇ ਵਿਦਿਆਰਥੀ ਨੂੰ “ਓਏ ਬਲਡੀਫੁੱਲਾ” ਕਹਿੰਦੇ ਤਾਂ ਬਾਕੀ ਵਿਦਿਆਰਥੀਆਂ ਨੂੰ ਪਤਾ ਲੱਗ ਜਾਂਦਾ ਕਿ ਗਿੱਲ ਸਰ ਗੁੱਸੇ ਵਿਚ ਹਨ। ਸਵੇਰੇ ਜਦੋਂ ਪੀ ਟੀ ਕਰਵਾਉਣ ਆਉਂਦੇ ਤਾਂ ਅੱਡ-ਅੱਡ ਹਾਊਸਾਂ ਦੇ ਵਿਦਿਆਰਥੀਆਂ ਨੂੰ ਦੇਖ ਕੇ ਹੀ ਉਹ ਅੰਦਾਜਾ ਲਾ ਲੈਂਦੇ ਕਿ ਅਜੇ ਪੂਰੇ ਬੱਚੇ ਹਾਊਸ ਵਿਚੋਂ ਨਹੀਂ ਆਏ। ਜਦੋਂ ਉਹਨਾਂ ਨੇ ਹੱਥ ਵਿਚ ਫੜੀ ਛੋਟੀ ਜਿਹੀ ਛਟੀ ਨੂੰ ਘੁਮਾਉਂਦੇ ਸੰਬੰਧਤ ਹਾਊਸ ਕੋਲ ਪਹੁੰਚਣਾ ਤਾਂ ਵਿਦਿਆਰਥੀਆਂ ਨੇ ਇਕ ਦੂਜੇ ਤੋਂ ਪਹਿਲਾਂ ਭੱਜਦੇ ਹੋਏ ਮੈਸ ਦੇ ਸਾਹਮਣੇ ਆ ਜਾਣਾ।
ਸਕੂਲ ਦੇ ਸਲਾਨਾ ਸਮਾਗਮ (ਸਕੂਲ ਫਾਊਂਡਰਸ ਡੇ) ਵਾਲੇ ਦਿਨ ਉਹਨਾਂ ਵੱਲੋਂ ਦੋ ਸੌ ਤੋਂ ਵੱਧ ਵਿਦਿਆਰਥੀਆਂ ਦੀ ਪੀ ਟੀ ਦੀ ਇਕਸਾਰਤਾ ਅਤੇ ਜਿਮਨਾਸਟਿਕ ਕਰਦੇ ਵਿਦਿਆਰਥੀਆਂ ਦੀ ਚੁਸਤੀ ਫੁਰਤੀ ਦੇਖ ਮੁੱਖ ਮਹਿਮਾਨ ਅਤੇ ਦਰਸ਼ਕ ਮੂੰਹ ਵਿਚ ਉਂਗਲੀਆਂ ਦੇਣ ਤੇ ਮਜਬੂਰ ਹੋ ਜਾਂਦੇ। ਮੈਨੂੰ ਯਾਦ ਹੈ ਕਿ ਇਕ ਬਾਰ ਫਾਊਂਡਰਸ ਡੇ ਤੇ ਪੀ ਟੀ ਦੌਰਾਨ ਪੁਲਿਸ ਦੇ ਦੋ ਅਫਸਰ ਮੇਰੇ ਕੋਲ ਹੀ ਖੜੇ ਸੀ। ਪੀ ਟੀ ਦੀ ਬੱਝਵੀਂ ਤਾਲ ਦੇਖ ਕੇ ਇਕ ਪੁਲਸ ਵਾਲਾ ਦੂਜੇ ਨੂੰ ਕਹਿੰਦਾ, “ਦੇਖ, ਜਿਹੜੀ ਪੀ ਟੀ ਆਪਾਂ ਟਰੇਨਿੰਗ ਵੇਲੇ ਫਿਲੌਰ ਕਰਦੇ ਹੁੰਦੇ ਸੀ, ਬਿਲਕੁਲ ਉਹੀ ਹੈ। ਕਮਾਲ ਹੈ ਇਹ ਸਕੂਲ, ਅਜਿਹੀ ਵਧੀਆ ਪੀ ਟੀ।” ਜਿਮਨਾਸਟਿਕ ਦੇਖ ਕੇ ਤਾਂ ਉਹ ਹੋਰ ਵੀ ਹੈਰਾਨ ਹੋ ਗਏ। ਜਿਮਨਾਸਟਿਕ ਸਟੈਂਡ ਤੇ ਰੱਖੇ ਅੱਗ ਗੋਲੇ ਵਿਚੋਂ ਜਿਮਨਾਸਟ ਜਦੋਂ ਇਕ ਤੋਂ ਬਾਅਦ ਇਕ ਛਾਲਾਂ ਮਾਰਦੇ ਤਾਂ ਇਹ ਦ੍ਰਿਸ਼ ਦਰਸ਼ਕਾਂ ਨੂੰ ਸੁਪਨੇ ਦੀ ਤਰਾਂ ਲੱਗਦਾ।
