ਅਦਾਕਾਰ ਔਲਖ ਨਾਲ 42 ਲੱਖ ਦੀ ‘ਠੱਗੀ’

ਪੰਜਾਬੀ ਅਤੇ ਹਿੰਦੀ ਫ਼ਿਲਮਾਂ ਦੀ ਉੱਘੀ ਹਸਤੀ ਦਰਸ਼ਨ ਔਲਖ ਦੇ ਨਾਲ ਪਿੰਡ ਨਵਾਂ ਗਰਾਓਂ (ਕਰੋਰਾਂ) ਵਿੱਚ ਜ਼ਮੀਨ ਦੀ ਖ਼ਰੀਦੋ ਫ਼ਰੋਖ਼ਤ ਦੇ ਨਾਂ ’ਤੇ 42 ਲੱਖ ਰੁਪਏ ਦੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜ਼ਿਲ੍ਹਾ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਮੁੱਢਲੀ ਜਾਂਚ ਤੋਂ ਬਾਅਦ ਹਰਚੰਦ ਸਿੰਘ ਨਾਂ ਦੇ ਵਿਅਕਤੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਲੀਸ ਵੱਲੋਂ ਗਮਾਡਾ ਦੇ ਮੁੱਖ ਪ੍ਰਸ਼ਾਸਕ ਅਤੇ ਨਗਰ ਕੌਂਸਲ ਨਵਾਂ ਗਰਾਓਂ ਦੇ ਕਾਰਜਸਾਧਕ ਅਫ਼ਸਰ ਤੋਂ ਕਲੋਨੀ ਸਬੰਧੀ ਰਿਪੋਰਟ ਤਲਬ ਕੀਤੀ ਹੈ। ਸਰਕਾਰ ਦੇ ਇਨ੍ਹਾਂ ਦੋਵੇਂ ਅਦਾਰਿਆਂ ਦੀਆਂ ਰਿਪੋਰਟਾਂ ਅਨੁਸਾਰ ਇਹ ਕਲੋਨੀ ਪੰਜਾਬ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਨਹੀਂ ਹੈ।
ਇਸ ਸਬੰਧੀ ਦਰਸ਼ਨ ਔਲਖ ਨੇ ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਹਿਲ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਹ ਮਕਾਨ ਬਣਾਉਣ ਲਈ ਲੋੜੀਂਦੀ ਜਗ੍ਹਾ ਦੀ ਭਾਲ ਕਰ ਰਿਹਾ ਸੀ। ਇਸ ਦੌਰਾਨ ਹਰਚੰਦ ਸਿੰਘ ਨੇ ਉਸ ਨੂੰ ਕਿਹਾ ਕਿ ਪੁੱਡਾ ਤੋਂ ਮਨਜ਼ੂਰਸ਼ੁਦਾ ਅਤੇ ਤਕਸੀਮ ਕੀਤਾ ਹੋਇਆ 8 ਮਰਲੇ ਦਾ ਰਿਹਾਇਸ਼ੀ ਪਲਾਟ ਉਪਲਬਧ ਹੈ। ਇਸ ਪਲਾਟ ਦਾ 42 ਲੱਖ ਵਿੱਚ ਸੌਦਾ ਤੈਅ ਹੋਇਆ ਸੀ ਜਿਸ ਦੀ ਹਰਚੰਦ ਸਿੰਘ ਨੇ ਰਜਿਸਟਰੀ ਵੀ ਕਰਵਾ ਦਿੱਤੀ ਸੀ। ਔਲਖ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਇਹ ਥਾਂ 8 ਮਰਲੇ ਤੋਂ ਘੱਟ ਹੈ ਅਤੇ ਬਰਸਾਤੀ ਨਾਲੇ ਵਿੱਚ ਆਉਂਦੀ ਹੈ। ਜਦੋਂ ਇਸ ਬਾਰੇ ਪਲਾਟ ਵੇਚਣ ਵਾਲੇ ਨੂੰ ਪੁੱਛਿਆ ਤਾਂ ਉਸ ਨੇ ਭਰੋਸਾ ਦਿੱਤਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਅਤੇ ਉਹ ਇਸ ਨੂੰ ਪੁੱਡਾ ਤੋਂ ਸਹੀ ਢੰਗ ਨਾਲ ਮਨਜ਼ੂਰ ਕਰਵਾ ਕੇ ਦੇਵੇਗਾ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ 6-7 ਸਾਲ ਉਨ੍ਹਾਂ ਨੂੰ ਝੂਠੇ ਲਾਰੇ ਲਗਾਉਂਦਾ ਰਿਹਾ ਅਤੇ ਹੁਣ ਉਹ ਬਿਲਕੁਲ ਹੀ ਮੁਕਰ ਗਿਆ ਹੈ।
ਉਧਰ, ਜ਼ਿਲ੍ਹਾ ਪੁਲੀਸ ਮੁਖੀ ਨੇ ਮਾਮਲੇ ਦੀ ਜਾਂਚ ਈਓ ਵਿੰਗ ਨੂੰ ਸੌਂਪੀ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਇਹ ਤੱਥ ਸਾਹਮਣੇ ਆਏ ਕਿ ਹਰਚੰਦ ਸਿੰਘ ਅਤੇ ਮਨਜੀਤ ਸਿੰਘ ਨੇ 8 ਮਰਲੇ ਦੇ ਪਲਾਟ ਸਬੰਧੀ ਦਰਸ਼ਨ ਔਲਖ ਨੂੰ 16 ਮਈ 2011 ਨੂੰ ਇਕਰਾਰਨਾਮਾ ਕੀਤਾ ਅਤੇ 4 ਲੱਖ 30 ਹਜ਼ਾਰ ਰੁਪਏ ਪ੍ਰਤੀ ਮਰਲਾ ਦੇ ਹਿਸਾਬ ਨਾਲ 34 ਲੱਖ 40 ਹਜ਼ਾਰ ਰੁਪਏ ਵਸੂਲ ਕੀਤੇ ਸਨ। ਇਸ ਮਗਰੋਂ 27 ਮਈ ਨੂੰ 8 ਮਰਲੇ ਤੋਂ ਘੱਟ ਜਗ੍ਹਾ ਦੀ ਰਜਿਸਟਰੀ ਕਰਵਾਈ ਗਈ। ਪੀੜਤ ਦਰਸ਼ਨ ਔਲਖ ਨੇ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਸ ਦੇ ਪੈਸੇ ਵਾਪਸ ਕਰਵਾਏ ਜਾਣ।

Previous articleਸਿਹਤ ਮੰਤਰੀ ਦੀ ਕੋਠੀ ਦੇ ਘਿਰਾਓ ਲਈ ਆਈਆਂ ਆਸ਼ਾ ਵਰਕਰਾਂ ਪੁਲੀਸ ਨੇ ਰੋਕੀਆਂ
Next articleਹੈਲੀਕਾਪਟਰ ਦੀ ਦੁਰਵਰਤੋਂ ਦੇ ਮਾਮਲੇ ਵਿੱਚ ਇਮਰਾਨ ਖ਼ਾਨ ਤੋਂ ਪੁੱਛਗਿੱਛ