ਉਹਨਾਂ ਦੀ ਤੈਰਾਕੀ ਦੀ ਮੁਹਾਰਤ ਕਮਾਲ ਦੀ ਸੀ। ਸਵੀਮਿੰਗ ਪੂਲ ਵਿਚ ਉਹ ਜਦੋਂ ਕਿਸੇ ਨਵੇਂ ਬੱਚੇ ਨੂੰ ਤੈਰਾਕੀ ਸਿਖਾ ਰਹੇ ਹੁੰਦੇ ਤਾਂ ਅਜਿਹੀ ਹੱਲਾਸ਼ੇਰੀ ਦਿੰਦੇ ਕਿ ਬੱਚਾ ਦੂਜੇ ਤੀਜੇ ਦਿਨ ਹੀ ਡੀਪ ਐਂਡ ਵਿਚ ਤਾਰੀਆਂ ਲਾ ਰਿਹਾ ਹੁੰਦਾ। ਤੈਰਾਕੀ ਵਿਚ ਉਹਨਾਂ ਦੇ ਕਈ ਸ਼ਾਗਿਰਦ ਰਾਸ਼ਟਰੀ ਪੱਧਰ ਤੱਕ ਪਹੁੰਚੇ। ਉਹ ਨੇ ਤੈਰਾਕੀ ਦੇ ਨਾਲ-ਨਾਲ ਬੱਚਿਆਂ ਨੂੰ ਲਾਈਫ ਗਾਰਡ ਦੀ ਸਿਖਲਾਈ ਵੀ ਦਿੱਤੀ। ਬੱਚਿਆਂ ਨੂੰ ਤਾਂ ਉਹਨਾਂ ਨੇ ਤੈਰਾਕੀ ਸਿਖਾਉਣੀ ਹੀ ਹੁੰਦੀ ਸੀ, ਸਕੂਲ ਦੇ ਅੱਧੇ ਤੋਂ ਵੱਧ ਅਧਿਆਪਕਾਂ ਅਤੇ ਉਹਨਾਂ ਦੀਆਂ ਜੀਵਨ ਸਾਥਣਾਂ ਨੂੰ ਵੀ ਵਧੀਆ ਤੈਰਾਕੀ ਸਿਖਾਈ। ਇਸ ਸੰਬੰਧੀ ਇਕ ਦਿਲਚਸਪ ਘਟਨਾ ਯਾਦ ਆ ਰਹੀ ਹੈ। ਸਾਕਾ ਨੀਲਾ ਤਾਰਾ ਕਰਕੇ ਸਕੂਲ ਕਈ ਦਿਨ ਬੰਦ ਰਿਹਾ। ਇਹਨਾਂ ਛੁੱਟੀਆਂ ਦੌਰਾਨ ਉਹਨਾਂ ਨੇ ਸ੍ਰੀਮਤੀ ਗਿੱਲ ਨੂੰ ਤੈਰਾਕੀ ਸਿਖਾ ਦਿੱਤੀ।
ਇਕ ਦਿਨ ਉਹਨਾਂ ਨੇ ਇਸ ਗੱਲ ਦਾ ਜਿਕਰ ਸ਼ਾਮ ਨੂੰ ਸਕੂਲ ਦੇ ਅਧਿਆਪਕਾਂ ਦੀ ਕਲੌਨੀ ਵਿਚ ਸੈਰ ਕਰਦੇ ਹੋਏ ਕੀਤਾ। ਇਕ ਅਧਿਆਪਕ (ਸਵਰਗਵਾਸੀ) ਬਾਂਸਲ ਸਾਹਿਬ ਇਹ ਗੱਲ ਮੰਨਣ ਲਈ ਤਿਆਰ ਨਹੀਂ ਸੀ ਕਿ ਗਿੱਲ ਸਾਹਿਬ ਦੀ ਸ੍ਰੀਮਤੀ ਜੀ ਨੇ ਸਵੀਮਿੰਗ ਸਿਖ ਲਈ ਹੈ, ਉਹ ਵੀ ਡੀਪ ਐਂਡ ਵਿਚ ਸਵੀਮਿੰਗ ਕਰਦੇ ਹਨ। ਦੋਹਾਂ ਦੀ ਸ਼ਰਤ ਲੱਗ ਗਈ। ਸ਼ਾਮ ਵੇਲੇ ਬਾਂਸਲ ਸਾਹਿਬ ਸਵੀਮਿੰਗ ਪੂਲ ਪਹੁੰਚ ਗਏ। ਮਿਸਿਜ਼ ਗਿੱਲ ਨੇ ਸ਼ੈਲੋ ਐਂਡ ਤੋਂ ਡੀਪ ਐਂਡ ਤੱਕ ਬਿਨਾ ਰੁਕੇ ਇਕ ਨਹੀਂ ਸਗੋਂ ਤਿੰਨ-ਚਾਰ ਲੈਂਥਾਂ ਲਾਈਆਂ। ਉਸੇ ਸ਼ਾਮ ਬਾਂਸਲ ਸਾਹਿਬ ਨੇ ਗਿੱਲ ਸਾਹਿਬ ਦੇ ਘਰ ਜਾ ਕੇ ਦੋ ਬੋਤਲਾਂ ਉਹਨਾਂ ਦੇ ਮੇਜ਼ ਤੇ ਜਾ ਰੱਖੀਆਂ।
ਗਿੱਲ ਸਾਹਿਬ ਹੱਸਦੇ ਹੋਏ ਕਹਿਣ ਲੱਗੇ ਕਿ ਸ਼ਰਤ ਤਾਂ ਇਕ ਬੋਤਲ ਦੀ ਸੀ, ਦੋ ਕਿਉਂ? ਬਾਂਸਲ ਸਾਹਿਬ ਹੱਸਦੇ ਕਹਿਣ ਲੱਗੇ ਦੂਜੀ ਇਸ ਲਈ ਕਿ ਹੁਣ ਮਿਸਿਜ ਬਾਂਸਲ ਨੂੰ ਸਵੀਮਿੰਗ ਸਿਖਾਉਣੀ ਹੈ। ਪੰਜ-ਚਾਰ ਦਿਨਾਂ ਵਿਚ ਸ੍ਰੀਮਤੀ ਬਾਂਸਲ ਵੀ ਡੀਪ ਐਂਡ ਦੇ ਤੈਰਾਕਾਂ ਵਿਚ ਸ਼ਾਮਲ ਹੋ ਗਏ। ਉਹ ਜਦੋਂ ਕਿਸੇ ਸਿਖਾਂਦਰੂ ਤੈਰਾਕ ਨੂੰ ਪਹਿਲੀ ਬਾਰ ਡੀਪ ਐਂਡ ਵੱਲ ਲੈ ਕੇ ਜਾਂਦੇ ਤਾਂ ਉਸ ਦੇ ਨਾਲ ਆਪ ਵੀ ਹੁੰਦੇ, ਪਰ ਇਸ ਤਰਾਂ ਲੱਗਦਾ ਜਿਵੇਂ ਆਪ ਉਹ ਤੈਰ ਨਾ ਰਹੇ ਹੋਣ ਬਲਕਿ ਪਾਣੀ ਦੇ ਅੰਦਰ ਹੌਲੀ-ਹੌਲੀ ਤੁਰ ਰਹੇ ਹੋਣ।
ਉਹਨਾਂ ਦਾ ਬੇਟਾ ਪੰਜਾਬ ਤੋਂ ਇੰਜੀਨੀਅਰਿੰਗ ਕਰਕੇ ਅੱਜ ਕੱਲ੍ਹ ਅਮਰੀਕਾ ਵਿਚ ਜਹਾਜ ਬਣਾਉਣ ਵਾਲੀ ਕੰਪਨੀ ਵਿਚ ਵਧੀਆ ਸੈਟ ਹੈ ਅਤੇ ਬੇਟੀ ਦਾ ਅਮਰੀਕਾ ਵਿਚ ਆਪਣਾ ਵੈਟਨਰੀ ਹਸਪਤਾਲ ਹੈ। ਉਹ ਆਪ ਸਰੀ(ਕੈਨੇਡਾ) ਰਹਿ ਰਹੇ ਹਨ, ਪਰ ਆਏ ਸਾਲ ਨਾਭੇ ਦਾ ਚੱਕਰ ਜਰੂਰ ਲਾਉਂਦੇ ਹਨ। ਸਰੀ ਵਿੱਚ ਉਹਨਾਂ ਦੇ ਪੁਰਾਣੇ ਵਿਦਿਆਰਥੀ ਉਹਨਾਂ ਨੂੰ ਅਕਸਰ ਹੀ ਮਿਲਦੇ ਰਹਿੰਦੇ ਹਨ। ਨਾਭਾ ਵਿਚ ਅੰਤਰ-ਰਾਸ਼ਟਰੀ ਪੱਧਰ ਦੇ ਲਿਬਰਲ ਹਾਕੀ ਟੂਰਨਾਮੈਂਟ ਨਾਲ ਉਹ ਸ਼ੁਰੂ ਤੋਂ ਹੀ ਜੁੜੇ ਹੋਏ ਹਨ। ਕੈਨੇਡਾ ਤੋਂ ਆਉਂਦੇ ਹੋਏ ਉਹ ਇਸ ਟੂਰਨਾਮੈਂਟ ਲਈ ਮਾਇਆ ਵੀ ਇਕੱਠੀ ਕਰਕੇ ਲਿਆਉਂਦੇ ਹਨ।
ਉਹਨਾਂ ਦੀ ਜਾਣ-ਪਹਿਚਾਣ ਦਾ ਘੇਰਾ ਬਹੁਤ ਵਿਸ਼ਾਲ ਹੈ। ਉਹਨਾਂ ਦੇ ਕਈ ਸਾਬਕਾ ਵਿਦਿਆਰਥੀ ਐਮ ਐਲ ਏ, ਐਮ ਪੀ, ਅਤੇ ਮਨਿਸਟਰ ਰਹੇ ਹਨ। ਪੰਜਾਬ ਦਾ ਅਜਿਹਾ ਕੋਈ ਕੋਨਾ ਨਹੀਂ ਜਿਥੇ ਗਿੱਲ ਸਾਹਿਬ ਦਾ ਕੋਈ ਵਿਦਿਆਰਥੀ ਨਾ ਹੋਵੇ। ਉਹਨਾਂ ਨੂੰ ਜੋ ਸਤਿਕਾਰ ਆਪਣੇ ਸਾਬਕਾ ਵਿਦਿਆਰਥੀਆਂ ਵੱਲੋਂ ਮਿਲਦਾ ਹੈ, ਉਹ ਕਾਬਲੇ ਰਸ਼ਕ ਹੈ। ਸਮਾਜ ਸੇਵਾ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਸਮੇਂ ਵੀ ਉਹ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ।
ਸਕੂਲ ਤੋਂ ਸੇਵਾ ਮੁਕਤੀ ਤੋਂ ਤਕਰੀਬਨ 25-26 ਸਾਲ ਬਾਅਦ, ਪੀ ਪੀ ਐਸ ਦੇ 62ਵੇਂ ਫਾਊਂਡਰਸ ਡੇਅ ਤੇ ਉਹਨਾਂ ਨੂੰ ਪੰਜਾਬ ਦੇ ਰਾਜਪਾਲ ਵੱਲੋਂ ‘ਲਾਈਫ ਟਾਈਮ ਅਚੀਵਮੈਂਟ ਐਵਾਰਡ ‘ ਨਾਲ ਸਨਮਾਨਿਤ ਕੀਤਾ ਗਿਆ ਹੈ( 21 ਨਵੰਬਰ 2022)। ਇਸ ਸਨਮਾਨ ਦੇ ਉਹ ਸਹੀ ਹੱਕਦਾਰ ਹਨ। ਅਸਲ ਵਿਚ ਇਹ ਸਨਮਾਨ ਉਹਨਾਂ ਨੂੰ ਬਹੁਤ ਪਹਿਲਾਂ ਮਿਲ ਜਾਣਾ ਚਾਹੀਦਾ ਸੀ। ਉਮਰ ਦੇ ਨੌਵੇਂ ਦਹਾਕੇ ਤੇ ਦਸਤਕ ਦੇ ਰਹੇ ਗਿੱਲ ਸਾਹਿਬ ਲਈ, ਪੀ ਪੀ ਐਸ ਪਰਿਵਾਰ ਨਾਲ ਜੁੜਿਆ ਹਰ ਕੋਈ ਉਹਨਾਂ ਦੀ ਤੰਦਰੁਸਤੀ ਅਤੇ ਲੰਬੀ ਉਮਰ ਦੀ ਦੁਆ ਕਰਦਾ ਹੈ। ਆਮੀਨ।
ਰਵਿੰਦਰ ਸਿੰਘ ਸੋਢੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly